ਭਾਰੀ ਮੀਂਹ ਪੈਣ ਕਰਕੇ ਡਿੱਗਿਆ ਪਸ਼ੂਆਂ ਦਾ ਸ਼ੈੱਡ, 40 ਦੇ ਕਰੀਬ ਬੱਕਰੀਆਂ ਦੀ ਮੌਤ
ਗਰੀਬ ਕਿਸਾਨ ਨੂੰ ਹੋਇਆ ਲੱਖਾਂ ਦਾ ਨੁਕਸਾਨ

ਸ੍ਰੀ ਮੁਕਤਸਰ ਸਾਹਿਬ, 31 ਅਗਸਤ : ਬੀਤੀ ਰਾਤ ਪਿੰਡ ਝਬੇਲਵਾਲੀ ਦੇ ਕਿਸਾਨ ਹਰਬੰਸ ਸਿੰਘ ਦੀਆਂ 40 ਦੇ ਕਰੀਬ ਬਕਰੀਆਂ ਭਾਰੀ ਮੀਂਹ ਪੈਣ ਕਰਕੇ ਸ਼ੇਡ ਡਿੱਗਣ ਕਾਰਨ ਮਾਰੀਆਂ ਗਈਆਂ ਅਤੇ ਬਹੁਤ ਸਾਰੀਆਂ ਬੱਕਰੀਆਂ ਭੇਡਾਂ ਗੰਭੀਰ ਸੱਟਾਂ ਲੱਗਣ ਕਾਰਨ ਨਾਜ਼ਕ ਹਾਲਤ ‘ਚ ਪਈਆਂ ਤੜਫ ਰਹੀਆਂ ਹਨ, ਜੋ ਕਦੋਂ ਵੀ ਦਮ ਤੋੜ ਸਕਦੀਆਂ ਹਨ। ਜ਼ਿਕਰਯੋਗ ਹੈ ਕਿ ਨੰਬਰਦਾਰ ਹਰਬੰਸ ਸਿੰਘ ਬਹੁਤ ਗਰੀਬ ਕਿਸਾਨ ਹੈ, ਜੋ ਭੇਡਾਂ ਬੱਕਰੀਆਂ ਪਾਲ ਕੇ ਹੀ ਬੜੀ ਮੁਸ਼ਕਲ ਨਾਲ ਆਪਣੇ ਪਰਿਵਾਰ ਦੀ ਰੋਟੀ ਰੋਜੀ ਚਲਾ ਰਿਹਾ ਹੈ। ਰਾਤ ਵਾਪਰੀ ਮੰਦਭਾਗੀ ਘਟਨਾ ਤੋਂ ਬਾਅਦ ਸਮੁੱਚਾ ਪਰਿਵਾਰ ਸਦਮੇ ‘ਚ ਹੈ। ਘਟਨਾ ਵਾਪਰਨ ਤੋਂ ਤੁਰੰਤ ਬਾਅਦ ਮੌਕੇ ‘ਤੇ ਪਹੁੰਚੇ ਕਿਰਤੀ ਕਿਸਾਨ ਯੂਨੀਅਨ ਸੂਬਾ ਵਿਤ ਸਕੱਤਰ ਜਸਵਿੰਦਰ ਸਿੰਘ ਝਬੇਲਵਾਲੀ ਅਤੇ ਜਿਲ੍ਹਾ ਸਕੱਤਰ ਜਥੇਦਾਰ ਹਰਪ੍ਰੀਤ ਸਿੰਘ ਝਬੇਲਵਾਲੀ ਨੇ ਦੱਸਿਆ ਕਿ ਜਿਉਂ ਹੀ ਇਸ ਘਟਨਾ ਦਾ ਪਿੰਡ ਵਾਸੀਆਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਤੁਰੰਤ ਇਕੱਠੇ ਹੋ ਕੇ ਮਲਬੇ ਹੇਠੋਂ ਕੁਝ ਭੇਡਾਂ ਬੱਕਰੀਆਂ ਨੂੰ ਕੱਢ ਕੇ ਬਚਾ ਲਿਆ। ਇਸ ਦੇ ਬਾਵਜੂਦ ਵੱਡੇ ਪੱਧਰ ‘ਤੇ ਬੱਕਰੀਆਂ ਮਰ ਜਾਣ ਕਾਰਨ ਪਰਿਵਾਰ ਦ 15 ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋ ਗਿਆ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪਰਿਵਾਰ ਨੂੰ ਫੌਰੀ ਮੁਆਵਜ਼ਾ ਦੇ ਕੇ ਨੁਕਸਾਨ ਦੀ ਭਰਪਾਈ ਕੀਤੀ ਜਾਵੇ। ਇਸ ਸਬੰਧੀ ਪਰਿਵਾਰ ਨੂੰ ਲੈ ਕੇ ਕੱਲ ਜਥੇਬੰਦੀ ਦਾ ਵਫਦ ਡਿਪਟੀ ਕਮਿਸ਼ਨਰ ਨੂੰ ਵੀ ਮਿਲੇਗਾ l ਆਗੂਆਂ ਨੇ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਲਗਾਤਾਰ ਕਹਿੰਦਾ ਰਿਹਾ ਕਿ ਕੁਦਰਤੀ ਆਫਤਾਂ ਕਾਰਨ ਜੇ ਕਿਸੇ ਦੀ ਮੁਰਗੀ ਜਾਂ ਬੱਕਰੀ ਦਾ ਨੁਕਸਾਨ ਹੁੰਦਾ ਹੈ ਤਾਂ ਉਨ੍ਹਾਂ ਨੂੰ ਤੁਰੰਤ ਬਣਦੀ ਮੁਆਵਜੇ ਦੀ ਰਾਸ਼ੀ ਜਾਰੀ ਕੀਤੀ ਜਾਵੇਗੀ ਪਰ ਅੱਜ ਪੰਜਾਬ ਦੀ ਸਥਿਤੀ ਹੜ੍ਹਾਂ ਕਰਨ ਬੇਹੱਦ ਗੰਭੀਰ ਬਣੀ ਹੋਈ ਹੈ। ਲੱਖਾਂ ਏਕੜ ਫਸਲ ਤਬਾਹ ਹੋ ਗਈ ਪਸ਼ੂ ਡੰਗਰ ਪਾਣੀ ਵਿੱਚ ਰੁੜ ਗਏ। ਇਸ ਦੁੱਖ ਦੀ ਘੜੀ ਦੇ ਵਿੱਚ ਹੜ੍ਹ ਪੀੜਤ ਲੋਕਾਂ ਦੀ ਬਾਂਹ ਫੜਨ ਦੀ ਬਜਾਏ ਪੰਜਾਬ ਸਰਕਾਰ ਮੂਕ ਦਰਸ਼ਕ ਬਣੀ ਬੈਠੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪੀੜਤ ਲੋਕਾਂ ਦੀ ਸਰਕਾਰ ਨੇ ਜਲਦ ਸਾਰ ਨਾ ਲਈ ਤੇ ਬਣਦਾ ਮੁਆਵਜਾ ਫੌਰੀ ਜਾਰੀ ਨਾ ਕੀਤਾ ਤਾਂ ਕਿਰਤੀ ਕਿਸਾਨ ਯੂਨੀਅਨ ਤਿੱਖਾ ਸੰਘਰਸ਼ ਵਿੱਢੇਗੀ।



