ਮੰਗਾਂ ਦੀ ਪੂਰਤੀ ਨਾ ਹੋਣ ਕਰਕੇ ਡੀ.ਸੀ. ਦਫ਼ਤਰਾਂ ਦੇ ਕਰਮਚਾਰੀ ਕਰਨਗੇ ਦਫ਼ਤਰੀ ਕੰਮ ਠੱਪ
15 ਤੋਂ 17 ਜਨਵਰੀ ਤਿੰਨ ਦਿਨ ਨਹੀਂ ਹੋਵੇਗਾ ਕੋਈ ਕੰਮ

ਫ਼ਿਰੋਜ਼ਪੁਰ, 14 ਜਨਵਰੀ (ਬਾਲ ਕਿਸ਼ਨ)– ਸਰਕਾਰ ਨੂੰ ਪਿਛਲੇ ਕਾਫ਼ੀ ਸਮੇਂ ਤੋਂ ਡੀਸੀ ਦਫ਼ਤਰਾਂ ਦੇ ਕਰਮਚਾਰੀਆਂ ਦੀਆਂ ਵਿਭਾਗੀ ਮੰਗਾਂ ਸਬੰਧੀ ਮੰਗ ਪੱਤਰ ਭੇਜ ਕੇ ਮੰਗਾਂ ਦੀ ਪੂਰਤੀ ਕਰਨ ਲਈ ਲਿਖਿਆ ਗਿਆ, ਪਰ ਸਰਕਾਰ ਵੱਲੋਂ ਅਜੇ ਤੱਕ ਵੀ ਮੰਗਾਂ ਦੀ ਪੂਰਤੀ ਨਾ ਕਰਨ ਕਰਕੇ ਦਫ਼ਤਰੀ ਕੰਮ ਠੱਪ ਕਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਤੇਜਿੰਦਰ ਸਿੰਘ ਨੰਗਲ, ਸੂਬਾ ਪ੍ਰਧਾਨ, ਨਰਿੰਦਰ ਸਿੰਘ ਚੀਮਾ, ਸੂਬਾ ਜਨਰਲ ਸਕੱਤਰ ਅਤੇ ਕਰਵਿੰਦਰ ਸਿੰਘ ਚੀਮਾ, ਸੂਬਾ ਵਿੱਤ ਸਕੱਤਰ ਨੇ ਦੱਸਿਆ ਕੇ ਸਰਕਾਰ ਸਾਡੀਆਂ ਮੰਗਾਂ ਵੱਲ ਬਿਲਕੁੱਲ ਧਿਆਨ ਨਹੀਂ ਦੇ ਰਹੀ। ਜਿਸ ਕਰਕੇ ਡੀਸੀ ਦਫਤਰ ਕਰਮਚਾਰੀ ਯੂਨੀਅਨ ਪੰਜਾਬ ਦੇ ਸਮੂਹ ਸੂਬਾ ਅਤੇ ਜਿਲਾ ਆਗੂਆਂ ਨਾਲ ਵਿਚਾਰ ਕੀਤਾ ਗਿਆ ਅਤੇ ਬਹੁਗਿਣਤੀ ਵਿੱਚ ਵਿਚਾਰ ਆਏ ਕੇ ਹੜਤਾਲ ਕੀਤੀ ਜਾਣੀ ਚਾਹੀਦੀ ਹੈ। ਜੱਥੇਬੰਦੀ ਦੇ ਆਗੂਆਂ ਦੇ ਆਏ ਵਿਚਾਰਾਂ ਦੇ ਮੱਦੇਨਜ਼ਰ ਜੱਥੇਬੰਦੀ ਵਲੋਂ ਮਜਬੂਰਨ ਫ਼ੈਸਲਾ ਲਿਆ ਗਿਆ ਕੇ ਸਰਕਾਰ ਵਲੋਂ ਮੰਗਾਂ ਦੀ ਪੂਰਤੀ ਨਾ ਕਰਨ ਕਰਕੇ ਸੰਘਰਸ਼ ਦੇ ਸ਼ੁਰੂਆਤ ਵਿੱਚ ਮਿਤੀ 15 ਤੋਂ 17 ਜਨਵਰੀ ਤਿੰਨ ਦਿਨ ਸੂਬੇ ਦੇ ਸਮੂਹ ਡੀਸੀ ਦਫ਼ਤਰਾਂ, ਸਮੂਹ ਐੱਸਡੀਐੱਮ ਦਫ਼ਤਰਾਂ, ਸਮੂਹ ਤਹਿਸੀਲਾਂ ਅਤੇ ਸਬ ਤਹਿਸੀਲਾਂ ਵਿਚ ਕੋਈ ਦਫ਼ਤਰੀ ਕੰਮ ਨਹੀਂ ਹੋਵੇਗਾ। ਇਸ ਸੰਘਰਸ਼ ਕਰਕੇ ਵੀ ਜੇ ਸਰਕਾਰ ਨੇ ਮੰਗਾਂ ਦੀ ਪੂਰਤੀ ਨਹੀਂ ਕੀਤੀ ਤਾਂ ਮਿਤੀ 18 ਜਨਵਰੀ 2025 ਨੂੰ ਜੱਥੇਬੰਦੀ ਵਲੋਂ ਸੰਘਰਸ਼ ਵਿੱਚ ਵਾਧਾ ਕਰਦੇ ਹੋਏ ਅਗਲੇ ਐਕਸ਼ਨ ਦਾ ਐਲਾਨ ਕੀਤਾ ਜਾਵੇਗਾ



