Punjab

ਮੋਹਾਲੀ ਕੋਰਟ ਦੀ ਰੇਡ ’ਤੇ ਰੋਕ ਤੋਂ ਬਾਅਦ ਵਿਜੀਲੈਂਸ ਦਾ ਮਜੀਠੀਆ ਦੇ ਘਰ ਛਾਪਾ, ਅੰਮ੍ਰਿਤਸਰ ’ਚ ਪਰਿਵਾਰ ਦੇ ਮੈਂਬਰਾਂ ਤੋਂ ਚਾਰ ਘੰਟੇ ਕੀਤੀ ਪੁੱਛਗਿੱਛ

ਅੰਮ੍ਰਿਤਸਰ, 17 ਜੁਲਾਈ : ਅਕਾਲੀ-ਭਾਜਪਾ ਸਰਕਾਰ ’ਚ ਮੰਤਰੀ ਰਹੇ ਬਿਕਰਮ ਸਿੰਘ ਮਜੀਠੀਆ ਦੀ ਗ੍ਰੀਨ ਐਵੇਨਿਊ ਸਥਿਤ ਰਿਹਾਇਸ਼ ’ਤੇ ਵਿਜੀਲੈਂਸ ਮੋਹਾਲੀ ਦੀ ਟੀਮ ਨੇ ਬੁੱਧਵਾਰ ਨੂੰ ਵੀ ਛਾਪਾ ਮਾਰਿਆ। ਪਤਾ ਲੱਗਾ ਹੈ ਕਿ ਸਥਾਨਕ ਪੁਲਿਸ ਨੂੰ ਕੋਠੀ ਤੋਂ ਬਾਹਰ ਸਵੇਰੇ ਪੰਜ ਵਜੇ ਹੀ ਤਾਇਨਾਤ ਕਰ ਦਿੱਤਾ ਗਿਆ ਸੀ ਜਦਕਿ ਵਿਜੀਲੈਂਸ ਦੀ ਟੀਮ ਸਵੇਰੇ ਦਸ ਵਜੇ ਪੁੱਜੀ ਤੇ ਚਾਰ ਘੰਟੇ ਉਥੇ ਪਰਿਵਾਰ ਦੇ ਮੈਂਬਰਾਂ ਤੋਂ ਪੁੱਛਗਿੱਛ ਕਰਦੀ ਰਹੀ। ਮਜੀਠੀਆ ਦੇ ਵਕੀਲ ਅਰਸ਼ਦੀਪ ਸਿੰਘ ਕਲੇਰ ਵੀ ਇਸ ਮੌਕੇ ’ਤੇ ਮੌਜੂਦ ਸਨ। ਪੁਲਿਸ ਨੇ ਇਲਾਕੇ ’ਚ ਬੈਰੀਕੇਡਿੰਗ ਕਰ ਕੇ ਮੀਡੀਆ ਮੁਲਾਜ਼ਮਾਂ ਤੇ ਸਮਰਥਕਾਂ ਨੂੰ ਕੋਠੀ ਦੇ ਕੋਲ ਨਹੀਂ ਪੁੱਜਣ ਦਿੱਤਾ। ਜ਼ਿਕਰਯੋਗ ਹੈ ਕਿ ਮੋਹਾਲੀ ਦੀ ਵਿਸ਼ੇਸ਼ ਅਦਾਲਤ ਨੇ ਪਿਛਲੇ ਦਿਨ ਮੰਗਲਵਾਰ ਨੂੰ ਮਜੀਠੀਆ ਦੇ ਟਿਕਾਣਿਆਂ ’ਤੇ ਵਿਜੀਲੈਂਸ ਬਿਊਰੋ ਦੀ ਛਾਪੇਮਾਰੀ ’ਤੇ ਰੋਕ ਲਾਉਂਦੇ ਹੋਏ ਸਪੱਸ਼ਟ ਕੀਤਾ ਸੀ ਕਿ ਜੇ ਜਾਇਦਾਦ ਦਾ ਮੁਲਾਂਕਣ ਕੀਤਾ ਜਾਣਾ ਹੈ ਤਾਂ ਵਿਜੀਲੈਂਸ ਵੱਲੋਂ ਮਜੀਠੀਆ ਦੇ ਵਕੀਲ ਨੂੰ 24 ਘੰਟੇ ਪਹਿਲਾਂ ਸੂਚਨਾ ਦੇਣੀ ਜ਼ਰੂਰੀ ਹੋਵੇਗੀ। ਛਾਪੇਮਾਰੀ ’ਤੇ ਰੋਕ ’ਤੇ ਆਮ ਆਦਮੀ ਪਾਰਟੀ ਦੇ ਬੁਲਾਰੇ ਤੇ ਮਾਮਲੇ ’ਚ ਕੋਰਟ ’ਚ ਸਰਕਾਰ ਦਾ ਪੱਖ ਰੱਖ ਰਹੇ ਵਕੀਲ ਫੈਰੀ ਸੋਫਤ ਨੇ ਆਪਣੀ ਪ੍ਰਤੀਕਿਰਿਆ ’ਚ ਕਿਹਾ ਸੀ ਕਿ ਕੋਰਟ ਨੇ ਮਜੀਠੀਆ ਦੀਆਂ ਜਾਇਦਾਦਾਂ ਦੀ ਜਾਂਚ-ਪੜਤਾਲ ’ਤੇ ਰੋਕ ਨਹੀਂ ਲਗਾਈ ਹੈ ਬਲਕਿ ਮੁਲਾਂਕਣ ਕਾਰਜ ’ਚ ਮਜੀਠੀਆ ਦੇ ਵਕੀਲਾਂ ਦੀ ਭੂਮਿਕਾ ਤੈਅ ਕੀਤੀ ਹੈ। ਉਨ੍ਹਾਂ ਨੇ ਕਿਹਾ ਸੀ ਕਿ ਕੋਰਟ ਨੇ ਸਿਰਫ਼ ਇੰਨਾ ਕਿਹਾ ਹੈ ਕਿ ਹੁਣ ਵਕੀਲਾਂ ਦੀ ਮੌਜੂਦਗੀ ’ਚ ਵਿਜੀਲੈਂਸ ਟੀਮ ਮਜੀਠੀਆ ਨਾਲ ਜੁੜੇ ਟਿਕਾਣਿਆਂ ਤੇ ਜਾਇਦਾਦਾਂ ਦੀ ਜਾਂਚ-ਪੜਤਾਲ ਕਰੇਗੀ। ਉਨ੍ਹਾਂ ਨੇ ਕਿਹਾ ਸੀ ਕਿ ਵਿਜੀਲੈਂਸ ਟੀਮ ਬੁੱਧਵਾਰ ਨੂੰ ਵੀ ਅੰਮ੍ਰਿਤਸਰ ’ਚ ਮਜੀਠੀਆ ਨਾਲ ਜੁੜੇ ਟਿਕਾਣਿਆਂ ਦੀ ਜਾਂਚ ਕਰੇਗੀ ਤੇ ਉਨ੍ਹਾਂ ਨਾਲ ਸਬੰਧਤ ਜਾਇਦਾਦਾਂ ਤੇ ਹੋਰ ਆਰਥਿਕ ਮਾਮਲਿਆਂ ਦਾ ਮੁਲਾਂਕਣ ਕਰੇਗੀ।

Related Articles

Leave a Reply

Your email address will not be published. Required fields are marked *

Back to top button