
ਹੁਸ਼ਿਆਰਪੁਰ, 22 ਅਗਸਤ : ਹੁਸ਼ਿਆਰਪੁਰ ਦੇ ਲਾਗਲੇ ਪਿੰਡ ਸਲੇਮਪੁਰ ਵਿਖੇ ਇੱਕ ਨੌਜਵਾਨ ਨੇ ਆਪਣੀ ਜੀਵਨ ਸਾਥਣ ਦੀ ਬੇਵਫਾਈ ਤੋਂ ਤੰਗ ਆ ਕੇ ਘਰ ਵਿਚ ਹੀ ਪੱਖ਼ੇ ਨਾਲ ਲਟਕ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਥਾਣਾ ਸਦਰ ਦੀ ਪੁਲਿਸ ਨੇ ਲਾ਼ਸ ਕਬਜੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਰਨ ਤੋਂ ਪਹਿਲਾਂ ਮ੍ਰਿਤਕ ਨੇ ਇੱਕ ਖ਼ੁਦਕੁਸ਼ੀ ਨੋਟ ਵੀ ਲਿਖ਼ਆ ਹੈ ਜਿਸ ਵਿਚ ਉਸ ਨੇ ਆਪਣੀ ਜੀਵਨ ਸਾਥਣ ਅਤੇ ਭੂਆ ਦੇ ਲੜਕੇ ਨਾਮ ਲਿਖ਼ੇ ਕੇ ਉਨ੍ਹਾਂ ਵਿਰੁੱਧ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਸਲੇਮਪੁਰ ਦੇ ਮ੍ਰਿਤਕ ਅਮਨਪ੍ਰੀਤ ਸਿੰਘ ਪੁੱਤਰ ਮਹਿੰਦਰ ਸਿੰਘ ਨੇ ਆਪਣੇ ਖ਼ੁਦਕੁਸ਼ੀ ਨੋਟ ਵਿੱਚ ਲਿਖਿਆ ਹੈ ਕਿ ਉਹ ਫਾਹਾ ਲੈ ਕੇ ਮਰਨ ਲੱਗਾ ਹੈ ਤੇ ਜਿਸ ਦੀ ਜਿੰਮੇਵਾਰੀ ਉਸਦੀ ਜੀਵਨ ਸਾਥਣ ਅਨੀਤਾ ਤੇ ਭੂਆ ਦੇ ਲੜਕੇ ਸਰਬਜੀਤ ਸਿੰਘ ਵਾਸੀ ਚੱਗਰਾਂ ਦੀ ਹੋਵੇਗੀ। ਉਸਨੇ ਆਪਣੇ ਸੁਸਾਈਡ ਨੋਟ ਵਿੱਚ ਲਿਖਿਆ ਹੈ ਕਿ ਉਸਦੀ ਪਤਨੀ ਅਚਾਨਕ ਬਿਨਾਂ ਦੱਸੇ ਘਰ ਤੋਂ ਚਲੀ ਗਈ ਸੀ ਤੇ ਕਾਫ਼ੀ ਮਿੰਨਤਾ ਵੀ ਕੀਤੀਆਂ ਤੇ ਉਹ ਦੋ ਤੋਂ ਤਿੰਨ ਵਾਰ ਲੈਣ ਵੀ ਗਿਆ ਪਰ ਉਹ ਨਹੀਂ ਆਈ ਅਤੇ ਉਸ ਨੇ ਦੱਸਿਆ ਕਿ ਉਸ ਦੀ ਘਰਵਾਲੀ ਨਾ ਆਉਣ ਕਰਕੇ ਪਿੰਡ ਵਾਲੇ ਵੀ ਉਸ ਨੂੰ ਮੇਹਣੇ ਮਾਰਨ ਲੱਗ ਪਏ ਸੀ। ਜਿਸ ਕਰਕੇ ਉਹ ਘਰ ਦੇ ਬਾਹਰ ਵੀ ਘੱਟ ਨਿਕਲਦਾ ਸੀ। ਉਸ ਨੇ ਆਪਣੇ ਨੋਟ ਵਿੱਚ ਉਸ ਦੀ ਪਤਨੀ ਤੇ ਸਰਬਜੀਤ ਸਿੰਘ ਗੋਪੀ ਉਸਦੀ ਭੂਆ ਦਾ ਮੁੰਡਾ ਹੈ ਓਹ ਹੀ ਉਸ ਦੀ ਮੌਤ ਦੇ ਜ਼ਿੰਮੇਵਾਰ ਹਨ ਨੂੰ ਬਣਦੀ ਸਜ਼ਾ ਦਿੱਤੀ ਜਾਵੇ। ਪਿੰਡ ਵਾਸੀਆਂ ਨੇ ਦੱਸਿਆ ਕਿ ਮ੍ਰਿਤਕ ਆਪਣੀ ਜੀਵਨ ਸਾਥਣ ਨੂੰ ਸ਼ਿਮਲੇ ਵੱਲ ਤੋਂ ਲੈ ਕੇ ਆਇਆ ਸੀ ਅਤੇ ਉਸ ਦੇ ਪਹਿਲੇ ਵਿਆਹ ਦੇ ਤਿੰਨ ਬੱਚੇ ਵੀ ਹਨ। ਉਨ੍ਹਾਂ ਦੱਸਿਆ ਕਿ ਸ਼ਿਮਲੇ ਤੋਂ ਕਈ ਵਾਰ ਪੰਚਾਇਤਾਂ ਵੀ ਲੈਣ ਆਈਆਂ ਪਰੰਤੂ ਅਨੀਤਾ ਗਈ ਨਹੀਂ ਅਤੇ ਹੁਣ ਉਹ ਅਮਨਪ੍ਰੀਤ ਨੂੰ ਛੱਡ ਕੇ ਆਪਣੀ ਰਿਸ਼ੇਤਦਾਰੀ ਵਿਚ ਸਰਬਜੀਤ ਸਿੰਘ ਗੋਪੀ ਨਾਲ ਰਹਿਣ ਲੱਗ ਪਈ ਸੀ। ਮ੍ਰਿਤਕ ਨੇ ਉਸ ਨੂੰ ਲਿਆਉਣ ਦੀ ਬਹੁਤ ਕੋਸ਼ਿਸ਼ਸ ਕੀਤੀ ਪਰੰਤੂ ਉਹ ਵਾਪਿਸ ਨਹੀਂ ਆਈ ਜਿਸ ਤੋਂ ਦੁਖ਼ੀ ਹੋ ਕੇ ਉਸ ਨੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਦੂਜੇ ਪਾਸੇ ਮਾਮਲੇ ਦੀ ਪੜਤਾਲ ਲਈ ਪਹੁੰਚੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਤੇ ਪਰਿਵਾਰ ਦੇ ਬਿਆਨਾਂ ਤੇ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ।



