
ਤਰਨਤਾਰਨ, 12 ਅਕਤੂਬਰ : ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਸੈਟਲਾਈਟ ਰਾਂਹੀ ਤਰਨਤਾਰਨ ਜ਼ਿਲ੍ਹੇ ਵਿਚ ਪਰਾਲੀ ਸਾੜੇ ਜਾਣ ਦੀਆਂ ਅੱਠ ਲੁਕੇਸ਼ਨਾਂ ਨੂੰ ਟਰੇਸ ਕੀਤਾ ਹੈ। ਇਸ ਦੀ ਜਾਣਕਾਰੀ ਸਥਾਨਕ ਪ੍ਰਸ਼ਾਸਨ ਨੂੰ ਦਿੱਤੇ ਜਾਣ ਤੋਂ ਬਾਅਦ ਜ਼ਿਲ੍ਹਾ ਪੁਲਿਸ ਨੇ ਵੱਖ ਵੱਖ ਥਾਣਿਆਂ ਵਿਚ ਅਣਪਛਾਤਿਆਂ ਖਿਲਾਫ ਅੱਠ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਝਬਾਲ ਦੇ ਏਐੱਸਆਈ ਸਵਿੰਦਰ ਸਿੰਘ ਨੇ ਦੱਸਿਆ ਕਿ ਠੱਠਗੜ੍ਹ ਇਲਾਕੇ ਵਿਚ ਪਰਾਲੀ ਸਾੜੇ ਜਾਣ ਸਬੰਧੀ ਮਿਲੀ ਸੂਚਨਾ ਦੇ ਅਧਾਰ ’ਤੇ ਕਾਰਵਾਈ ਕੀਤੀ ਗਈ ਹੈ। ਇਸੇ ਤਰ੍ਹਾਂ ਏਐੱਸਆਈ ਕੁਲਦੀਪ ਸਿੰਘ ਨੇ ਪਿੰਡ ਪੰਜਵੜ੍ਹ ਇਲਾਕੇ ਵਿਚ ਪਰਾਲੀ ਸਾੜੇ ਜਾਣ ਸਬੰਧੀ ਕਾਰਵਾਈ ਕੀਤੀ। ਜਦੋਂਕਿ ਥਾਣਾ ਵੈਰੋਂਵਾਲ ਦੇ ਏਐੱਸਆਈ ਸੁਖਵੰਤ ਸਿੰਘ, ਪਿਆਰਾ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਕ੍ਰਮਵਾਰ ਪਿੰਡ ਜਵੰਦਪੁਰ, ਖੋਜਕੀਪੁਰ, ਵੈਰੋਂਵਾਲ ਅਤੇ ਸੰਘਰ ਕੋਟ ਵਿਚ ਪਰਾਲੀ ਸਾੜ੍ਹੇ ਜਾਣ ਸਬੰਧੀ ਸੈੱਟਲਾਈਟ ਤੋਂ ਮਿਲੀ ਸੂਚਨਾ ਦੇ ਅਧਾਰ ’ਤੇ ਅਣਪਛਾਤਿਆਂ ਵਿਰੁੱਧ ਚਾਰ ਕੇਸ ਦਰਜ ਕੀਤੇ ਹਨ। ਇਸ ਤੋਂ ਇਲਾਵਾ ਥਾਣਾ ਸਰਾਏ ਅਮਾਨ ਥਾਂ ਦੇ ਏਐੱਸਆਈ ਬਾਰਾ ਸਿੰਘ ਵੱਲੋਂ ਪਿੰਡ ਗੰਡੀਵਿੰਡ ਦੇ ਇਲਾਕੇ ਵਿਚ ਪਰਾਲੀ ਸਾੜੇ ਜਾਣ ਸਬੰਧੀ ਅਣਪਛਾਤੇ ਵਿਅਕਤੀ ਵਿਰੁੱਧ ਕਾਰਵਾਈ ਕੀਤੀ ਗਈ ਅਤੇ ਥਾਣਾ ਸਿਟੀ ਤਰਨਾਤਰਨ ਦੇ ਏਐੱਸਆਈ ਤਰਸੇਮ ਸਿੰਘ ਵੱਲੋਂ ਪਿੰਡ ਜੌਹਲ ਰਾਜੂ ਸਿੰਘ ਵਾਲਾ ’ਚ ਪਾਰਾਲੀ ਨੂੰ ਅੱਗ ਲਗਾਉਣ ਦੀ ਮਿਲੀ ਸੂਚਨਾ ਉੱਪਪਰ ਕਾਰਵਾਈ ਕੀਤੀ ਗਈ ਹੈ।



