ਮੰਤਰੀ ਧਾਲੀਵਾਲ ਨੇ ਲਾਈ ਅਫਸਰ ਦੀ ਕਲਾਸ, ਦਿੱਤੀ ਚਿਤਾਵਨੀ
ਢੰਗ ਨਾਲ ਕੰਮ ਕਰੋ ਨਹੀਂ ਤਾਂ CM Mann ਨੂੰ ਸਿੱਧੀ ਸ਼ਿਕਾਇਤ ਕਰਾਂਗਾ

ਜਸਵਿੰਦਰ ਸਿੰਘ ਸੰਧੂ
ਚੰਡੀਗੜ੍ਹ, 31 ਅਗਸਤ : ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਭਾਰੀ ਬਾਰਿਸ਼ ਕਾਰਨ ਆਏ ਹੜ੍ਹਾਂ ਕਾਰਨ ਹਾਲਾਤ ਚਿੰਤਾਜਣਕ ਬਣੇ ਹੋਏ ਹਨ। ਕਈ ਲੋਕ ਤਾਂ ਹਿਜਰਤ ਕਰ ਗਏ ਪਰ ਕਈ ਅਜੇ ਵੀ ਆਪਣੇ ਘਰਾਂ ਦੀਆਂ ਛੱਤਾਂ ‘ਤੇ ਤਰਪਾਲਾਂ ਪਾ ਕੇ ਦਿਨ ਗੁਜ਼ਾਰ ਰਹੇ ਹਨ। ਹਾਲਾਂਕਿ ਇਨ੍ਹਾਂ ਤਕ ਰਾਹਤ ਸਮੱਗਰੀ ਪਹੁੰਚਾਉਣ ਤੇ ਕਿਸੇ ਵੀ ਮੁਸ਼ਕਲ ਘੜੀ ‘ਚ ਉਨ੍ਹਾਂ ਦੀ ਮਦਦ ਕਰਨ ਦੀ ਸੀਐੱਮ ਨੇ ਮੰਤਰੀਆਂ ਤੇ ਵਿਧਾਇਕਾ ਦੀ ਡਿਊਟੀ ਲਗਾਈ ਹੋਈ ਹੈ ਪਰ ਫਿਰ ਵੀ ਕਈ ਜਗ੍ਹਾ ਰਾਹਤ ਕਾਰਜ ਠੀਕ ਢੰਗ ਨਾਲ ਨਾ ਹੋਣ ਦੀਆਂ ਸ਼ਿਕਾਇਤਾਂ ਆ ਰਹੀਆਂ ਹਨ ਜਿਸ ਤੋਂ ਬਾਅਦ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਸਾਰੇ ਅਧਿਕਾਰੀਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਪੰਜਾਬੀਆਂ ਦੇ ਇਸ ਸੰਕਟ ਦੇ ਸਮੇਂ ਆਪਣੀ ਡਿਊਟੀ ਸਹੀ ਢੰਗ ਨਾਲ ਕਰਨ, ਨਹੀਂ ਤਾਂ ਮਜਬੂਰਨ ਉਨ੍ਹਾਂ ਨੂੰ ਸਿੱਧੇ ਮੁੱਖ ਮੰਤਰੀ ਸਾਹਿਬ ਨੂੰ ਸ਼ਿਕਾਇਤ ਭੇਜਣੀ ਪਵੇਗੀ। ਧਾਲੀਵਾਲ ਨੇ ਆਪਣੇ ਫੇਸਬੁੱਕ ਅਕਾਊਂਟ ‘ਤੇ ਵੀਡੀਓ ਸਾਂਝੀ ਕੀਤੀ ਹੈ ਜਿਸ ਵਿਚ ਉਹ ਇਕ ਅਧਿਕਾਰੀ ਨੂੰ ਝਾੜ ਪਾਉਂਦੇ ਨਜ਼ਰ ਆ ਰਹੇ ਹਨ ਤੇ ਕਹਿ ਰਹੇ ਹਨ ਕਿ ਇੱਥੇ ਬੰਨ੍ਹ ਟੁੱਟਣ ਕੰਢੇ ਹੈ ਤੇ ਤੁਸੀਂ ਘਰ ਵਿਚ ਸੁੱਤੇ ਪਏ ਹਨ। ਉਨ੍ਹਾਂ ਸਾਫ਼ ਸ਼ਬਦਾਂ ‘ਚ ਕਿਹਾ ਕਿ ਸਵੇਰੇ ਦੇ 6 ਵਜੇ ਤੋਂ ਰਾਤ ਤਕ ਉਹ ਡਿਊਟੀ ‘ਤੇ ਰਹਿਣ ਨਹੀਂ ਤਾਂ ਕਾਰਵਾਈ ਹੋਵੇਗੀ।



