Punjab

‘ਮੰਤਰੀ ਜੀ, ਸੜਕਾਂ ਤਾਂ ਬਣਵਾਓ, ਟੋਇਆਂ ’ਚ ਸਮਾ ਰਿਹਾ ਵਿਕਾਸ

ਵਿਧਾਨ ਸਭਾ ਜ਼ਿਮਨੀ ਚੋਣ ਦੌਰਾਨ ਕੀਤੇ ਵਾਅਦਿਆਂ ’ਤੇ ਖਰੇ ਨਹੀਂ ਉਤਰੇ ਵਿਧਾਇਕ

ਲੁਧਿਆਣਾ, 14 ਸਤੰਬਰ: ਲੁਧਿਆਣਾ ਪੱਛਮੀ ਜ਼ਿਮਨੀ ਚੋਣ ’ਚ ਜਿੱਤ ਦੇ ਬਾਅਦ ਜਦੋਂ ‘ਆਪ’ ਦੇ ਸੰਜੀਵ ਅਰੋੜਾ ਵਿਧਾਨ ਸਭਾ ’ਚ ਪਹੁੰਚੇ ਤੇ ਫਿਰ ਮੰਤਰੀ ਬਣੇ ਤਾਂ ਜਨਤਾ ਨੂੰ ਉਮੀਦ ਸੀ ਕਿ ਹੁਣ ਸ਼ਹਿਰ ਦੀ ਤਸਵੀਰ ਬਦਲੇਗੀ ਪਰ 3 ਮਹੀਨੇ ਦਾ ਸਮਾਂ ਬੀਤਣ ਦੇ ਬਾਵਜੂਦ ਵੀ ਸ਼ਹਿਰ ਤੋਂ ‘ਵਿਕਾਸ’ ਗਾਇਬ ਹੈ। ਸੜਕਾਂ ਅਜੇ ਵੀ ਟੋਇਆਂ ’ਚ ਸਮਾਈਆਂ ਹਨ। ਕਿਤੇ ਬੱਜਰੀ ਉਖੜੀ ਹੋਈ ਹੈ ਤਾਂ ਕਿਤੇ ਪਾਣੀ ਨਾਲ ਭਰੇ ਟੋਇਆਂ ’ਚ ਵਾਹਨ ਚਲਾਉਣ ਵਾਲੇ ਆਪਣੀ ਜਾਨ ਜ਼ੋਖਮ ’ਚ ਪਾ ਰਹੇ ਹਨ। ਸੜਕਾਂ ਦੀ ਮੌਜੂਦਾ ਸਥਿਤੀ ਨੇ ਸ਼ਹਿਰ ਵਾਸੀਆਂ ਨੂੰ ਇਕ ਵਾਰ ਫਿਰ ਨਿਰਾਸ਼ ਕੀਤਾ ਹੈ। ਲੋਕਾਂ ਦਾ ਕਹਿਣਾ ਹੈ ਕਿ ਮੰਤਰੀ ਸਾਹਿਬ ਚੋਣਾਂ ਤੋਂ ਪਹਿਲਾਂ ਵੀ ਕੰਮ ਕਰਵਾਉਂਦੇ ਰਹੇ ਹਨ ਤੇ ਹੁਣ ਉਨ੍ਹਾਂ ਨੂੰ ਜ਼ਿਮਨੀ ਚੋਣ ਦੇ ਪ੍ਰਚਾਰ ਦੌਰਾਨ ਕੀਤੇ ਆਪਣੇ ਵਾਅਦਿਆਂ ਮੁਤਾਬਕ ਸੜਕਾਂ ’ਤੇ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ, ਕਿਉਂਕਿ ਉਹ ਲੁਧਿਆਣਾ ਤੋਂ ਮੰਤਰੀ ਹਨ। ਇਸ ਲਈ ਉਨ੍ਹਾਂ ਤੋਂ ਕਾਫੀ ਆਸ ਹੈ। ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦੀਆਂ ਸੜਕਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਸੜਕਾਂ ਦੀ ਸਥਿਤੀ ਤੋਂ ਲੋਕ ਨਿਰਾਸ਼ ਨਜ਼ਰ ਆਏ। ਸਿਵਲ ਲਾਇਨਜ਼ ਸਥਿਤ ਰੋਜ਼ ਗਾਰਡਨ ਦੇ ਨੇੜੇ ਦੀ ਸੜਕ ’ਤੇ ਬੱਜਰੀ ਤੇ ਪੱਥਰ ਖਿੱਲਰੇ ਹੋਏ ਸਨ, ਜਿਸ ਨਾਲ ਕੋਈ ਵੀ ਦੋਪਹੀਆ ਵਾਹਨ ਚਲਾਉਣ ਵਾਲਾ ਤਿਲਕ ਸਕਦਾ ਸੀ। ਇਸੇ ਤਰ੍ਹਾਂ ਈਸਟਮੈਨ ਚੌਕ ਦੀ ਮੁੱਖ ਚੌੜੀ ਸੜਕ ’ਚ ਸੜਕ ਲੱਭਣ ‘ਤੇ ਨਹੀਂ ਮਿਲ ਰਹੀ ਸੀ। ਸੜਕ ਦੇ ਟੋਇਆਂ ’ਚ ਪਾਣੀ ਭਰਿਆ ਹੋਇਆ ਸੀ ਤੇ ਵਾਹਨ ਚਲਾਉਣ ਵਾਲੇ ਜ਼ੋਖਮ ਉਠਾ ਕੇ ਇਸ ਨੂੰ ਪਾਰ ਕਰਦੇ ਦੇਖੇ ਗਏ।

ਲੋਕਾਂ ਨੇ ਕਿਹਾ- ਵਾਅਦੇ ਕਦੋਂ ਹੋਣਗੇ ਪੂਰੇ?

ਹੁਣ ਤਾਂ ਕਿਹਾ ਜਾ ਰਿਹਾ ਹੈ ਕਿ ਰੋਜ਼ ਗਾਰਡਨ ਦੀ ਸੜਕ ਬਾਰਿਸ਼ ਕਾਰਨ ਖਰਾਬ ਹੋਈ ਹੈ ਪਰ ਇਹ ਕਦੇ ਸਹੀ ਤਰੀਕੇ ਨਾਲ ਬਣੀ ਹੀ ਨਹੀਂ। ਲੁੱਕ ਤੇ ਬੱਜਰੀ ਤੱਕ ਯੋਗ ਮਾਤਰਾ ’ਚ ਨਹੀਂ ਪਾਈ ਗਈ, ਜੇਕਰ ਸਮੇਂ ’ਤੇ ਸੜਕ ਬਣਦੀ ਤਾਂ ਵਰਖਾ ਦੇ ਬਾਵਜੂਦ ਵੀ ਕੁਝ ਨਹੀਂ ਹੁੰਦਾ। – ਸੁਰਿੰਦਰ

– ਰੋਜ਼ ਗਾਰਡਨ ਦੀ ਸੜਕ ਤੋਂ ਹਫ਼ਤੇ ’ਚ 3-4 ਵਾਰੀ ਸਾਮਾਨ ਲੈ ਕੇ ਜਾਣਾ ਹੁੰਦਾ ਹੈ। ਸੜਕ ’ਤੇ ਬੱਜਰੀ ਤੇ ਪੱਥਰ ਫੈਲੇ ਹੋਏ ਹਨ। ਇਸ ’ਤੇ ਚੱਲਣਾ ਕਾਫੀ ਮੁਸ਼ਕਲ ਹੁੰਦਾ ਹੈ। ਕਦੋਂ ਕੋਈ ਫਿਸਲ ਜਾਵੇ ਜਾਂ ਹੋਰ ਵਾਹਨ ਟੱਕਰ ਮਾਰ ਦੇਵੇ, ਇਹ ਪਤਾ ਨਹੀਂ। – ਜੋਗਿੰਦਰ ਕੁਮਾਰ

– ਈਸਟਮੈਨ ਚੌਕ ਦੀ ਮੁੱਖ ਸੜਕ ਦਾ ਪਿਛਲੇ 2 ਮਹੀਨਿਆਂ ਤੋਂ ਬੁਰਾ ਹਾਲ ਹੈ। ਬਾਰਿਸ਼ ਹੋ ਜਾਂਦੀ ਹੈ ਤਾਂ ਗੋਡਿਆਂ ਤੱਕ ਪਾਣੀ ਤੇ ਉਸ ’ਚੋਂ ਟੋਇਆਂ ’ਚ ਵਾਹਨ ਲੈ ਕੇ ਜਾਣ ਵਾਲੇ ਲੋਕ ਅਕਸਰ ਫਸ ਜਾਂਦੇ ਹਨ। ਅਜੇ ਤੱਕ ਕਿਸੇ ਨੇ ਕੋਈ ਕੋਸ਼ਿਸ਼ ਨਹੀਂ ਕੀਤੀ। – ਵੰਸ਼ਮਨੀ ਕੁਮਾਰ

– ਪਿਛਲੇ ਕਾਫੀ ਸਮੇਂ ਤੋਂ ਸੜਕ ਦਾ ਇਹੀ ਹਾਲ ਹੈ। ਬਰਸਾਤ ’ਚ ਕਾਫੀ ਨੁਕਸਾਨ ਹੁੰਦਾ ਹੈ। ਅਸੀਂ ਇੱਥੋਂ ਲੰਘਣ ਤੋਂ ਪਰਹੇਜ਼ ਕਰਦੇ ਹਾਂ। ਮਜਬੂਰੀ ’ਚ ਗੱਡੀ ਲੈ ਕੇ ਜਾਣਾ ਪੈਂਦਾ ਹੈ। ਕਈ ਗੱਡੀ ਵਾਲੇ ਆਉਣ ਤੋਂ ਮਨ੍ਹਾ ਕਰ ਦਿੰਦੇ ਹਨ। ਮੇਰੇ ਵਾਹਨ ਨੂੰ ਵੀ ਨੁਕਸਾਨ ਹੋਇਆ। – ਸੋਮਵੀਰ

Related Articles

Leave a Reply

Your email address will not be published. Required fields are marked *

Back to top button