
ਅੰਮ੍ਰਿਤਸਰ, 11 ਜਨਵਰੀ– ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. ਡਾ. ਕਰਮਜੀਤ ਸਿੰਘ ਨੇ ਲੋਹੜੀ ਦੇ ਤਿਉਹਾਰ ਦੀਆਂ ਖੁਸ਼ੀਆਂ ਉਦੋਂ ਦੂਣ-ਸਵਾਈਆਂ ਕਰ ਦਿੱਤੀਆਂ ਜਦੋਂ ਯੂਨੀਵਰਸਿਟੀ ਦੇ ਮੁਲਾਜ਼ਮਾਂ ਨੇ ਉਨ੍ਹਾਂ ਕੋਲੋ ਲੋਹੜੀ ਦੇ ਰੂਪ ਵਿਚ ਕਮਨਿਊਟੀ ਹਾਲ ਮੰਗਣ ਤੇ ਤਰੁੰਤ ਹੀ ਦੇਣ ਦਾ ਐਲਾਨ ਕਰ ਦਿੱਤਾ। ਯੂਨੀਵਰਸਿਟੀ ਦੇ ਵਿਹੜੇ ਵਿਚ ਮਨਾਈ ਗਈ ਲੋਹੜੀ ਵਿਚ ਉਹ ਮੁੱਖ ਮਹਿਮਾਨ ਦੇ ਰੂਪ ਵਿਚ ਸ਼ਿਰਕਤ ਕਰਨ ਲਈ ਪੁੱਜੇ ਸਨ। ਉਨ੍ਹਾਂ ਦੇ ਨਾਲ ਇਸ ਮੌਕੇ ਯੂਨੀਵਰਸਿਟੀ ਦੇ ਰਜਿਸਟਰਾਰ ਡਾ ਕਰਨਜੀਤ ਸਿੰਘ, ਪ੍ਰੋਫੈਸਰ ਇੰਚਾਰਜ ਪ੍ਰੀਖਿਆਵਾਂ ਪ੍ਰੋ. ਸ਼ਾਲਿਨੀ ਬਹਿਲ ਤੋਂ ਇਲਾਵਾ ਹੋਰ ਵੀ ਉੱਚ ਅਧਿਕਾਰੀ ਹਜ਼ਾਰ ਸਨ।ਯੂਨੀਵਰਸਿਟੀ ਦੀਆਂ ਨਾਨ-ਟੀਚਿੰਗ ਇੰਪਲਾਇਜ਼ ਐਸੋਸੀਏਸ਼ਨ ਅਤੇ ਆਫੀਸਰ ਐਸੋਸੀਏਸ਼ਨ ਦੋਵਾਂ ਐਸੋਸੀਏਸ਼ਨਾਂ ਵੱਲੋਂ ਸਾਂਝੇ ਤੌਰ ਤੇ ਯੂਨੀਵਰਸਿਟੀ ਦੇ ਮੁਲਜ਼ਮਾਂ ਨਾਲ ਨਵੇਂ ਸਾਲ ਅਤੇ ਲੋਹੜੀ ਦੇ ਤਿਉਹਾਰ ਅਤੇ ਨਵੇਂ ਉਪ-ਕੁਲਪਤੀ ਦੀ ਨਿਯੁਕਤੀ ਤੇ ਖੁਸ਼ੀਆਂ ਸਾਂਝੀਆਂ ਕਰਨ ਲਈ ਇਸ ਤਿਉਹਾਰ ਨੂੰ ਮਨਾਉਣ ਦਾ ਪ੍ਰਬੰਧ ਕੀਤਾ ਗਿਆ ਸੀ। ਇਸ ਮੌਕੇ ਭਵਿੱਖ ਵਿਚ ਯੂਨੀਵਰਸਿਟੀ ਵਿਚ ਹਰ ਤਿਉਹਾਰ ਇੰਝ ਹੀ ਸਾਂਝੇ ਤੌਰ ਤੇ ਮਨਾਉਣ ਦਾ ਵੀ ਸੰਕਲਪ ਲਿਆ ਗਿਆ ਜਿਸ ਤੇ ਵੀ ਉਪ ਕੁਲਪਤੀ ਵੱਲੋਂ ਹਰ ਤਰ੍ਹਾਂ ਦਾ ਸਹਿਯੋਗ ਅਤੇ ਖੁਦ ਹਰ ਤਿਉਹਾਰ ਵਿਚ ਸ਼ਾਮਲ ਹੋਣ ਦਾ ਭਰੋਸਾ ਦਵਾਇਆ ਗਿਆ। ਵਾਈਸ ਚਾਂਸਲਰ ਨੇ ਇਸ ਮੌਕੇ ਭੁੱਗਾ ਬਾਲ ਕੇ ਲੋਹੜੀ ਦਾ ਆਗਾਜ਼ ਕੀਤਾ। ਇਸ ਮੌਕੇ ਪ੍ਰੋ. ਕਰਨਜੀਤ ਸਿੰਘ ਕਾਹਲੋਂ, ਰਜਿਸਟਰਾਰ ਅਤੇ ਪ੍ਰੋ. ਸ਼ਾਲਿਨੀ ਬਹਿਲ, ਪ੍ਰੋਫੈਸਰ ਇੰਚਾਰਜ (ਪ੍ਰੀਖਿਆਵਾਂ) ਅਤੇ ਕਰਨਲ ਅਮਰਬੀਰ ਸਿੰਘ ਚਾਹਲ, ਸੁਰੱਖਿਆ ਅਫਸਰ ਵੀ ਵਿਸ਼ੇਸ਼ ਤੌਰ ‘ਤੇ ਸ਼ਾਮਲ ਸਨ। ਸ਼੍ਰੀ ਰਜਨੀਸ਼ ਭਾਰਦਵਾਜ, ਪ੍ਰਧਾਨ ਤੇ ਸ਼੍ਰੀ ਰਜਿੰਦਰ ਸਿੰਘ, ਸਕੱਤਰ ਅਤੇ ਸ਼੍ਰੀ ਅਮਨ ਅਰੋੜਾ, ਪ੍ਰਧਾਨ ਤੇ ਸਕੱਤਰ ਸ. ਮਨਪ੍ਰੀਤ ਸਿੰਘ ਤੋਂ ਇਲਾਵਾ ਇਸ ਫੈਸਟੀਵਲ ਵਿਚ ਗੈਰ-ਅਧਿਆਪਕ ਕਰਮਚਾਰੀਆਂ ਅਤੇ ਅਧਿਕਾਰੀਆਂ ਨੇ ਵੱਡੀ ਗਿਣਤੀ ਵਿਚ ਭਾਗ ਲਿਆ। ਇਸ ਮੌਕੇ ਸਟਾਫ ਮੈਂਬਰਾਂ ਨੇ ਰਲ ਮਿਲ ਕੇ ਖੁਸ਼ੀ ਮਨਾਉਂਦਿਆਂ ਲੋਹੜੀ ਦੀ ਅੱਗ ਦੇ ਦੁਆਲੇ ਨੱਚ ਗਾ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ।ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਨੇ ਸਭ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਲੋਹੜੀ ਦੀਆਂ ਵਧਾਈਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਤਿਉਹਾਰ ਸਾਂਝ ਅਤੇ ਏਕਤਾ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ। ਗੈਰ-ਅਧਿਆਪਕ ਕਰਮਚਾਰੀਆਂ ਦੇ ਯੋਗਦਾਨ ਦੀ ਸਿਫ਼ਤ ਕਰਦੇ ਹੋਏ ਉਨ੍ਹਾਂ ਨੇ ਕਿਹਾ, “ਤੁਹਾਡੀ ਮਿਹਨਤ ਅਤੇ ਸਮਰਪਣ ਯੂਨੀਵਰਸਿਟੀ ਦੀ ਸਫਲਤਾ ਦਾ ਅਧਾਰ ਹੈ। ਗੈਰ-ਅਧਿਆਪਕ ਕਰਮਚਾਰੀਆਂ ਐਸੋਸੀਏਸ਼ਨ ਵੱਲੋਂ ਕਰਮਚਾਰੀਆਂ ਲਈ ਕਮਿਊਨਿਟੀ ਹਾਲ ਬਣਾਉਣ ਦੀ ਮੰਗ ‘ਤੇ ਵਾਈਸ ਚਾਂਸਲਰ ਨੇ ਪੂਰਾ ਭਰੋਸਾ ਦਿੱਤਾ। ਉਨ੍ਹਾਂ ਕਿਹਾ, “ਕਰਮਚਾਰੀਆਂ ਦੀ ਭਲਾਈ ਸਾਡੇ ਲਈ ਅਹਿਮ ਹੈ। ਅਸੀਂ ਤੁਹਾਡੀਆਂ ਮੰਗਾਂ ਨੂੰ ਜਲਦੀ ਪੂਰਾ ਕਰਨ ਲਈ ਜ਼ਰੂਰੀ ਕਦਮ ਚੁੱਕਾਂਗੇ ਅਤੇ ਕਮਿਊਨਿਟੀ ਹਾਲ ਦਾ ਨਿਰਮਾਣ ਜਲਦ ਹੀ ਯਕੀਨੀ ਬਣਾਵਾਂਗੇ।” ਦੋਵਾਂ ਐਸੋਸੀਏਸ਼ਨਾਂ ਵੱਲੋਂ ਵਾਈਸ ਚਾਂਸਲਰ ਨੂੰ ਸ੍ਰੀ ਦਰਬਾਰ ਸਾਹਿਬ ਦਾ ਮਾਡਲ ਨਾਲ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਰਜਿਸਟਰਾਰ ਪ੍ਰੋ. ਕਾਹਲੋੋਂ ਅਤੇ ਪ੍ਰੋ. ਬਹਿਲ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਆ ਗਿਆ।



