
ਝਬਾਲ, 25 ਜੁਲਾਈ : ਝਬਾਲ ਵਿਖੇ ਡਿਊਟੀ ’ਤੇ ਆ ਰਹੇ ਮੋਟਰਸਾਈਕਲ ਸਵਾਰ ਬਿਜਲੀ ਮੁਲਾਜ਼ਮ ਨੂੰ ਤਰਨਤਾਰਨ-ਝਬਾਲ ਮਾਰਗ ’ਤੇ ਤੇਜ਼ ਰਫ਼ਤਾਰ ਸਕਾਰਪੀਓ ਨੇ ਟੱਕਰ ਮਾਰ ਦਿੱਤੀ। ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਜਿੱਥੇ ਸਕਾਰਪੀਓ ਗੱਡੀ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ, ਉੱਥੇ ਹੀ ਬਿਜਲੀ ਮੁਲਾਜ਼ਮ ਨੇ ਵੀ ਮੌਕੇ ’ਤੇ ਹੀ ਦਮ ਤੋੜ ਦਿੱਤਾ। ਜਿਸ ਦੀ ਪਛਾਣ ਕੁਲਜੀਤ ਸਿੰਘ ਵਾਸੀ ਪਿੰਡ ਮੱਲੀਆਂ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਝਬਾਲ ਦੇ ਬਿਜਲੀ ਘਰ ਵਿਖੇ ਤਾਇਨਾਤ ਕੁਲਜੀਤ ਸਿੰਘ ਵੀਰਵਾਰ ਸਵੇਰੇ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਪਣੇ ਪਿੰਡ ਤੋਂ ਝਬਾਲ ਡਿਊਟੀ ਲਈ ਨਿਕਲਿਆ ਸੀ। ਜਦੋਂ ਉਹ ਝਬਾਲ ਦੇ ਨੇੜੇ ਪੁੱਜਾ ਤਾਂ ਸਾਹਮਣੇ ਤੋਂ ਆ ਰਹੀ ਤੇਜ਼ ਰਫ਼ਤਾਰ ਸਕਾਰਪੀਓ ਗੱਡੀ ਨੰਬਰ ਪੀਬੀ11 ਸੀਐੱਮ 3013 ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਹਾਦਸੇ ਦੌਰਾਨ ਕੁਲਜੀਤ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਮੋਟਰਸਾਈਕਲ ਦੇ ਵੀ ਦੋ ਟੋਟੋ ਹੋ ਕੇ ਦੋਹਰਾ ਹੋ ਗਿਆ। ਘਟਨਾ ਦਾ ਪਤਾ ਚਲਦਿਆਂ ਹੀ ਥਾਣਾ ਝਬਾਲ ਦੀ ਪੁਲਿਸ ਮੌਕੇ ’ਤੇ ਪੁੱਜ ਗਈ। ਥਾਣਾ ਮੁਖੀ ਇੰਸਪੈਕਟਰ ਪਰਮਜੀਤ ਸਿੰਘ ਵਿਰਦੀ ਨੇ ਦੱਸਿਆ ਕਿ ਲਾਸ਼ ਤੇ ਹਦਸਾਗ੍ਰਸਤ ਵਾਹਨਾਂ ਨੂੰ ਕਬਜ਼ੇ ’ਚ ਲੈ ਲਿਆ ਗਿਆ ਹੈ ਤੇ ਮ੍ਰਿਤਕ ਦੇ ਵਾਰਸਾਂ ਦੇ ਬਿਆਨ ਕਲਮਬੰਦ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ।



