
ਸ਼ਾਹਕੋਟ/ਮਲਸੀਆਂ, 30 ਦਸੰਬਰ : ਪਿੰਡ ਈਸੇਵਾਲ (ਸ਼ਾਹਕੋਟ) ਦੇ ਬੇਆਸਿਰਆਂ ਦੇ ਆਸ਼ਰਮ ਦੇ ਸੰਚਾਲਕ ਜਿੰਦਰ ਮਾਨ ਨੇ ਦੱਸਿਆ ਕਿ ਜਨਵਰੀ 2023 ਨੂੰ ਉਨ੍ਹਾਂ ਨੂੰ ਮਲਸੀਆਂ ਬੱਸ ਅੱਡੇ ’ਤੇ ਇੱਕ ਆਦਮੀ ਲਾਵਾਰਸ ਹਾਲਤ ਵਿਚ ਮਿਲਿਆ ਸੀ, ਜਿਸ ਨੂੰ ਉਹ ਦੇਖਭਾਲ ਲਈ ਆਪਣੇ ਆਸ਼ਰਮ ਵਿੱਚ ਲੈ ਕੇ ਆਏ ਸਨ। ਮਾਨਸਿਕ ਸਥਿਤੀ ਠੀਕ ਨਾ ਹੋਣ ਕਾਰਨ ਉਹ ਆਸ਼ਰਮ ਵਿੱਚ ਰਹਿੰਦੇ ਹੋਏ ਕਿਸੇ ਨਾਲ ਗੱਲ ਨਹੀਂ ਕਰਦਾ ਸੀ, ਸਿਰਫ ਆਪਣੇ ਆਪ ਨਾਲ ਗੱਲ ਕਰਦਾ ਰਹਿੰਦਾ ਸੀ, ਜੋ ਕਿ ਸਮਝ ਤੋਂ ਬਾਹਰ ਸੀ। ਸਿਰਫ਼ ਇਹੀ ਸਮਝ ਆਉਂਦਾ ਸੀ ਕਿ ਉਹ ਆਪਣੇ ਪਰਿਵਾਰ ਨੂੰ ਮਿਲਣਾ ਚਾਹੁੰਦਾ ਸੀ। ਸੋਸ਼ਲ ਮੀਡੀਆ ਅਤੇ ਹੋਰ ਕਈ ਤਰੀਕਿਆਂ ਨਾਲ ਉਸ ਦੇ ਘਰ ਦਾ ਪਤਾ ਲਗਾਉਣ ਦੀਆਂ ਬਹੁਤ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਸਫਲਤਾ ਨਹੀਂ ਮਿਲੀ। ਇੱਕ ਦਿਨ ਜਦੋਂ ਟਰੱਕ ਡਰਾਈਵਰ ਪਹੁੰਚਿਆ, ਤਾਂ ਉਸ ਨੇ ਔਰੰਗਾਬਾਦ, ਬਿਹਾਰ ਦਾ ਜ਼ਿਕਰ ਕੀਤਾ। ਵਾਰ-ਵਾਰ ਪੁੱਛਗਿੱਛ ਕਰਨ ਤੋਂ ਬਾਅਦ ਉਸ ਨੇ ਆਪਣਾ ਪਿੰਡ ਬੋਪਤਪੁਰ, ਬਿਹਾਰ ਦੱਸਿਆ। ਬਹੁਤ ਕੋਸ਼ਿਸ਼ਾਂ ਤੋਂ ਬਾਅਦ ਚੰਡੀਗੜ੍ਹ ਦੇ ਸੁਭਾਸ਼ ਰਾਹੀਂ ਉਸ ਦੇ ਪਰਿਵਾਰ ਨਾਲ ਸੰਪਰਕ ਕੀਤਾ ਗਿਆ। ਪਹਿਲਾਂ ਤਾਂ ਪਰਿਵਾਰ ਨੇ ਇਸ ’ਤੇ ਵਿਸ਼ਵਾਸ ਨਹੀਂ ਕੀਤਾ, ਪਰ ਵੀਡੀਓ ਕਾਲ ’ਤੇ ਗੱਲ ਕਰਨ ਤੋਂ ਬਾਅਦ ਉਹ ਯਕੀਨ ਕਰ ਗਏ ਅਤੇ ਅੱਜ ਉਹ ਉਸ ਨੂੰ ਲੈਣ ਲਈ ਆਸ਼ਰਮ ਪੁੱਜੇ। ਉਸ ਦੇ ਪੁੱਤਰ ਸੰਤੋਸ਼ ਨੇ ਦੱਸਿਆ ਕਿ ਉਸ ਦੇ ਪਿਤਾ 2001 ਵਿੱਚ ਇੱਕ ਮੇਲੇ ਵਿੱਚ ਗਏ ਸਨ ਅਤੇ ਕਦੇ ਵਾਪਸ ਨਹੀਂ ਆਏ। ਉਨ੍ਹਾਂ ਨੇ ਬਹੁਤ ਭਾਲ ਕੀਤੀ, ਪਰ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ। ਉਸ ਦੀ ਮਾਂ ਦੀ 2009 ਵਿੱਚ ਮੌਤ ਹੋ ਗਈ। ਮਾਂ ਦੇ ਸਸਕਾਰ ਕਰਨ ਦੇ ਨਾਲ ਹੀ ਉਨ੍ਹਾਂ ਨੇ ਪਿਤਾ ਨੂੰ ਮਿ੍ਤਕ ਮੰਨਦਿਆਂ ਉੁਨ੍ਹਾਂ ਦੀਆਂ ਅੰਤਿਮ ਰਸਮਾਂ ਕਰ ਦਿੱਤੀਆਂ। 24 ਸਾਲਾਂ ਬਾਅਦ ਜਦੋਂ ਉਨ੍ਹਾਂ ਦੇ ਬੱਚੇ ਵੱਡੇ ਹੋ ਗਏ ਹਨ, ਤਾਂ ਉਨ੍ਹਾਂ ਦੇ ਪਿਤਾ ਨੂੰ ਜ਼ਿੰਦਾ ਦੇਖ ਕੇ ਉਨ੍ਹਾਂ ਦੀ ਖੁਸ਼ੀ ਬੇਅੰਤ ਹੈ। ਉਨ੍ਹਾਂ ਨੇ ਜਿੰਦਰ ਮਾਨ ਈਸੇਵਾਲ ਦਾ ਪਰਿਵਾਰ ਨੂੰ ਦੁਬਾਰਾ ਮਿਲਾਉਣ ਲਈ ਤਹਿ ਦਿਲੋਂ ਧੰਨਵਾਦ ਕੀਤਾ।



