ਯੂਕੇ ਦਾ ਵੀਜ਼ਾ ਅਸਲੀ ਹੈ ਜਾਂ ਨਕਲੀ ਇਸ ਵ੍ਹਟਸਐਪ ਨੰਬਰ ਰਾਹੀਂ ਜਾਣੋ, ਯੂਕੇ ਹਾਈ ਕਮਿਸ਼ਨ ਨੇ ਸ਼ੁਰੂ ਕੀਤੀ ‘ਵੀਜ਼ਾ ਧੋਖਾਧੜੀ ਤੋਂ ਬਚੋ’ ਜਾਗਰੂਕਤਾ ਮੁਹਿੰਮ

ਜਲੰਧਰ, 28 ਫਰਵਰੀ- ਧੋਖੇਬਾਜ਼ ਟਰੈਵਲ ਏਜੰਟਾਂ ਦਾ ਸ਼ਿਕਾਰ ਹੋ ਕੇ ਲੱਖਾਂ ਰੁਪਏ ਉਜਾੜ ਕੇ ਵਿਦੇਸ਼ਾਂ ’ਚ ਰੁਲ਼ ਰਹੇ ਭਾਰਤੀਆਂ ਨੂੰ ਵੀਜ਼ਾ ਧੋਖਾਧੜੀ ਤੋਂ ਬਚਾਉਣ ਲਈ ਯੂਕੇ ਹਾਈ ਕਮਿਸ਼ਨ ਨੇ ਨਵੀਂ ਪਹਿਲਕਦਮੀ ਕਰਦਿਆਂ ‘ਵੀਜ਼ਾ ਧੋਖਾਧੜੀ ਤੋਂ ਬਚੋ’ ਜਾਗਰੂਕਤਾ ਮੁਹਿੰਮ ਸ਼ੁਰੂ ਕਰਨ ਦੇ ਨਾਲ ਹੀ ਵ੍ਹਟਸਐਪ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ। ਇਸ ਨੰਬਰ ਰਾਹੀਂ ਯੂਕੇ ਦੇ ਵੀਜ਼ਾ ਲੈਣ ਵਾਲੇ ਬਿਨੈਕਾਰ ਉਕਤ ਨੰਬਰ ’ਤੇ ਸੰਪਰਕ ਕਰ ਕੇ ਆਪਣੇ ਵੀਜ਼ੇ ਦੇ ਜਾਇਜ਼ ਤੇ ਕਾਨੂੰਨੀ ਹੋਣ ਬਾਰੇ ਮਦਦ ਹਾਸਲ ਕਰ ਸਕਣਗੇ। ‘ਵੀਜ਼ਾ ਧੋਖਾਧੜੀ ਤੋਂ ਬਚੋ’ ਜਾਗਰੂਕਤਾ ਮੁਹਿੰਮ ਦਾ ਆਗਾਜ਼ ਵੀਰਵਾਰ ਨੂੰ ਯੂਕੇ ਦੀ ਭਾਰਤ ’ਚ ਡਿਪਟੀ ਹਾਈ ਕਮਿਸ਼ਨਰ ਕ੍ਰਿਸਟੀਨਾ ਸਕਾਟ ਨੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ’ਚ ਐੱਲਪੀਯੂ ਦੇ ਸੰਸਥਾਪਕ ਚਾਂਸਲਰ ਤੇ ਮੈਂਬਰ ਰਾਜ ਸਭਾ ਡਾ. ਅਸ਼ੋਕ ਕੁਮਾਰ ਮਿੱਤਲ, ਚੰਡੀਗੜ੍ਹ ’ਚ ਡਿਪਟੀ ਹਾਈ ਕਮਿਸ਼ਨਰ ਕੈਰੋਲੀਨ ਰੋਵੇਟ, ਐੱਲਪੀਯੂ ਦੀ ਪ੍ਰੋ-ਚਾਂਸਲਰ ਕਰਨਲ ਡਾ. ਰਸ਼ਮੀ ਮਿੱਤਲ, ਐੱਲਪੀਯੂ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਸੰਧੂ, ਬੇਨ ਪਗਸਲੇ ਫਸਟ ਸੈਕਟਰੀ (ਨਿਆਂ ਤੇ ਗ੍ਰਹਿ ਮਾਮਲੇ) ਤੇ ਅਮਨਦੀਪ ਗਰੇਵਾਲ ਡਿਪਟੀ ਚੀਫ ਆਫ਼ ਮਿਸ਼ਨ ਚੰਡੀਗੜ੍ਹ ਦੀ ਮੌਜੂਦਗੀ ’ਚ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਸਕਾਟ ਨੇ ਕਿਹਾ ਕਿ ਯੂਕੇ ’ਚ ਯਾਤਰਾ ਕਰਨ, ਪੜ੍ਹਾਈ ਕਰਨ ਤੇ ਕੰਮ ਕਰਨ ਦਾ ਮੌਕਾ ਪਹਿਲਾਂ ਕਦੇ ਵੀ ਇੰਨਾ ਵੱਡਾ ਨਹੀਂ ਰਿਹਾ ਤੇ ਭਾਰਤੀ ਨਾਗਰਿਕਾਂ ਨੂੰ ਯੂਕੇ ਵਿਜ਼ਿਟ ਤੇ ਵਰਕ ਵੀਜ਼ੇ ਦਾ ਸਭ ਤੋਂ ਵੱਡਾ ਹਿੱਸਾ ਮਿਲਦਾ ਰਹਿੰਦਾ ਹੈ। ਹਾਲਾਂਕਿ ਨੌਜਵਾਨਾਂ ਦੇ ਸੁਪਨਿਆਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ ਤੇ ਬਹੁਤ ਸਾਰੇ ਵੀਜ਼ਾ ਧੋਖਾਧੜੀ ਦਾ ਸ਼ਿਕਾਰ ਹੋ ਰਹੇ ਹਨ। ਇਸ ਲਈ ਅਸੀਂ ਵੀਜ਼ਾ ਫਰਾਡ ਤੋਂ ਬਚੋ ਮੁਹਿੰਮ ਸ਼ੁਰੂ ਕਰ ਰਹੇ ਹਾਂ। ਇਹ ਮੁਹਿੰਮ ਜੋਖ਼ਮਾਂ ਬਾਰੇ ਜਾਗਰੂਕਤਾ ਪੈਦਾ ਕਰਨ ਤੇ ਲੋਕਾਂ ਨੂੰ ਯੂਕੇ ਦੇ ਸੁਰੱਖਿਅਤ ਤੇ ਕਾਨੂੰਨੀ ਰੂਟਾਂ ਬਾਰੇ ਤੱਥਾਂ ਦੀ ਜਾਂਚ ਕਰਨ ’ਚ ਮਦਦ ਕਰੇਗੀ। ਚਾਂਸਲਰ ਡਾ. ਅਸ਼ੋਕ ਕੁਮਾਰ ਮਿੱਤਲ ਨੇ ਪੰਜਾਬ ਤੇ ਭਾਰਤ ’ਚ ਵੀਜ਼ਾ ਧੋਖਾਧੜੀ ਦੇ ਵਧ ਰਹੇ ਮੁੱਦੇ ਨੂੰ ਹੱਲ ਕਰਨ ਲਈ ਯੂਕੇ ਦੀ ਪਹਿਲਕਦਮੀ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਐੱਲਪੀਯੂ ਇਸ ਨੇਕ ਕਾਰਜ ਦਾ ਪੂਰਾ ਸਮਰਥਨ ਕਰਦਾ ਹੈ ਤੇ ਦੇਸ਼ ਨੂੰ, ਖ਼ਾਸ ਕਰ ਕੇ ਪੇਂਡੂ ਖੇਤਰਾਂ ਨੂੰ, ਜਿੱਥੇ ਜਾਣਕਾਰੀ ਤੱਕ ਸੀਮਤ ਪਹੁੰਚ ਹੈ, ਸਿੱਖਿਅਤ ਕਰਨ ਦੇ ਉਦੇਸ਼ ਨਾਲ ਜਾਗਰੂਕਤਾ ਮੁਹਿੰਮ ਚਲਾਉਣ ਲਈ ਗ਼ੈਰ-ਸਰਕਾਰੀ ਸੰਗਠਨਾਂ ਤੇ ਵਿਦਿਆਰਥੀ ਸੰਗਠਨਾਂ ਨਾਲ ਸਾਂਝੇਦਾਰੀ ਕਰਨ ਲਈ ਵਚਨਬੱਧ ਹੈ। ਇਸ ਮੁਹਿੰਮ ਦਾ ਉਦੇਸ਼ ਲੋਕਾਂ ਨੂੰ ਧੋਖਾਧੜੀ ਤੋਂ ਬਚਣ ਤੇ ਕਾਨੂੰਨੀ, ਪਾਰਦਰਸ਼ੀ ਪਰਵਾਸ ਨੂੰ ਉਤਸ਼ਾਹਤ ਕਰਨ ਲਈ ਸਿੱਖਿਅਤ ਕਰਨਾ ਹੈ। ਵਰਕਸ਼ਾਪਾਂ ਤੇ ਇੰਟਰਐਕਟਿਵ ਸੈਸ਼ਨਾਂ ਰਾਹੀਂ ਇਹ ਪਹਿਲ ਵਿਦਿਆਰਥੀਆਂ ਨੂੰ ਨੈਤਿਕ ਤੇ ਸੁਰੱਖਿਅਤ ਢੰਗ ਨਾਲ ਵਿਸ਼ਵਵਿਆਪੀ ਮੌਕਿਆਂ ਵੱਲ ਸੇਧਿਤ ਕਰੇਗੀ। ਚੰਡੀਗੜ੍ਹ ’ਚ ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਕੈਰੋਲੀਨ ਰੋਵੇਟ ਨੇ ਕਿਹਾ ਕਿ ਪੰਜਾਬ ਆਪਣੇ ਮਿਹਨਤੀ ਤੇ ਉਤਸ਼ਾਹੀ ਲੋਕਾਂ ਲਈ ਜਾਣਿਆ ਜਾਂਦਾ ਹੈ, ਜਿਨ੍ਹਾਂ ਨੇ ਯੂਕੇ ਤੇ ਵਿਸ਼ਵ ਪੱਧਰ ‘ਤੇ ਮਹੱਤਵਪੂਰਨ ਯੋਗਦਾਨ ਪਾਇਆ ਹੈ। ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਇਹ ਸੁਪਨੇ ਸੁਰੱਖਿਅਤ ਤੇ ਕਾਨੂੰਨੀ ਤੌਰ ‘ਤੇ ਪੂਰੇ ਹੋਣ। ਅਸੀਂ ਲੋਕਾਂ ਨੂੰ ‘ਵੀਜ਼ਾ ਧੋਖਾਧੜੀ ਤੋਂ ਬਚੋ’ ਦਾ ਸੁਨੇਹਾ ਫੈਲਾਉਣ ਤੇ ਧੋਖੇਬਾਜ਼ ਏਜੰਟਾਂ ਦੇ ਸ਼ਿਕਾਰ ਹੋਣ ਤੋਂ ਬਚਣ ਦੀ ਅਪੀਲ ਕਰਦੇ ਹਾਂ।
ਯੂਕੇ ਜਾਣ ਦੇ ਚਾਹਵਾਨ ਵ੍ਹਟਸਐਪ ਹੈਲਪਲਾਈਨ 9170652 51380 ’ਤੇ ਕਰਨ ਸੰਪਰਕ
ਸਕਾਟ ਨੇ ਦੱਸਿਆ ਕਿ ਆਮ ਵੀਜ਼ਾ ਘੁਟਾਲਿਆਂ ਦੀਆਂ ਚਾਲਾਂ ਦੀ ਪਛਾਣ ਕਰਨ ਤੇ ਯੂਕੇ ਦੀ ਯਾਤਰਾ ਲਈ ਕਾਨੂੰਨੀ ਰਸਤਾ ਲੱਭਣ ਵਾਲਿਆਂ ਲਈ ਅਧਿਕਾਰਕ ਮਾਰਗਦਰਸ਼ਨ ਤੱਕ ਪਹੁੰਚ ਪ੍ਰਦਾਨ ਕਰਨ ਲਈ ਅੰਗਰੇਜ਼ੀ ਤੇ ਪੰਜਾਬੀ ’ਚ ਵ੍ਹਟਸਐਪ ਹੈਲਪਲਾਈਨ 9170652 51380 ਜਾਰੀ ਕੀਤਾ ਗਿਆ ਹੈ। ਇਹ ਵ੍ਹਟਸਐਪ ਹੈਲਪਲਾਈਨ ਯੂਕੇ ਵੀਜ਼ਾ ਘੁਟਾਲੇ ਉਜਾਗਰ ਕਰੇਗੀ। ਇਸ ਨਾਲ ਹੀ ਲੋਕਾਂ ਨੂੰ ਸਲਾਹ ਦਿੱਤੀ ਜਾਵੇਗੀ ਕਿ ਉਹ ਯੂਕੇ ’ਚ ਨੌਕਰੀਆਂ ਦੇ ਵਾਅਦੇ ਦੇ ਝਾਂਸੇ ਤੇ ਬਹੁਤ ਜ਼ਿਆਦਾ ਫੀਸਾਂ ਤੋਂ ਕਿਵੇਂ ਬਚੇ ਰਹਿਣ। ਉਨ੍ਹਾਂ ਕਿਹਾ ਕਿ ਵੀਜ਼ਾ ਧੋਖਾਧੜੀ ਕਰਨ ਵਾਲੇ ਵਿਅਕਤੀ ਨੂੰ 10 ਸਾਲਾਂ ਲਈ ਯੂਕੇ ਦੀ ਯਾਤਰਾ ਕਰਨ ਤੋਂ ਰੋਕਿਆ ਜਾ ਸਕਦਾ ਹੈ। ਸਕਾਟ ਨੇ ਕਿਹਾ ਕਿ ਗਤੀਸ਼ੀਲਤਾ ਤੇ ਪਰਵਾਸ ਭਾਈਵਾਲੀ ਸਮਝੌਤੇ ਤਹਿਤ ਯੂਕੇ ਤੇ ਭਾਰਤ ਨੇ ਅਨਿਯਮਿਤ ਪਰਵਾਸ ਹੱਲ ਕਰਨ ਲਈ ਵਚਨਬੱਧਤਾ ਪ੍ਰਗਟਾਈ ਹੈ। ਇਹ ਮੁਹਿੰਮ ਅਨਿਯਮਿਤ ਪਰਵਾਸ ਤੇ ਵੀਜ਼ਾ ਧੋਖਾਧੜੀ ਵਿਰੁੱਧ ਲੜਾਈ ਨੂੰ ਅੱਗੇ ਵਧਾਉਣ ਲਈ ਸਾਂਝੇ ਯਤਨਾਂ ’ਚੋਂ ਇਕ ਹੈ।



