Punjab

ਮੱਲਾਂਵਾਲਾ ਦੇ PNB ‘ਚ ਵੱਡੀ ਵਿੱਤੀ ਧੋਖਾਧੜੀ, ਏਜੰਟ ਨੇ 7 ਲੱਖ 7 ਹਜ਼ਾਰ ਦੀ ਮਾਰੀ ਠੱਗੀ

ਬਾਲ ਕਿਸ਼ਨ

ਫਿਰੋਜ਼ਪੁਰ, 13 ਜੁਲਾਈ : ਪੰਜਾਬ ਨੈਸ਼ਨਲ ਬੈਂਕ ਦੇ ਮੱਲਾਂਵਾਲਾ ਸਥਿਤ ਸ਼ਾਖਾ ਵਿਚ ਇੱਕ ਵੱਡੇ ਵਿੱਤੀ ਘਪਲੇ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਏਜੰਟ ਨੇ ਬੈਂਕ ਦੇ ਆਧਾਰ ’ਤੇ ਖਾਤਾਧਾਰਕਾਂ ਤੋਂ ਲੱਖਾਂ ਰੁਪਏ ਵਸੂਲ ਕਰਕੇ ਉਨ੍ਹਾਂ ਨੂੰ ਫਰਜ਼ੀ ਕੈਸ਼ ਰਸੀਦਾਂ ਅਤੇ ਫਿਕਸਡ ਡਿਪਾਜ਼ਿਟ (ਐੱਫ.ਡੀ.ਆਰ) ਦੀਆਂ ਪਾਸਬੁੱਕਾਂ ਜਾਰੀ ਕੀਤੀਆਂ। ਇਸ ਧੋਖਾਧੜੀ ਵਿਚ ਲਗਭਗ 7 ਲੱਖ 7 ਹਜ਼ਾਰ ਰੁਪਏ ਦਾ ਗਬਨ ਕੀਤਾ ਗਿਆ। ਮੱਲਾਂਵਾਲਾ ਪੁਲਿਸ ਨੇ ਇਸ ਸਬੰਧ ਵਿਚ ਏਜੰਟ ਸਤਨਾਮ ਸਿੰਘ ਪੁੱਤਰ ਰਾਜ ਸਿੰਘ ਵਾਸੀ ਭੜਾਣਾ ਖਿਲਾਫ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਮੱਲਾਂਵਾਲਾ ਦੇ ਸਹਾਇਕ ਥਾਣੇਦਾਰ ਮੇਜਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਨੈਸ਼ਨਲ ਬੈਂਕ ਦੀ ਚੀਫ ਮੈਨੇਜਰ ਗੀਤਾ ਮਹਿਤਾ ਅਤੇ ਪ੍ਰੀਤਮ ਸਿੰਘ ਭਾਟੀਆ, ਆਈਸੀਸੀ ਵੱਲੋਂ ਦਿੱਤੀ ਗਈ ਸ਼ਿਕਾਇਤ ਅਤੇ ਡਿਪਟੀ ਡੀਏ ਲੀਗਲ ਦੀ ਰਿਪੋਰਟ ਦੇ ਆਧਾਰ ’ਤੇ ਮੁਕੱਦਮਾ ਦਰਜ ਕੀਤਾ ਗਿਆ। ਸ਼ਿਕਾਇਤ ਵਿਚ ਸਾਹਮਣੇ ਆਇਆ ਕਿ ਸਤਨਾਮ ਸਿੰਘ ਨੇ ਬੈਂਕ ਦੇ ਨਾਂ ’ਤੇ ਖਾਤਾਧਾਰਕਾਂ ਤੋਂ ਪੈਸੇ ਇਕੱਠੇ ਕੀਤੇ ਅਤੇ ਉਨ੍ਹਾਂ ਨੂੰ ਜਾਅਲੀ ਰਸੀਦਾਂ ਅਤੇ ਐੱਫਡੀਆਰ ਪਾਸਬੁੱਕਾਂ ਦੇ ਦਿੱਤੀਆਂ, ਜੋ ਬੈਂਕ ਦੇ ਨਿਯਮਾਂ ਦੀ ਸਿੱਧੀ ਉਲੰਘਣਾ ਹੈ। ਪੁਲਿਸ ਨੇ ਇਸ ਮਾਮਲੇ ਵਿਚ ਬੀਐੱਨਐੱਸ ਦੀਆਂ ਧਾਰਾਵਾਂ 318(4), 336, 338, 340 ਅਤੇ 316(5) ਅਧੀਨ ਮੁਕੱਦਮਾ ਰਜਿਸਟਰ ਕੀਤਾ ਹੈ। ਜਾਂਚਕਰਤਾ ਮੇਜਰ ਸਿੰਘ ਨੇ ਦੱਸਿਆ ਕਿ ਸੀਨੀਅਰ ਅਫਸਰਾਂ ਦੀਆਂ ਹਦਾਇਤਾਂ ’ਤੇ ਕਾਨੂੰਨੀ ਰਾਏ ਲੈਣ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ। ਸ਼ਿਕਾਇਤਕਰਤਾਵਾਂ ਦੇ ਬਿਆਨਾਂ ਦੇ ਆਧਾਰ ’ਤੇ ਏਜੰਟ ਸਤਨਾਮ ਸਿੰਘ ਖਿਲਾਫ ਅਗਲੇਰੀ ਜਾਂਚ ਜਾਰੀ ਹੈ।

Related Articles

Leave a Reply

Your email address will not be published. Required fields are marked *

Back to top button