
ਬਾਲ ਕਿਸ਼ਨ
ਫ਼ਿਰੋਜ਼ਪੁਰ, 11 ਅਗਸਤ : ਕਿਸਾਨ ਮਜਦੂਰ ਮੋਰਚੇ ਦੇ ਸੱਦੇ ਤਹਿਤ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਜੋਨ ਮਖੂ ਦੀਆਂ ਸਾਰੀਆਂ ਹੀ ਇਕਾਈਆਂ ਦੇ ਆਗੂਆਂ ਵੱਲੋਂ ਸੈਂਕੜੇ ਮੋਟਰ ਸਾਈਕਲਾਂ ’ਤੇ ਸਵਾਰ ਹੋ ਕੇ ਜੋਨ ਪ੍ਰਧਾਨ ਵੀਰ ਸਿੰਘ ਨਿਜ਼ਾਮਦੀਨ ਵਾਲਾ ਦੀ ਪ੍ਰਧਾਨਗੀ ਹੇਠ ਮਖੂ ਬਿਜਲੀ ਘਰ ਤੋਂ ਮੋਟਰ ਸਾਈਕਲ ਮਾਰਚ ਸ਼ੁਰੂ ਕਰਕੇ ਵੱਖ ਵੱਖ ਪਿੰਡਾਂ ਰਾਹੀਂ ਫਿਰੋਜਪੁਰ ਦੇ ਜਿਹੜੇ ਪਿੰਡਾਂ ਦੀ ਜਮੀਨ ਸਰਕਾਰ ਨੇ ਲੈਂਡ ਪੂਲਿੰਗ ਪੋਲਿਸੀ ਤਹਿਤ ਲਿਆਂਦੀ ਉਨ੍ਹਾਂ ਪਿੰਡਾਂ ਵਿਚ ਵਿਸ਼ਾਲ ਮਾਰਚ ਕੀਤਾ ਤੇ ਮਾਨ ਸਰਕਾਰ ਵਿਰੁੱਧ ਝੰਡਾ ਮਾਰਚ ਕਰਦਿਆਂ ਸਰਕਾਰ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਕਿਸਾਨਾਂ ਦੀਆਂ ਜ਼ਮੀਨਾਂ ਹਥਿਆਉਣ ਲਈ ਲਿਆਂਦੀ ਨੀਤੀ ਪੋਲਿਸੀ ਰੱਦ ਕਰਨ ਅਤੇ ਸਮਾਰਟ ਚਿਪ ਵਾਲੇ ਪ੍ਰੀਪੇਡ ਮੀਟਰ ਪਿੰਡਾਂ, ਸ਼ਹਿਰਾਂ ਵਿੱਚ ਨਾ ਲਗਵਾਉਣ ਲਈ ਲੋਕਾਂ ਨੂੰ ਲਾਮਬੰਦ ਕੀਤਾ। ਮੋਟਰ ਸਾਈਕਲ ਮਾਰਚ ਮੌਕੇ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ, ਜ਼ਿਲ੍ਹਾ ਪ੍ਰੈਸ ਸਕੱਤਰ ਬਲਜਿੰਦਰ ਸਿੰਘ ਤਲਵੰਡੀ ਨਿਪਾਲਾਂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਦਿੱਲੀ ਦੇ ਦਲਾਲਾ ਦੇ ਕਹਿਣ ’ਤੇ ਇਸ ਤਰ੍ਹਾਂ ਦੀਆਂ ਲੋਕ ਮਾਰੂ ਨੀਤੀਆਂ ਲਾਗੂ ਕਰ ਰਹੀ ਹੈ ਤੇ ਦਿੱਲੀ ਦੇ ਹਾਰੇ ਹੋਏ ਲੋਕ ਹੀ ਪੰਜਾਬ ਸਰਕਾਰ ਨੂੰ ਆਪਣੇ ਇਸ਼ਾਰਿਆਂ ’ਤੇ ਨਚਾ ਕੇ ਕੰਮ ਕਰ ਰਹੇ ਹਨ। ਭਗਵੰਤ ਮਾਨ ਇਕ ਡੰਮੀ ਮੁੱਖ ਮੰਤਰੀ ਬਣ ਕੇ ਸਭ ਕੁਝ ਵੇਖ ਰਿਹਾ ਹੈ ਜੋ ਪੰਜਾਬ ਦੇ ਲੋਕ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਕਿਸਾਨ ਆਗੂਆਂ ਨੇ ਅੱਗੇ ਕਿਹਾ ਕਿ ਅੱਜ ਪੰਜਾਬ ਵਿਚ ਨਸ਼ੇ ਵੱਡੀ ਪੱਧਰ ’ਤੇ ਵਿੱਕ ਰਹੇ ਹਨ, ਸਰਕਾਰੀ ਦਫ਼ਤਰਾਂ ਵਿੱਚ ਭ੍ਰਿਸ਼ਟ ਅਫ਼ਸਰਸ਼ਾਹੀ ਦਾ ਰਾਜ ਹੈ ਤੇ ਆਮ ਜਨਤਾ ਦੀ ਕੋਈ ਸੁਣਵਾਈ ਨਹੀਂ ਹੈ। ਇਸ ਮੌਕੇ ਲਖਵਿੰਦਰ ਸਿੰਘ ਵਸਤੀ ਨਾਮਦੇਵ, ਬਲਕਾਰ ਸਿੰਘ ਸ਼ਾਮੇ ਵਾਲਾ, ਹਰਵਿੰਦਰ ਸਿੰਘ ਮੰਨੂ ਮਾਛੀ, ਸਾਹਿਬ ਸਿੰਘ, ਇੰਦਰਜੀਤ ਸਿੰਘ ਤਲਵੰਡੀ, ਕੁਲਦੀਪ ਸਿੰਘ, ਸ਼ਮਸ਼ੇਰ ਸਿੰਘ, ਜਗਰੂਪ ਸਿੰਘ, ਜਸਵੰਤ ਸਿੰਘ, ਜਰਨੈਲ ਸਿੰਘ, ਸੁਖਚੈਨ ਸਿੰਘ, ਸਵਰਨ ਸਿੰਘ, ਲਖਵਿੰਦਰ ਸਿੰਘ, ਸੁਖਚੈਨ ਸਿੰਘ, ਸੁਖਦੇਵ ਸਿੰਘ, ਤਰਸੇਮ ਸਿੰਘ, ਹਰਬੰਸ ਸਿੰਘ ਆਦਿ ਹਾਜ਼ਰ ਸਨ।



