Punjab

ਯੂਪੀ ਤੋਂ ਅਸਲਾ ਲਿਆ ਕੇ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ ਚਾਰ ਮੈਂਬਰ ਕਾਬੂ

ਐੱਸਏਐੱਸ ਨਗਰ, 28 ਮਈ-  ਮੁਹਾਲੀ ਪੁਲਿਸ ਨੇ ਅਸਲੇ ਦੀ ਨੋਕ ’ਤੇ ਮੁਹਾਲੀ ਵਿਚ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਚਾਰ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਇਹਨਾਂ ਵਿਅਕਤੀਆਂ ਤੋਂ ਇਕ ਦੇਸੀ ਕੱਟਾ 315 ਸਮੇਤ ਇਕ ਜਿੰਦਾ ਕਾਰਤੂਸ 315 ਬੋਰ, ਅਤੇ ਇਕ ਦੇਸੀ 32 ਬੋਰ ਪਿਸਤੌਲ ਬਰਾਮਦ ਕੀਤੇ ਗਏ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐੱਸਪੀ ਸਿਟੀ ਸ੍ਰੀ ਸ੍ਰੀਵੀਨੀਲਾ ਨੇ ਦੱਸਿਆ ਕਿ ਇਹਨਾਂ ਵਿਅਕਤੀਆਂ ਨੂੰ ਐੱਸਐੱਸਪੀ ਸ੍ਰੀ ਹਰਮਨਦੀਪ ਸਿੰਘ ਹੰਸ ਦੀਆਂ ਹਿਦਾਇਤਾਂ ’ਤੇ ਨਾਜਾਇਜ਼ ਅਸਲੇ ਨਾਲ ਹੋ ਰਹੀਆਂ ਵਾਰਦਾਤਾਂ ਨੂੰ ਠੱਲ੍ਹ ਪਾਉਣ ਅਤੇ ਗੈਂਗਸਟਰਾਂ ’ਤੇ ਕਾਬੂ ਕਰਨ ਲਈ ਜ਼ਿਲ੍ਹਾ ਪੁਲਿਸ ਵੱਲੋਂ ਚਲਾਈ ਮੁਹਿੰਮ ਦੌਰਾਨ ਕਾਬੂ ਕੀਤਾ ਗਿਆ ਹੈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੇ ਨਾਮ ਸੋਨੂੰ, ਆਰਿਸ ਚੌਧਰੀ, ਅਕਾਸ਼ ਚੌਧਰੀ ਅਤੇ ਹਰਮਿੰਦਰ ਸਿੰਘ ਹਨ। ਇਹ ਸਾਰੇ ਵਿਅਕਤੀ ਯੂਪੀ ਦੇ ਰਹਿਣ ਵਾਲੇ ਹਨ ਅਤੇ ਇਹ ਮੁਹਾਲੀ ਵਿਚ ਵੱਖ-ਵੱਖ ਜਗ੍ਹਾ ਪਰ ਕਿਰਾਏ ’ਤੇ ਰਹਿੰਦੇ ਹਨ ਅਤੇ ਇਕੱਠੇ ਹੋ ਕੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਉਹਨਾਂ ਦੱਸਿਆ ਕਿ ਇਹਨਾਂ ਵਿਅਕਤੀਆਂ ਨੂੰ ਡੀਐੱਸਪੀ ਸਿਟੀ 1 ਪ੍ਰਿਥਵੀ ਸਿੰਘ ਚਾਹਲ ਅਤੇ ਡੀਐੱਸਪੀ ਸਿਟੀ 2 ਹਰਸਿਮਰਨ ਸਿੰਘ ਬੱਲ ਦੀ ਸਾਂਝੀ ਨਿਗਰਾਨੀ ਹੇਠ ਥਾਣਾ ਫ਼ੇਜ਼-1 ਦੇ ਮੁੱਖ ਅਫ਼ਸਰ ਇੰਸਪੈਕਟਰ ਸੁਖਬੀਰ ਸਿੰਘ ਦੀ ਟੀਮ ਵੱਲੋਂ ਗੁਪਤ ਸੂਚਨਾ ਦੇ ਆਧਾਰ ’ਤੇ ਕਾਬੂ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਮੁੱਢਲੀ ਪੁੱਛ ਗਿੱਛ ਦੌਰਾਨ ਸਾਹਮਣੇ ਆਇਆ ਹੈ ਕਿ ਇਹ ਯੂਪੀ ਸਾਈਡ ਤੋਂ ਹੀ ਅਸਲਾ ਲਿਆਉਂਦੇ ਹਨ ਅਤੇ ਪੰਜਾਬ ਵਿਚ ਆ ਕੇ ਵਾਰਦਾਤਾਂ ਕਰਦੇ ਹਨ। ਇਹਨਾਂ ਵਿਅਕਤੀਆਂ ਵੱਲੋਂ 25 ਮਈ ਨੂੰ ਪਿੰਡ ਲਖਨੌਰ (ਥਾਣਾ ਸੋਹਾਣਾ) ਵਿਖੇ ਵੀ ਫਾਇਰਿੰਗ ਕੀਤੀ ਗਈ ਸੀ ਅਤੇ ਪਿਛਲੇ ਦਿਨੀਂ ਹੀਰੋ ਹੋਮਜ ਸੈਕਟਰ-88 ਮੁਹਾਲੀ ਪਾਸ ਵੀ ਅਸਲਾ ਲੈ ਕੇ ਬਦਮਾਸ਼ੀ ਕੀਤੀ ਸੀ। ਇਹਨਾਂ ਵੱਲੋਂ ਕੁੱਝ ਸਮਾਂ ਪਹਿਲਾਂ ਉਦਯੋਗਿਕ ਖੇਤਰ ਵਿਖੇ ਵੀ ਫਾਇਰਿੰਗ ਕਰਨ ਸਬੰਧੀ ਗੱਲ ਸਾਹਮਣੇ ਆਈ ਹੈ। ਉਹਨਾਂ ਕਿਹਾ ਕਿ ਇਹਨਾਂ ਵਿਅਕਤੀਆਂ ਵੱਲੋਂ ਆਪਣਾ ਨਾਮ ਚਮਕਾਉਣ ਲਈ ਇੱਕ ਗੈਂਗ ਬਣਾਇਆ ਜਾ ਰਿਹਾ ਸੀ ਅਤੇ ਮੁਹਾਲੀ ਵਿੱਚ ਨਜਾਇਜ਼ ਹਥਿਆਰਾਂ ਨਾਲ ਫਾਇਰਿੰਗ ਕਰਕੇ, ਲੜਾਈ ਝਗੜੇ ਕਰਕੇ ਲੋਕਾਂ ਵਿੱਚ ਆਪਣੀ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ਾਂ ਕੀਤੀ ਜਾ ਰਹੀ ਸੀ। ਉਹਨਾਂ ਦੱਸਿਆ ਕਿ ਇਸ ਗਿਰੋਹ ਦਾ ਮੁਖੀ ਸੋਨੂੰ ਹੈ ਅਤੇ ਇਹਨਾਂ ਵੱਲੋਂ ਸਾਰੀਆਂ ਵਾਰਦਾਤਾਂ ਸੋਨੂੰ ਦੇ ਇਸ਼ਾਰੇ ਤੇ ਹੀ ਕੀਤੀਆਂ ਜਾਂਦੀਆਂ ਸਨ। ਉਹਨਾਂ ਦੱਸਿਆ ਕਿ ਇਹਨਾਂ ਵਿਅਕਤੀਆਂ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 4 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਇਹਨਾਂ ਤੋ ਪੁੱਛਗਿੱਛ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਇਹ ਸਾਰੇ ਆਦਤਨ ਅਪਰਾਧੀ ਹਨ ਅਤੇ ਇਹਨਾਂ ਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਇਹ ਸਾਰੇ ਪਿੰਡ ਮਦਨਪੁਰ ਵਿੱਚ ਕਿਰਾਏ ਤੇ ਰਹਿੰਦੇ ਸਨ। ਆਰਿਸ਼ ਚੌਧਰੀ ਵਾਸੀ ਪਿੰਡ ਤਾਲਵੀ ਜ਼ਿਲ੍ਹਾ ਮੁਜ਼ੱਫ਼ਰਨਗਰ (ਯੂ.ਪੀ) ਦੇ ਖ਼ਿਲਾਫ਼ ਥਾਣਾ ਕੋਤਵਾਲੀ ਜ਼ਿਲ੍ਹਾ ਸ਼ਾਮਲ ਵਿਖੇ ਅਸਲਾ ਐਕਟ ਤਹਿਤ 2 ਮਾਮਲੇ ਦਰਜ ਹਨ। ਹਰਮਿੰਦਰ ਸਿੰਘ ਵਾਸੀ ਪਿੰਡ ਬਾਜ਼ੂ ਜ਼ਿਲ੍ਹਾ ਸਾਂਮਲੀ (ਯੂਪੀ) ਖ਼ਿਲਾਫ਼ ਥਾਣਾ ਆਦਰਸ਼ ਮੰਡੀ ਜ਼ਿਲ੍ਹਾ ਸ਼ਾਮਲ ਵਿਖੇ ਅਸਲਾ ਐਕਟ ਤਹਿਤ 1 ਮੁਕੱਦਮਾ ਦਰਜ ਹੈ। ਅਕਾਸ਼ ਚੌਧਰੀ ਵਾਸੀ ਪਿੰਡ ਕਿਰਨਲ ਜ਼ਿਲ੍ਹਾ ਬਾਗਪਤ, (ਯੂ.ਪੀ) ਖ਼ਿਲਾਫ਼ ਅਸਲਾ ਐਕਟ ਤਹਿਤ 4 ਮਾਮਲੇ ਦਰਜ ਹਨ।

Related Articles

Leave a Reply

Your email address will not be published. Required fields are marked *

Back to top button