
ਰੋਪੜ, 26 ਮਾਰਚ- ਸੈਣੀ ਮਹਾਂ ਸਭਾ (ਰਜ਼ਿ) ਪੰਜਾਬ ਦਾ ਵਫ਼ਦ ਸਭਾ ਦੇ ਪ੍ਰਧਾਨ ਹਰਜੀਤ ਸਿੰਘ ਲੌਂਗੀਆ ਦੀ ਅਗਵਾਈ ਵਿੱਚ ਪਛੜੀਆਂ ਸ਼੍ਰੇਣੀਆਂ ਭੌ ਵਿਕਾਸ ਤੇ ਵਿੱਤ ਕਾਰਪੋਰੇਸ਼ਨ ਪੰਜਾਬ ਦੇ ਚੇਅਰਮੈਨ ਸ੍ਰੀ ਸੰਦੀਪ ਸੈਣੀ ਨੂੰ ਉਨ੍ਹਾਂ ਦੇ ਦਫ਼ਤਰ ਚੰਡੀਗੜ੍ਹ ਵਿਖੇ ਮਿਲਿਆ। ਇਸ ਮੌਕੇ ਮੰਡਲ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰਵਾਉਣ ਲਈ ਚੇਅਰਮੈਨ ਪਛੜੀ ਸ਼੍ਰੇਣੀਆਂ ਰਾਹੀਂ ਮਾਨਯੋਗ ਮੁੱਖ ਮੰਤਰੀ ਪੰਜਾਬ ਦੇ ਨਾਂਅ ’ਤੇ ਮੰਗ ਪੱਤਰ ਸੌਂਪਿਆ ਗਿਆ। ਸਭਾ ਦੇ ਪ੍ਰਧਾਨ ਲੌਂਗੀਆ ਨੇ ਕਿਹਾ ਕਿ ਮੰਡਲ ਕਮਿਸ਼ਨ ਦੀ ਰਿਪੋਰਟ ਜੋ ਪਛੜੀਆਂ ਸ਼੍ਰੇਣੀਆਂ ਨੂੰ 27 ਪ੍ਰਤੀਸ਼ਤ ਰਾਖਵਾਂਕਰਨ ਦਿੰਦੀ ਹੈ, ਉਹ ਪੰਜਾਬ ਵਿਚ ਲੰਬੇ ਸਮੇਂ ਤੋਂ ਲਾਗੂ ਨਹੀਂ ਹੋ ਸਕਿਆ, ਜਿਸ ਨਾਲ ਪਛੜੀ ਸ਼੍ਰੇਣੀਆਂ ਨੂੰ ਉਨ੍ਹਾਂ ਦੇ ਬਣਦੇ ਹੱਕ ਨਹੀਂ ਮਿਲ ਸਕੇ। ਵਫ਼ਦ ਨੇ ਪੰਜਾਬ ਸਰਕਾਰ ਤੋਂ ਮੰਗ ਕਰਦੇ ਹੋਏ ਕਿਹਾ ਕਿ ਮੰਡਲ ਕਮਿਸ਼ਨ ਦੀ ਰਿਪੋਰਟ ਨੂੰ ਜੋ ਕਿ ਪਛੜੀ ਸ਼੍ਰੇਣੀਆਂ ਦਾ ਸੰਵਿਧਾਨਿਕ ਹੱਕ ਹੈ ਨੂੰ ਜਲਦੀ ਲਾਗੂ ਕੀਤਾ ਜਾਵੇ, ਜਿਸ ਨਾਲ ਪੜ੍ਹਾਈ ਤੇ ਨੌਕਰੀਆਂ ਵਿਚ ਰਾਖਵੇਂਕਰਨ ਦੇ ਆਧਾਰ ’ਤੇ ਹੱਕ ਮਿਲ ਸਕੇ। ਉਨ੍ਹਾਂ ਸਰਕਾਰ ਤੋਂ ਇਹ ਵੀ ਮੰਗ ਕੀਤੀ ਕਿ ਰਾਖਵੇਂਕਰਨ ਦਾ 27 ਪ੍ਰਤੀਸ਼ਤ ਕੋਟਾ ਮੈਂਬਰ ਪੰਚਾਇਤ ਤੋਂ ਲੈ ਕੇ ਮੈਂਬਰ ਪਾਰਲੀਮੈਂਟ ਤੱਕ ਮਿਲਣਾ ਚਾਹੀਦਾ ਹੈ। ਮੰਗਾਂ ਦੇ ਸੰਬੰਧ ਵਿਚ ਚੇਅਰਮੈਨ ਸ੍ਰੀ ਸੰਦੀਪ ਸੈਣੀ ਨੇ ਵਫ਼ਦ ਨੂੰ ਭਰੋਸਾ ਦਿਵਾਉਂਦੇ ਹੋਏ ਕਿਹਾ ਕਿ ਉਹ ਜਲਦੀ ਹੀ ਮੁੱਖ ਮੰਤਰੀ ਪੰਜਾਬ ਨੂੰ ਮੰਗਾਂ ਸਬੰਧੀ ਜਾਣੂੰ ਕਰਵਾਉਣਗੇ ਤੇ ਲਾਗੂ ਕਰਵਾਉਣ ਲਈ ਆਪਣਾ ਬਣਦਾ ਯੋਗਦਾਨ ਪਾਉਣਗੇ। ਇਸ ਮੌਕੇ ਵਫ਼ਦ ਵਿਚ ਸਭਾ ਦੇ ਮੁੱਖ ਸਰਪ੍ਰਸਤ ਐਡਵੋਕੇਟ ਹਰਸਿਮਰਤ ਸਿੰਘ ਸਿੱਟਾ, ਜਨਰਲ ਸਕੱਤਰ ਮਦਨ ਗੋਪਾਲ ਸੈਣੀ, ਸੀਨੀਅਰ ਮੀਤ ਪ੍ਰਧਾਨ ਕੇਸਰ ਸਿੰਘ ਮੂਸਾਪੁਰ, ਮੀਤ ਪ੍ਰਧਾਨ ਅਸ਼ੋਕ ਸੈਣੀ ਪਠਾਨਕੋਟ, ਅਵਤਾਰ ਸਿੰਘ ਮਨੀਮਾਜਰਾ ਪ੍ਰਧਾਨ ਚੰਡੀਗੜ੍ਹ ਯੂਨਿਟ, ਬਲਵੰਤ ਸਿੰਘ ਸੈਣੀ ਦਫ਼ਤਰ ਸਕੱਤਰ, ਐਡਵੋਕੇਟ ਬਲਜਿੰਦਰ ਸਿੰਘ ਸੈਣੀ, ਅਮਨਪ੍ਰੀਤ ਸਿੰਘ ਕਾਬੜਵਾਲ ਜ਼ਿਲ੍ਹਾ ਪ੍ਰਧਾਨ ਰੋਪੜ, ਸੁਖਬੀਰ ਸਿੰਘ ਤੰਬੜ ਤੇ ਮਨਿੰਦਰ ਸਿੰਘ ਭੂਪਨਗਰ ਸਕੱਤਰ ਪੰਜਾਬ, ਰਘਵੀਰ ਸਿੰਘ ਸੈਣੀ ਚੰਡੀਗੜ੍ਹ, ਨਿਰਮਲ ਸਿੰਘ ਕਨਵੀਨਰ ਜ਼ਿਲ੍ਹਾ ਮੋਹਾਲੀ, ਸਰਬਜੀਤ ਕੌਰ ਪ੍ਰਧਾਨ ਮਹਿਲਾ ਵਿੰਗ ਜ਼ਿਲ੍ਹਾ ਮੁਹਾਲੀ ਆਦਿ ਹਾਜ਼ਰ ਸਨ।



