ਮੰਗਾਂ ਦੀ ਪੂਰਤੀ ਨੂੰ ਲੈ ਕੇ ਟਰਾਂਸਪੋਰਟ ਵਿਭਾਗ ਦੇ ਕੱਚੇ ਮੁਲਾਜ਼ਮਾਂ ਨੇ ਬੱਸਾਂ ਦਾ ਚੱਕਾ ਜਾਮ ਕਰਕੇ ਸ਼ੁਰੂ ਕੀਤਾ ਸੰਘਰਸ਼
ਟਰਾਂਸਪੋਰਟ ਮੰਤਰੀ ਦੀ ਵਾਅਦਾ ਖਿਲਾਫ਼ੀ ਤੋਂ ਖਫ਼ਾ ਮੁਲਾਜ਼ਮਾਂ ਨੇ ਸਰਕਾਰ ਦਾ ਕੀਤਾ ਪਿੱਟ ਸਿਆਪਾ
ਫ਼ਿਰੋਜ਼ਪੁਰ, 6 ਜਨਵਰੀ (ਜਸਵਿੰਦਰ ਸਿੰਘ ਸੰਧੂ)– ਆਪਣੀ ਹੱਕੀ ਮੰਗਾਂ ਦੀ ਪੂਰਤੀ ਨੂੰ ਲੈ ਕੇ ਟਰਾਂਸਪੋਰਟ ਵਿਭਾਗ ਦੇ ਕੱਚੇ ਮੁਲਾਜ਼ਮਾਂ ਵੱਲੋਂ ਪੰਜਾਬ ਭਰ ’ਚ ਸ਼ੁਰੂ ਕੀਤੇ ਸੰਘਰਸ਼ ਤਹਿਤ ਅੱਜ ਫ਼ਿਰੋਜ਼ਪੁਰ ਸ਼ਹਿਰ ਅਤੇ ਛਾਉਣੀ ਬੱਸ ਅੱਡਾ ਪੂਰੀ ਤਰ੍ਹਾਂ ਬੰਦ ਰਿਹਾ ਤੇ ਸਵਾਰੀਆਂ ਖੱਜਲ–ਖੁਆਰ ਹੁੰਦੀਆਂ ਰਹੀਆਂ। ਸ਼ਹਿਰ ਤੇ ਛਾਉਣੀ ਬੱਸ ਅੱਡੇ ’ਤੇ ਪੰਜਾਬ ਰੋਡਵੇਜ਼ ਪਨਬਸ/ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ 25/11 ਦੇ ਬੈਨਰ ਹੇਠ ਹੜਤਾਲ ਦੇ ਪਹਿਲੇ ਦਿਨ ਫ਼ਿਰੋਜ਼ਪੁਰ ਡਿਪੂ ਵਿਚ ਬੋਲਦਿਆਂ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ, ਡਿਪੂ ਪ੍ਰਧਾਨ ਜਤਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ 2 ਜਨਵਰੀ ਨੂੰ ਟਰਾਂਸਪੋਰਟ ਮੰਤਰੀ ਪੰਜਾਬ ਵਲੋਂ ਖ਼ਾਨਾਪੂਰਤੀ ਲਈ ਮੀਟਿੰਗ ਕੀਤੀ ਗਈ, ਜਿਸ ਵਿਚ ਟਰਾਂਸਪੋਰਟ ਮੰਤਰੀ ਪੰਜਾਬ ਵਲੋਂ ਟਰਾਂਸਪੋਰਟ ਦੀਆਂ ਵੱਖ-ਵੱਖ ਜਥੇਬੰਦੀਆਂ ਨੂੰ ਮੀਟਿੰਗ ਦੇ ਵਿਚ ਸ਼ਾਮਲ ਕਰਕੇ ਟਰਾਂਸਪੋਰਟ ਦੇ ਮੁਲਾਜ਼ਮਾਂ ਨੂੰ 10 ਸਾਲ ਵਾਲੀ ਡਾਊਨ ਕੇਡਰ ਦੀ ਪਾਲਸੀ ਨੂੰ ਲਾਗੂ ਕਰਨ ਦੇ ਲਈ ਜ਼ਬਰੀ ਹਾਮੀ ਭਰਵਾਉਣ ਦੀ ਕੋਸ਼ਿਸ਼ ਕੀਤੀ ਗਈ, ਜਿਸ ’ਚ ਕੋਈ ਵੀ ਟਰਾਂਸਪੋਰਟ ਦੇ ਪੱਕੇ ਮੁਲਾਜ਼ਮ ਨੂੰ ਮਿਲਣ ਵਾਲੀਆਂ ਵਿਸ਼ੇਸ਼ ਸਹੂਲਤ ਨਹੀਂ ਹਨ। ਜੰਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਸਾਨੂੰ ਸਾਡੇ ਵਿਭਾਗ ਦੇ ਸਰਵਿਸ ਰੂਲਾ ਤਹਿਤ ਪੱਕਾ ਕੀਤਾ ਜਾਵੇ ਨਾ ਕਿ ਇਸ ਕੱਚੀ ਪਿੱਲੀ ਪਾਲਸੀ ਦੇ ਤਹਿਤ ਜਿਸ ਨੂੰ ਲੈ ਕੇ ਜੰਥੇਬੰਦੀ ਲਗਭਗ 1 ਸਾਲ ਤੋਂ ਸਰਕਾਰ ਨਾਲ ਲਗਾਤਾਰ ਮੀਟਿੰਗ ਕਰਦੀ ਆ ਰਹੀ, ਪਰ ਹਰ ਵਾਰੀ ਸਰਕਾਰ ਵਲੋਂ ਟਾਲ–ਮਟੋਲ ਕਰਕੇ ਸਮਾਂ ਟਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੈਕਟਰੀ ਮੁਖਪਾਲ ਸਿੰਘ, ਸੀਨੀਅਰ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ, ਕੈਸ਼ੀਅਰ ਜਸਵੀਰ ਸਿੰਘ, ਮੀਤ ਪ੍ਰਧਾਨ ਸੋਰਵ ਮੈਣੀ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਵਲੋਂ ਟਰਾਂਸਪੋਰਟ ਦੇ ਕੱਚੇ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਕਰਨ ਦੇ ਲਈ ਕਮੇਟੀ ਬਣਾਈ ਸੀ, ਜਿਸ ਨਾਲ 2 ਤੋਂ 3 ਮੀਟਿੰਗ ਹੋਣ ਦੇ ਬਾਵਜੂਦ ਵੀ ਕੋਈ ਵੀ ਹੱਲ ਨਹੀਂ ਕੀਤਾ ਗਿਆ, ਜਦਕਿ ਜਥੇਬੰਦੀ ਵਲੋਂ ਪੰਜਾਬ ਨਾਲ ਲੱਗਦੇ ਸੂਬਿਆਂ ਹਰਿਆਣਾ ਤੇ ਹਿਮਾਚਲ ਦੇ ਵਿਚ 2 ਤੋਂ 3 ਸਾਲ ਤੋਂ ਕੰਮ ਕਰਦੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਗਿਆ, ਜਿਨ੍ਹਾਂ ਦੀਆਂ ਲਿਖਤਾਂ ਵੀ ਸਰਕਾਰ ਅਤੇ ਮਨੇਜਮੈਂਟ ਨੂੰ ਦਿੱਤੀਆਂ ਗਈਆਂ ਹਨ। ਮੀਤ ਪ੍ਰਧਾਨ ਰਮਨਦੀਪ ਸਿੰਘ, ਗੋਰਵ, ਾਰਾਜਿੰਦਰ ਸਿੰਘ, ਹਰਜੀਤ ਸਿੰਘ, ਸਤਨਾਮ ਸਿੰਘ, ਜਸਪਾਲ ਸਿੰਘ, ਕੈਸ਼ੀਅਰ ਅਜੈ ਕੁਮਾਰ ਨੇ ਦੱਸਿਆ ਕਿ ਇੱਥੇ ਪੰਜਾਬ ਦੇ ਨੌਜਵਾਨ ਨੂੰ ਰੋਜ਼ਗਾਰ ਦੇਣ ਲਈ ਅਤੇ ਕੰਟਰੈਕਟ ’ਤੇ ਕਰਨ ਦੀ ਬਜਾਏ ਉਲਟਾ ਆਊਟ ਸੋਰਸ ’ਤੇ ਭਰਤੀ ਕੀਤੀ ਜਾ ਰਹੀ ਹੈ। ਦਾਤਾਰ ਸਕਿਊਰਟੀ ਗਰੁੱਪ ਠੇਕੇਦਾਰ ਵਲੋਂ 5 ਕਰੋੜ ਰੁਪਏ ਈ.ਪੀ.ਐੱਫ ਈ.ਐੱਸ.ਆਈ ਦਾ ਅਤੇ 7 ਕਰੋੜ ਸਕਿਊਰਟੀਆਂ ਦੇ ਨਾਮ ’ਤੇ ਲੁੱਟ ਕਰਕੇ ਠੇਕੇਦਾਰ ਨੂੰ ਭਜਾ ਦਿੱਤਾ ਗਿਆ ਹੈ ਅਤੇ ਹੁਣ ਹਰਿਆਣੇ ਤੋਂ ਨਵਾਂ ਠੇਕੇਦਾਰ ਲਿਆਂਦਾ ਜਾ ਰਿਹਾ ਹੈ, ਪੰਜਾਬ ਦੇ ਰੋਜ਼ਗਾਰ ਨੂੰ ਖਤਮ ਕੀਤਾ ਜਾ ਰਿਹਾ ਹੈ, ਜਿਸ ਦੇ ਰੋਸ ਵਜੋਂ 6, 7, 8 ਜਨਵਰੀ ਨੂੰ ਪੰਜਾਬ ਭਰ ਦੇ ਵਿੱਚ ਚੱਕਾ ਜਾਮ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸੂਬੇ ਅੰਦਰ ਵਿਭਾਗ ਨੂੰ ਬਚਾਉਣ ਅਤੇ ਆਪਣੇ ਰੋਜ਼ਗਾਰ ਨੂੰ ਪੱਕਾ ਕਰਵਾਉ ਦੇ ਲਈ ਸਰਕਾਰ ਦੇ ਖ਼ਿਲਾਫ ਸੰਘਰਸ਼ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ ਤਹਿਤ ਅੱਜ 7 ਜਨਵਰੀ ਨੂੰ ਮੁੱਖ ਮੰਤਰੀ ਪੰਜਾਬ ਦੀ ਰਹਾਇਸ਼ ’ਤੇ ਧਰਨਾ ਦਿੱਤਾ ਜਾਵੇਗਾ। ਜੇਕਰ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਯੂਨੀਅਨ ਅਣਮਿੱਥੇ ਸਮੇਂ ਦੀ ਹੜਤਾਲ ਸਮੇਤ ਆਮ ਆਦਮੀ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਘਰ ਅੱਗੇ ਵੀ ਧਰਨਾ ਦੇਣ ਲਈ ਮਜ਼ਬੂਰ ਹੋਵੇਗੀ, ਜਿਸ ਦੀ ਜ਼ਿੰਮੇਵਾਰੀ ਸਰਕਾਰ ਅਤੇ ਮਨੇਜਮੈਂਟ ਦੀ ਹੋਵੇਗੀ।



