
ਫਿਰੋਜ਼ਪੁਰ, 16 ਜੂਨ : ਅੱਜ ਮੱਲਾਂਵਾਲਾ ਨੇੜੇ ਪਿੰਡ ਕਾਮਲ ਵਾਲਾ (ਚੰਦੇਵਾਲੀ ਬਸਤੀ) ਦੇ ਕੋਲ ਹਰੀਕੇ ਤੋਂ ਨਿਕਲਣ ਵਾਲੀ ਬੂਟੇ ਵਾਹ ਨਹਿਰ ਦੇ ਟੁੱਟਣ ਨਾਲ ਖੇਤਾਂ ਵਿਚ ਪਾਣੀ ਗਿਆ। ਇਸ ਹਾਦਸੇ ਨੇ ਸੈਂਕੜੇ ਏਕੜ ਝੋਨੇ ਦੀ ਫਸਲ, ਤੂੜੀ ਅਤੇ ਪਸ਼ੂਆਂ ਲਈ ਬੀਜਿਆ ਗਿਆ ਹਰਾ ਚਾਰਾ ਪੂਰੀ ਤਰ੍ਹਾਂ ਬਰਬਾਦ ਕਰ ਦਿੱਤਾ। ਕਿਸਾਨਾਂ ਨੇ ਮਿਹਨਤ ਅਤੇ ਖਰਚੇ ਨਾਲ ਲਗਾਈਆਂ ਫਸਲਾਂ ਦੇ ਨੁਕਸਾਨ ਨਾਲ ਦੁਖੀ ਹੋ ਕੇ ਆਪਣੇ ਆਪ ਹੀ ਮੁਸ਼ਕਲ ਨਾਲ ਨਹਿਰ ਦੇ ਪਾਣੀ ਦੇ ਵਹਾਅ ਨੂੰ ਮਿੱਟੀ ਦੇ ਬੋਰਿਆਂ ਨਾਲ ਰੋਕਿਆ। ਇਸ ਮੌਕੇ ਕਿਸਾਨ ਬਲਦੇਵ ਸਿੰਘ, ਬਾਬਾ ਸੁਖਦੇਵ ਸਿੰਘ, ਬੱਬੂ ਸ਼ਰਮਾ, ਹਰਬੰਸ ਸਿੰਘ ਕੌੜਾ ਅਤੇ ਗੁਰਦੀਪ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਨਹਿਰ ਦੇ ਟੁੱਟਣ ਕਾਰਨ ਉਨ੍ਹਾਂ ਦਾ ਵੱਡਾ ਨੁਕਸਾਨ ਹੋਇਆ ਹੈ। ਉਨ੍ਹਾਂ ਦੀਆਂ ਝੋਨੇ ਦੀਆਂ ਫਸਲਾਂ, ਤੂੜੀ ਅਤੇ ਹਰਾ ਚਾਰਾ ਪਾਣੀ ’ਚ ਡੁੱਬ ਕੇ ਖਰਾਬ ਹੋ ਗਿਆ। ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਨੁਕਸਾਨ ਹੋਈਆਂ ਫਸਲਾਂ ਦਾ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਉਹ ਦੁਬਾਰਾ ਝੋਨਾ ਲਗਾ ਸਕਣ। ਸਥਾਨਕ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਹੋਰ ਵਧਾ ਦਿੱਤਾ ਹੈ। ਉਹ ਪਹਿਲਾਂ ਹੀ ਮੌਸਮ ਦੀ ਮਾਰ ਅਤੇ ਵੱਧਦੇ ਖਰਚਿਆਂ ਨਾਲ ਜੂਝ ਰਹੇ ਸਨ। ਹੁਣ ਨਹਿਰ ਦੇ ਟੁੱਟਣ ਨਾਲ ਉਨ੍ਹਾਂ ਦੀਆਂ ਸਾਰੀਆਂ ਉਮੀਦਾਂ ’ਤੇ ਪਾਣੀ ਫਿਰ ਗਿਆ ਹੈ। ਕਿਸਾਨਾਂ ਨੇ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਨਹਿਰ ਦੀ ਮੁਰੰਮਤ ਅਤੇ ਨੁਕਸਾਨ ਦੀ ਤੁਰੰਤ ਜਾਂਚ ਕਰਕੇ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ਬਿਨਾਂ ਸਰਕਾਰੀ ਮੱਦਦ ਦੇ ਉਹ ਮੁੜ ਖੇਤੀ ਸੁਚਾਰੂ ਨਹੀਂ ਕਰ ਸਕਣਗੇ।



