
ਬਾਲ ਕਿਸ਼ਨ
ਫ਼ਿਰੋਜ਼ਪੁਰ, 9 ਮਈ- ਫ਼ਿਰੋਜ਼ਪੁਰ ਵਾਸੀਆਂ ਦੀ ਲੰਬੇ ਸਮੇਂ ਤੋਂ ਫਿਰੋਜ਼ਪੁਰ ਤੋਂ ਸ਼੍ਰੀ ਹਜੂਰ ਸਾਹਿਬ ਤੇ ਹਰਿਦੁਆਰ ਤੱਕ ਰੇਲ ਚਲਾਉਣ ਦੀ ਚੱਲਦੀ ਆ ਰਹੀ ਮੰਗ ਕੇਂਦਰੀ ਭਾਜਪਾ ਆਗੂ ਰਾਣਾ ਗੁਰਮੀਤ ਸਿੰਘ ਸੋਢੀ ਦੀ ਮਿਹਨਤ ਸਦਕਾ ਪੂਰੀ ਹੋਣ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਫਿਰੋਜ਼ਪੁਰ ਤੋਂ ਸ਼੍ਰੀ ਹਜੂਰ ਸਾਹਿਬ ਤੇ ਹਰਿਦੁਆਰ ਤੱਕ ਰੇਲ ਚਲਾਉਣ ਦੀ ਮੰਗ ਨੂੰ ਉਨ੍ਹਾਂ ਦੇਸ਼ ਦੇ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਦੇ ਅੱਗੇ ਰੱਖਿਆ ਸੀ, ਜਿਸ ਪ੍ਰਸਤਾਵ ਨੂੰ ਰੇਲ ਮੰਤਰਾਲਾ ਜਲਦ ਮਨਜ਼ੂਰੀ ਦੇਣ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਦੋ ਟਰੇਨਾਂ ਚੱਲਣ ਨਾਲ ਹਿੰਦੂ ਤੇ ਸਿੱਖਾਂ ਦੀ ਧਾਰਮਿਕ ਆਸਥਾ ਹੋਰ ਵੱਧ ਜਾਵੇਗੀ, ਕਿਉਂਕਿ ਸਾਰੇ ਲੋਕਾਂ ਦੀ ਆਸਥਾ ਹਰਿਦੁਆਰ ਤੇ ਨੰਦੇੜ ਸਾਹਿਬ ਨਾਲ ਜੁੜੀ ਹੋਈ ਹੈ। ਰਾਣਾ ਸੋਢੀ ਨੇ ਦੱਸਿਆ ਕਿ ਰੇਲਵੇ ਮੰਤਰਾਲੇ ਵੱਲੋਂ ਇੱਕ ਟਰੇਨ ਹਰਿਦੁਆਰ ਲਈ ਫ਼ਿਰੋਜ਼ਪੁਰ ਤੋਂ ਬੁੱਧਵਾਰ ਨੂੰ 10:40 ’ਤੇ ਚੱਲੇਗੀ ਤੇ ਪੰਜਾਬ ਦੇ ਫ਼ਰੀਦਕੋਟ, ਕੋਟਕਪੂਰਾ, ਬਠਿੰਡਾ, ਰਾਮਪੁਰਾ ਫੂਲ, ਬਰਨਾਲਾ, ਧੁਰੀ, ਨਾਭਾ, ਪਟਿਆਲਾ ਤੋਂ ਹੁੰਦੇ ਹੋਏ ਅਗਲੇ ਦਿਨ ਸਵੇਰੇ 8:30 ਵਜੇ ਹਰਿਦੁਆਰ ਪਹੁੰਚੇਗੀ ਤੇ 445 ਕਿੱਲੋਮੀਟਰ ਦਾ ਸਫਰ ਤੈਅ ਕਰੇਗੀ। ਉਨ੍ਹਾਂ ਦੱਸਿਆ ਕਿ ਨੰਦੇੜ ਸਾਹਿਬ ਦੇ ਲਈ ਸ਼ੁੱਕਰਵਾਰ ਨੂੰ ਦੁਪਹਿਰ 1:25 ’ਤੇ ਟਰੇਨ ਫ਼ਿਰੋਜ਼ਪੁਰ ਤੋਂ ਰਵਾਨਾ ਹੋਵੇਗੀ, ਜੋ ਕਿ ਐਤਵਾਰ ਸਵੇਰੇ 3 ਵਜੇ ਨੰਦੇੜ ਸਾਹਿਬ ਪਹੁੰਚ ਕੇ 2020 ਕਿੱਲੋਮੀਟਰ ਦਾ ਸਫਰ ਤੈਅ ਕਰੇਗੀ। ਰਾਣਾ ਸੋਢੀ ਨੇ ਦੱਸਿਆ ਕਿ ਉਕਤ ਦੋਨਾਂ ਟਰੇਨਾਂ ਦਾ ਫ਼ਿਰੋਜ਼ਪੁਰ ਸਮੇਤ ਪੰਜਾਬ ਦੇ ਲੋਕਾਂ ਨੂੰ ਵੱਡਾ ਲਾਭ ਮਿਲੇਗਾ। ਰਾਣਾ ਸੋਢੀ ਨੇ ਕਿਹਾ ਕਿ ਜਲਦ ਹੀ ਟਰੇਨਾਂ ਚਲਾਉਣ ਦੀ ਮਿਤੀ ਦਾ ਐਲਾਨ ਕੀਤਾ ਜਾਵੇਗਾ। ਰਾਣਾ ਗੁਰਮੀਤ ਸਿੰਘ ਸੋਢੀ ਨੇ ਫ਼ਿਰੋਜ਼ਪੁਰ ਨੂੰ ਆਪਣੀ ਜਨਮ ਭੂਮੀ ਤੇ ਕਰਮ ਭੂਮੀ ਦੱਸਦੇ ਹੋਏ ਕਿਹਾ ਕਿ ਫ਼ਿਰੋਜ਼ਪੁਰ ਦੇ ਲੋਕ ਉਨ੍ਹਾਂ ਦਾ ਆਪਣਾ ਪਰਿਵਾਰ ਦਾ ਹਿੱਸਾ ਹਨ, ਜਿਨ੍ਹਾਂ ਦੀ ਸਮੱਸਿਆਵਾਂ ਹੱਲ ਕਰਨੀਆਂ, ਮੰਗਾਂ ਪੂਰੀਆਂ ਕਰਨੀਆਂ ਉਨ੍ਹਾਂ ਦਾ ਮੁੱਢਲਾ ਕਰਤਵ ਹੈ।



