Punjab
ਮੰਡ ਖੇਤਰ ‘ਚ ਹੜ੍ਹ ਦੀ ਮਾਰ ਹੇਠ ਪਿੰਡਾਂ ਦੀ ਸਥਿਤੀ ‘ਚ ਕੋਈ ਸੁਧਾਰ ਨਹੀਂ
ਲੋਕਾਂ ਨੂੰ ਸਤਾਉਣ ਲੱਗਾ ਬਿਮਾਰੀ ਦਾ ਖ਼ਤਰਾ

ਸੁਲਤਾਨਪੁਰ ਲੋਧੀ, 22 ਅਗਸਤ : ਪਿਛਲੇ ਕਈ ਦਿਨਾਂ ਤੋਂ ਦਰਿਆ ਬਿਆਸ ਵਿੱਚ ਪਾਣੀ ਦਾ ਪੱਧਰ ਵਧਣ ਉਪਰੰਤ ਵਿਖਾਏ ਗਏ ਤਾਂਡਵ ਰੂਪ ਵਿੱਚ ਘਿਰੇ ਮੰਡ ਖੇਤਰ ਦੇ 16 ਪਿੰਡਾਂ ਵਿੱਚ ਚਾਰੇ ਪਾਸੇ ਤਬਾਹੀ ਦਾ ਮੰਜ਼ਰ ਸਾਫ ਦਿਖਾਈ ਦੇ ਰਿਹਾ ਹੈ। ਇਨੇ ਦਿਨਾਂ ਤੋਂ ਪਾਣੀ ਵਿੱਚ ਘਿਰੇ ਪੀੜਿਤ ਲੋਕ ਹੁਣ ਤਾਂ ਅੱਕ ਥੱਕ ਚੁੱਕੇ ਹਨ ਅਤੇ ਉਹਨਾਂ ਦਾ ਹੁਣ ਕੋਈ ਵਾਹ ਵਾਸਤਾ ਲੱਗਦਾ ਨਜ਼ਰ ਨਹੀਂ ਆ ਰਿਹਾ। ਮੰਡ ਖੇਤਰ ਦੇ ਸਮੁੱਚੇ ਇਲਾਕੇ ਵਿੱਚ ਪਾਣੀ ਦੀ ਸਥਿਤੀ ਜਿਉਂ ਦੀ ਤਿਉਂ ਬਣੀ ਹੋਈ ਹੈ ਅਤੇ ਪਾਣੀ ਕਦੇ ਵਧ ਜਾਂਦਾ ਹੈ ਅਤੇ ਕਦੇ ਘਟ ਜਾਂਦਾ ਹੈ। ਸਮੁੱਚੇ ਇਲਾਕੇ ਵਿੱਚ ਫਸਲਾਂ ਦੀ ਬਰਬਾਦੀ ਹੋ ਚੁੱਕੀ ਹੈ ਅਤੇ ਫਸਲਾਂ ਦੇ ਗਲਣ ਨਾਲ ਚਾਰੇ ਪਾਸੇ ਬਦਬੂ ਫੈਲੀ ਹੋਈ ਹੈ, ਜਿਸ ਨਾਲ ਲੋਕਾਂ ਦਾ ਹੁੰਮਸ ਭਰੀ ਗਰਮੀ ਵਿੱਚ ਪ੍ਰਭਾਵਿਤ ਹਲਕੇ ਵਿੱਚ ਰਹਿਣਾ ਮੁਸ਼ਕਲ ਬਣਿਆ ਹੋਇਆ ਹੈ। ਇੰਨੇ ਦਿਨ ਪਾਣੀ ਵਿੱਚ ਰਹਿਣ ਉਪਰੰਤ ਲੋਕ ਚਮੜੀ ਦੇ ਰੋਗ ਤੋਂ ਗ੍ਰਸਤ ਹੋ ਰਹੇ ਹਨ। ਮੰਡ ਖੇਤਰ ਦੇ ਹੜ ਪ੍ਰਭਾਵਿਤ ਇਲਾਕੇ ਵਿੱਚ ਵੱਡੀ ਤਾਦਾਦ ਵਿੱਚ ਧਾਰਮਿਕ, ਸਮਾਜਿਕ, ਰਾਜਨੀਤਿਕ ਲੋਕਾਂ ਵੱਲੋਂ ਰਾਸ਼ਣ, ਪਾਣੀ ਤੇ ਰਾਹਤ ਸਮੱਗਰੀ ਪਹੁੰਚਾਈ ਜਾ ਰਹੀ ਹੈ। ਸਮੁੱਚੇ ਮੰਡ ਖੇਤਰ ਦੇ ਹੜ ਗ੍ਰਸਤ ਇਲਾਕੇ ਵਿੱਚ ਵੱਡੀ ਤਾਦਾਦ ਵਿੱਚ ਪਸ਼ੂਆਂ ਲਈ ਤੂੜੀ,ਹਰਾ ਚਾਰਾ, ਫੀਡ ,ਚੋਪਰ, ਤਰਪਾਲਾਂ ਆਦਿ ਕਿਸ਼ਤੀਆਂ ਰਾਹੀਂ ਲੋਕਾਂ ਦੇ ਘਰ ਘਰ ਪਹੁੰਚਾਇਆ ਜਾ ਰਿਹਾ ਹੈ ਤਾਂ ਜੋ ਪਸ਼ੂ ਧਨ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਨਾ ਆਵੇ। ਦਰਿਆ ਵਿੱਚ ਪਾਣੀ ਦੇ ਵਧ ਰਹੇ ਤੇਜ਼ ਵਹਾਅ ਕਾਰਨ ਬਹੁਤ ਸਾਰੇ ਘਰ ਪਾਣੀ ਦੀ ਲਪੇਟ ਵਿੱਚ ਆ ਚੁੱਕੇ ਹਨ ਅਤੇ ਢਹਿਣੇ ਸ਼ੁਰੂ ਹੋ ਗਏ ਹਨ। ਬੀਤੇ ਦੋ ਦਿਨ ਤੋਂ ਲਗਾਤਾਰ ਪੰਜਾਬ ਦੇ ਕੈਬਨਿਟ ਮੰਤਰੀਆਂ ਵੱਲੋਂ ਹੜ ਗ੍ਰਸਤ ਇਲਾਕੇ ਦਾ ਦੌਰਾ ਕੀਤਾ ਗਿਆ ਅਤੇ ਸਥਿਤੀ ਨੂੰ ਪੂਰੀ ਤਰ੍ਹਾਂ ਗਹੁ ਨਾਲ ਵਾਚਿਆ ਗਿਆ ਹੈ। ਇਸ ਮੌਕੇ ਸਮੂਹ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਹੜ ਪੀੜਤਾਂ ਦੀ ਹਰ ਸੰਭਵ ਸਹਾਇਤਾ ਕਰਨ ਦੀਆਂ ਸਖਤ ਹਦਾਇਤਾਂ ਦਿੱਤੀਆਂ ਗਈਆਂ ਹਨ।



