
ਕਪੂਰਥਲਾ, 31 ਅਗਸਤ : ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਐਤਵਾਰ ਨੂੰ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ‘ਚ ਹੜ੍ਹ ਦੀ ਗੰਭੀਰ ਸਥਿਤੀ ‘ਤੇ ਚਿੰਤਾ ਪ੍ਰਗਟ ਕੀਤੀ। ਰਾਜਪਾਲ ਨੇ ਰਾਜਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਟੈਲੀਫੋਨ ‘ਤੇ ਗੱਲਬਾਤ ਕੀਤੀ ਤੇ ਸੁਲਤਾਨਪੁਰ ਲੋਧੀ ‘ਚ ਹੜ੍ਹ ਦੀ ਸਥਿਤੀ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਇਸ ਦੌਰਾਨ, ਉਨ੍ਹਾਂ ਕਪੂਰਥਲਾ ‘ਚ ਵਿਗੜਦੇ ਹਾਲਾਤ ‘ਤੇ ਵੀ ਚਿੰਤਾ ਜਤਾਈ। ਇਸ ਮੁਸ਼ਕਲ ਸਮੇਂ ‘ਚ ਹੜ੍ਹ ਪੀੜਤਾਂ ਦੀ ਸੇਵਾ ਲਈ ਸੀਚੇਵਾਲ ਦਾ ਧੰਨਵਾਦ ਵੀ ਕੀਤਾ। ਰਾਜਪਾਲ ਐਤਵਾਰ ਨੂੰ ਲੁਧਿਆਣਾ ‘ਚ ਇਕ ਸਮਾਰੋਹ ‘ਚ ਸ਼ਾਮਲ ਹੋਣ ਆਏ ਸਨ। ਇਸ ਦੌਰਾਨ, ਸਵੇਰੇ ਲਗਪਗ 11 ਵਜੇ ਉਨ੍ਹਾਂ ਸੰਤ ਸੀਚੇਵਾਲ ਨੂੰ ਫੋਨ ਕੀਤਾ ਤੇ ਸੁਲਤਾਨਪੁਰ ਲੋਧੀ ਆਉਣ ਦੀ ਇੱਛਾ ਪ੍ਰਗਟ ਕੀਤੀ। ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਲੁਧਿਆਣਾ ਤੋਂ ਸੁਲਤਾਨਪੁਰ ਲੋਧੀ ਦੀ ਦੂਰੀ ਲਗਪਗ 70 ਕਿਲੋਮੀਟਰ ਹੈ, ਤਾਂ ਉਨ੍ਹਾਂ ਹੜ੍ਹ ਪੀੜਤਾਂ ਨੂੰ ਮਿਲਣ ਤੇ ਹੜ੍ਹ ਦੀ ਗੰਭੀਰ ਸਥਿਤੀ ਨੂੰ ਦੇਖਣ ਲਈ ਕਿਸੇ ਹੋਰ ਦਿਨ ਆਉਣ ਦਾ ਫੈਸਲਾ ਕੀਤਾ। ਸੰਤ ਸੀਚੇਵਾਲ ਨੇ ਇਸ ਟੈਲੀਫੋਨ ਗੱਲਬਾਤ ਦੀ ਪੁਸ਼ਟੀ ਕੀਤੀ ਹੈ। ਸੰਤ ਸੀਚੇਵਾਲ ਨੇ ਦੱਸਿਆ ਕਿ ਉਨ੍ਹਾਂ ਹੜ੍ਹ ਪੀੜਤਾਂ ਦੀ ਤਰਸਯੋਗ ਹਾਲਤ ਬਾਰੇ ਜਾਣਕਾਰੀ ਦਿੱਤੀ ਅਤੇ ਪੀੜਤਾਂ ਦੇ ਪੁਨਰਵਾਸ ਲਈ ਤੁਰੰਤ ਮੁਆਵਜ਼ੇ ਦੀ ਮੰਗ ਕੀਤੀ। ਇਸ ਦੌਰਾਨ ਅਧਿਕਾਰਕਤ ਸੂਤਰਾਂ ਅਨੁਸਾਰ, ਆਫਰੇ ਬਿਆਸ ਦਰਿਆ ‘ਚ ਪਾਣੀ ਦਾ ਪੱਧਰ 2.35 ਲੱਖ ਕਿਊਸਿਕ ਤਕ ਪਹੁੰਚ ਗਿਆ ਹੈ। ਬਿਆਸ ਨਦੀ ‘ਚ ਵਧਦਾ ਪਾਣੀ ਹੁਣ ਬੰਨ੍ਹਾਂ ਲਈ ਖ਼ਤਰਾ ਬਣ ਰਿਹਾ ਹੈ, ਕਿਉਂਕਿ ਦਰਿਆ ‘ਚ ਪਾਣੀ ਦੇ ਤੇਜ਼ ਵਹਾਅ ਕਾਰਨ ਮਿੱਟੀ ਦਾ ਕਟਾਅ ਤੇਜ਼ੀ ਨਾਲ ਹੋ ਰਿਹਾ ਹੈ। ਐਤਵਾਰ ਨੂੰ ਲਗਾਤਾਰ ਮੀਂਹ ਦੇ ਬਾਵਜੂਦ ਸੀਚੇਵਾਲ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਨਾਵਾਂ ਦੀ ਮਦਦ ਨਾਲ ਸੁਲਤਾਨਪੁਰ ਲੋਧੀ ਦੇ ਮੰਡ ਖੇਤਰਾਂ ‘ਚ ਪੀੜਤਾਂ ਦੇ ਘਰਾਂ ‘ਚ ਪੱਕਿਆ ਖਾਣਾ ਤੇ ਹੋਰ ਰਾਹਤ ਸਮੱਗਰੀ, ਜਿਵੇਂ ਕਿ ਤਰਪਾਲ ਤੇ ਕਰਿਆਨੇ ਦਾ ਸਾਮਾਨ ਵੰਡਣਾ ਜਾਰੀ ਰੱਖਿਆ।



