
ਪਟਿਆਲਾ, 18 ਦਸੰਬਰ : ਜਬਰ ਜਨਾਹ ਦੇ ਮਾਮਲੇ ’ਚ ਨਾਮਜ਼ਦ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ’ਚ ਪੇਸ਼ਗੀ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਹੈ। ਫ਼ਿਲਹਾਲ, ਉਨ੍ਹਾਂ ਦੀ ਜ਼ਮਾਨਤ ਪਟੀਸ਼ਨ ’ਤੇ ਸੁਣਵਾਈ ਲਈ ਬੈਂਚ ਤੈਅ ਨਹੀਂ ਹੋ ਸਕਿਆ ਹੈ। ਪਟਿਆਲਾ ਦੇ ਐਡਵੋਕੇਟ ਵਿਕਰਮ ਭੁੱਲਰ ਤੇ ਸਰਬਜੀਤ ਸੱਗੂ ਨੇ ਦੱਸਿਆ ਕਿ ਕੋਰਟ ਦੀ ਹੜਤਾਲ ਕਾਰਨ ਬੈਂਚ ਤੈਅ ਨਹੀਂ ਹੋ ਸਕਿਆ ਹੈ, ਪਰ ਉਮੀਦ ਹੈ ਕਿ ਸ਼ੁੱਕਰਵਾਰ ਤੋਂ ਪਹਿਲਾਂ ਸਥਿਤੀ ਸਪੱਸ਼ਟ ਹੋ ਜਾਵੇਗੀ। ਵਿਧਾਇਕ ਪਠਾਣਮਾਜਰਾ ਨੇ ਪਹਿਲਾਂ ਪਟਿਆਲਾ ਸੈਸ਼ਨ ਕੋਰਟ ’ਚ ਪਟੀਸ਼ਨ ਲਾਈ ਸੀ, ਜੋ ਅਕਤੂਬਰ ’ਚ ਖ਼ਾਰਜ ਹੋ ਗਈ ਸੀ। ਹੁਣ ਲਗਪਗ ਦੋ ਮਹੀਨੇ ਬਾਅਦ ਹਾਈ ਕੋਰਟ ’ਚ ਪਟੀਸ਼ਨ ਦਾਇਰ ਕੀਤੀ ਗਈ ਹੈ, ਜਿਸ ’ਚ ਵਕੀਲਾਂ ਨੇ ਤਰਕ ਦਿੱਤਾ ਹੈ ਕਿ ਸ਼ਿਕਾਇਤਕਰਤਾ ਔਰਤ ਪਹਿਲਾਂ ਵਿਧਾਇਕ ਦੀ ਪਤਨੀ ਹੋਣ ਦਾ ਦਾਅਵਾ ਕਰ ਰਹੀ ਸੀ, ਤੇ ਹੁਣ ਜਬਰ ਜਨਾਹ ਦਾ ਮਾਮਲਾ ਦਰਜ ਕਰਵਾਇਆ ਹੈ, ਜੋ ਸਿਆਸਤ ਤੋਂ ਪ੍ਰੇਰਿਤ ਹੈ। ਉਥੇ ਪਠਾਣਮਾਜਰਾ ਦੇ ਇਨ੍ਹੀਂ ਦਿਨੀਂ ਆਸਟ੍ਰੇਲੀਆ ’ਚ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਜਦਕਿ ਪੁਲਿਸ ਇਸ ਮਾਮਲੇ ’ਚ ਲੁਕਆਊਟ ਨੋਟਿਸ ਜਾਰੀ ਕਰ ਚੁੱਕੀ ਸੀ। ਜ਼ੀਰਕਪੁਰ ਦੀ ਇਕ ਔਰਤ ਨੇ ਸ਼ਿਕਾਇਤ ’ਚ ਕਿਹਾ ਕਿ ਵਿਧਾਇਕ ਨੇ ਖ਼ੁਦ ਨੂੰ ਤਲਾਕਸ਼ੁਦਾ ਦੱਸ ਕੇ ਉਸ ਨਾਲ ਸਬੰਧ ਬਣਾਏ ਤੇ 2021 ’ਚ ਵਿਆਹ ਕੀਤਾ, ਜਦਕਿ ਉਹ ਪਹਿਲਾਂ ਤੋਂ ਵਿਆਹਿਆ ਹੋਇਆ ਸੀ। ਔਰਤ ਦਾ ਦੋਸ਼ ਹੈ ਕਿ ਵਿਧਾਇਕ ਨੇ ਉਸ ਦੇ ਨਾਲ ਜਬਰ ਜਨਾਹ ਕੀਤਾ ਤੇ ਧੋਖਾ ਕੀਤਾ ਸੀ। ਐੱਫਆਈਆਰ ਦਰਜ ਕਰਨ ਤੋਂ ਬਾਅਦ ਵਿਧਾਇਕ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਿਸ ਟੀਮ ਹਰਿਆਣਾ ਦੇ ਕਰਨਾਲ ਦੇ ਪਿੰਡ ਡਬਰੀ ’ਚ ਛਾਪਾ ਮਾਰਨ ਪੁੱਜੀ ਸੀ, ਜਿੱਥੋਂ ਉਨ੍ਹਾਂ ਨੇ ਪੁਲਿਸ ਹਿਰਾਸਤ ਤੋਂ ਫ਼ਰਾਰ ਦੇ ਮਾਮਲੇ ’ਚ ਵੱਖ ਤੋਂ ਐੱਫਆਈਆਰ ਦਰਜ ਕੀਤੀ।



