
ਜਸਵਿੰਦਰ ਸਿੰਘ ਸੰਧੂ
ਚੰਡੀਗੜ੍ਹ, 24 ਮਾਰਚ : ਪੰਜਾਬ ਦੇ ਕਬੱਡੀ ਖਿਡਾਰੀ ਅਤੇ ਪ੍ਰਮੋਟਰ ਰਾਣਾ ਬਲਾਚੌਰੀਆ ਦੇ ਕਤਲ ਮਾਮਲੇ ‘ਚ ਮੋਹਾਲੀ ਪੁਲਿਸ ਨੇ ਚਾਰਜਸ਼ੀਟ ਦਾਇਰ ਕਰ ਦਿੱਤੀ ਹੈ। ਅੱਠ ਮੁਲਜ਼ਮਾਂ ਖ਼ਿਲਾਫ਼ ਕਤਲ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ, ਜਦਕਿ ਗੈਂਗਸਟਰ ਡੋਨੀ ਬਲ ਸਮੇਤ ਪੰਜ ਵਿਅਕਤੀਆਂ ਦੇ ਗ੍ਰਿਫਤਾਰੀ ਵਾਰੰਟ (ਅਰੈੱਸਟ ਵਾਰੰਟ) ਜਾਰੀ ਕੀਤੇ ਗਏ ਹਨ। ਮੋਹਾਲੀ ਜ਼ਿਲ੍ਹਾ ਅਦਾਲਤ ‘ਚ ਦਾਖਲ ਕੀਤੀ ਗਈ 350 ਪੰਨਿਆਂ ਦੀ ਚਾਰਜਸ਼ੀਟ ਵਿੱਚ 55 ਗਵਾਹ ਬਣਾਏ ਗਏ ਹਨ। ਬਾਕੀ ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਬਾਅਦ ਵਿੱਚ ਦਾਖਲ ਕੀਤੀ ਜਾਵੇਗੀ। ਜਿਨ੍ਹਾਂ ਅੱਠ ਮੁਲਜ਼ਮਾਂ ਖ਼ਿਲਾਫ਼ ਕਤਲ ਦੀਆਂ ਧਾਰਾਵਾਂ ਤਹਿਤ ਚਾਰਜਸ਼ੀਟ ਦਾਖਲ ਕੀਤੀ ਗਈ ਹੈ, ਉਨ੍ਹਾਂ ਵਿੱਚ ਜੁਗਰਾਜ ਸਿੰਘ, ਅਰਸ਼ਦੀਪ, ਮਨਦੀਪ ਸਿੰਘ ਮੋਨਾ, ਗਗਨਦੀਪ ਸਿੰਘ, ਅਕਾਸ਼ਦੀਪ, ਤਰਨਦੀਪ, ਦਵਿੰਦਰ ਉਰਫ਼ ਟਿੱਕਾ (ਟੈਕਸੀ ਚਾਲਕ) ਅਤੇ ਸ਼ੂਟਰ ਕਰਨ ਪਾਠਕ ਦੇ ਨਾਂ ਸ਼ਾਮਲ ਹਨ। ਇਸ ਤੋਂ ਇਲਾਵਾ, ਸ਼ੂਟਰ ਆਦਿਤਿਆ ਕਪੂਰ, ਗੈਂਗਸਟਰ ਬਲਜਿੰਦਰ ਉਰਫ਼ ਡੋਨੀ ਬਲ, ਅਰਵਿੰਦਰ ਸਿੰਘ, ਜਸ਼ਦੀਪ ਅਤੇ ਅਰਵਿੰਦਰਜੀਤ ਉਰਫ਼ ਮਨੀ ਖ਼ਿਲਾਫ਼ ਗ੍ਰਿਫਤਾਰੀ ਵਾਰੰਟ ਜਾਰੀ ਕਰਵਾਏ ਗਏ ਹਨ। ਜ਼ਿਕਰਯੋਗ ਹੈ ਕਿ 15 ਦਸੰਬਰ ਨੂੰ ਮੋਹਾਲੀ ਦੇ ਸੋਹਾਣਾ ਵਿਖੇ ਇੱਕ ਕਬੱਡੀ ਟੂਰਨਾਮੈਂਟ ਦੌਰਾਨ ਰਾਣਾ ਬਲਾਚੌਰੀਆ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।



