
ਪਟਿਆਲਾ, 11 ਮਾਰਚ-ਪੰਜਾਬ ਸਟੇਟ ਪਾਵਰ ਕਾਪੋਰੇਸ਼ਨ (ਪੀਐੱਸਪੀਸੀਐੱਲ) ‘ਮੈਨੇਜਮੈਂਟ’ ਤੋਂ ਬਿਨਾਂ ਹੀ ‘ਮੈਨੇਜ’ ਹੋ ਰਿਹਾ ਹੈ। ਇਸ ਦਾ ਕਾਰਨ ਮਹਿਕਮੇ ਦੇ ਅਹਿਮ ਅਹੁਦੇ ਹੀ ਖਾਲੀ ਹੋਣਾ ਹੈ। ਬਿਜਲੀ ਖੇਤਰ ਨੂੰ ਭਰੋਸੇਯੋਗ ਅਤੇ ਗੁਣਵੱਤਾ ਵਾਲੀ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਲੰਬੇ ਸਮੇਂ ਦੀ ਯੋਜਨਾਬੰਦੀ ਦੀ ਲੋੜ ਹੁੰਦੀ ਹੈ। ਪ੍ਰੰਤੂ ਪੀਐੱਸਪੀਸੀ ਐੱਲ ਮੁੱਖ ਫੈਸਲਾ ਲੈਣ ਵਾਲਿਆਂ ਦੀਆਂ ਅਸਾਮੀਆਂ ਚੇਅਰਮੈਨ ਕਮ ਮਨੇਜਿੰਗ ਡਾਇਰੈਕਟਰ ਪੀਐੱਸਪੀਸੀਐੱਲ, ਡਾਇਰੈਕਟਰ ਡਿਸਟ੍ਰੀਬਿਊਸ਼ਨ, ਡਾਇਰੈਕਟਰ ਕਮਰਸ਼ੀਅਲ ਪੀਐੱਸਪੀਸੀਐੱਲ, ਡਾਇਰੈਕਟਰ ਐੱਚਆਰ ਪੀਐੱਸਪੀਸੀਐੱਲ ਅਤੇ ਡਾਇਰੈਕਟਰ ਟੈਕਨੀਕਲ ਪੀਐੱਸਟੀਸੀਐੱਲ ਦੀਆਂ ਅਸਾਮੀਆਂ ਖਾਲੀ ਹਨ। ਜਿਨਾਂ ਨੂੰ ਭਰਨ ਲਈ ਚੋਣ ਪ੍ਰੀਕ੍ਰਿਆ ਲਗਭਗ ਛੇ ਮਹੀਨੇ ਪਹਿਲਾਂ ਸ਼ੁਰੂ ਕੀਤੀ ਗਈ ਸੀ, ਜੋਕਿ ਅੱਜ ਤੱਕ ਪੂਰੀ ਨਹੀਂ ਹੋ ਸਕੀ ਹੈ। ਜਾਣਕਾਰੀ ਅਨੁਸਾਰ ਹੁਣ ਗਰਮੀਆਂ ਤੇ ਝੋਨੇ ਦੇ ਸੀਜ਼ਨ ਸ਼ੁਰੂ ਹੋਣ ਵਾਲਾ ਹੈ ਅਤੇ ਇਸਤੋਂ ਪਹਿਲਾਂ ਅਹਿਮ ਫੈਸਲੇ ਲੈਣ ਵਾਲੇ ਅਹੁਦੇ ਜਾਂ ਖਾਲੀ ਹਨ ਜਾਂ ਫਿਰ ਵਾਧੂ ਚਾਰਜ ’ਤੇ ਚੱਲ ਰਹੇ ਹਨ। ਡਾਇਰੈਕਟਰ ਵੰਡ, ਡਾਇਰੈਕਟਰ ਕਮਰਸ਼ੀਅਲ ਪੀਐੱਸਪੀਸੀਐੱਲ ਦੇ ਮਹੱਤਵਪੂਰਨ ਅਹੁਦੇ ਇੱਕ ਹਫ਼ਤੇ ਤੋਂ ਵੱਧ ਸਮੇਂ ਤੋਂ ਖਾਲੀ ਪਏ ਹਨ। ਸੀਐੱਮਡੀ ਪੀਐੱਸਪੀਸੀਐੱਲ ਦੇ ਅਹੁਦੇ ਦਾ ਚਾਰਜ ਸਕੱਤਰ ਨੂੰ ਦਿੱਤਾ ਗਿਆ ਹੈ ਅਤੇ ਡਾਇਰੈਕਟਰ ਤਕਨੀਕੀ ਪੀਐਸਟੀਸੀਐਲ ਦੇ ਅਹੁਦੇ ਲਈ ਐਡ-ਹਾਕ ਐਕਸਟੈਂਸ਼ਨ ਦਿੱਤੀ ਗਈ ਹੈ। ਇਸ ਤੋਂ ਇਲਾਵਾ ਮੈਂਬਰ ਪਾਵਰ ਬੀਐਮਬੀ, ਮੈਂਬਰ ਤਕਨੀਕੀ ਪੀਐੱਸਈਆਰਸੀ, ਸੀਐਮਡੀ ਪੀਐੱਸਟੀਸੀਐੱਲ, ਚੀਫ਼ ਇਲੈਕਟ੍ਰੀਕਲ ਇੰਸਪੈਕਟਰ ਵਰਗੇ ਮਹੱਤਵਪੂਰਨ ਅਹੁਦੇ ਲੰਬੇ ਸਮੇਂ ਤੋਂ ਖਾਲੀ ਪਏ ਹਨ ਜਾਂ ਵਾਧੂ ਚਾਰਜ ਦੁਆਰਾ ਚਲਾਏ ਜਾ ਰਹੇ ਹਨ।
ਫੈਸਲੇ ਲੈਣ ਦੀ ਪ੍ਰਕਿਰਿਆ ਵਿੱਚ ਪੈ ਰਿਹਾ ਵਿਘਨ : ਇੰਜੀਨੀਅਰਜ਼
ਪੀਐੱਸਈਬੀ ਇੰਜੀਨਿਅਰਜ਼ ਐਸੋਸੀਏਸ਼ਨ ਪ੍ਰਧਾਨ ਇੰਜ. ਜਸਵੀਰ ਸਿੰਘ ਧੀਮਾਨ ਅਤੇ ਜਨਰਲ ਸਕੱਤਰ ਇੰਜ. ਅਜੇਪਾਲ ਸਿੰਘ ਅਟਵਾਲ ਨੇ ਕਿਹਾ ਕਿ ਅਜਿਹਾ ਐੱਡਹਾਕ ਪ੍ਰਬੰਧ ਨਾ ਸਿਰਫ਼ ਇਨ੍ਹਾਂ ਮਹੱਤਵਪੂਰਨ ਅਹੁਦਿਆਂ ‘ਤੇ ਫੈਸਲਾ ਲੈਣ ਦੀ ਪ੍ਰਕਿਰਿਆ ਵਿੱਚ ਵਿਘਨ ਪਾ ਰਿਹਾ ਹੈ, ਸਗੋਂ ਬਿਜਲੀ ਖੇਤਰ ਵਿੱਚ ਅਨਿਸ਼ਚਿਤਤਾ ਦੀ ਭਾਵਨਾ ਵੀ ਪੈਦਾ ਕਰ ਰਿਹਾ ਹੈ। ਜਿਸ ਨਾਲ ਦੋਵਾਂ ਕਾਰਪੋਰੇਸ਼ਨਾਂ ਦੀ ਕਾਰਜ ਕੁਸ਼ਲਤਾ ‘ਤੇ ਮਾੜਾ ਪ੍ਰਭਾਵ ਪੈ ਰਿਹਾ ਹੈ, ਪੀਐੱਸਪੀਸੀਐੱਲ ਅਤੇ ਪੀਐੱਸਟੀਸੀਐੱਲ ਦੀ ਲੰਬੇ ਸਮੇਂ ਦੀਆਂ ਰਣਨੀਤੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਯੋਜਨਾ ਬਣਾਉਣ ਅਤੇ ਲਾਗੂ ਕਰਨ ਦੀ ਯੋਗਤਾ ਵਿੱਚ ਭਾਰੀ ਰੁਕਾਵਟ ਆ ਰਹੀ ਹੈ। ਇਸ ਸੀਜਨ ਵਿਚ ਬਿਜਲੀ ਦੀ ਮੰਗ 17 ਹਜ਼ਾਰ ਮੈਗਾਵਾਟ ਤੋਂ ਵੱਧ ਹੋਣ ਦੀ ਉਮੀਦਾ ਹੈ, ਅਜਿਹੇ ਵਿਚ ਨਾ ਸਿਰਫ਼ ਬਿਜਲੀ ਖੇਤਰ ਦੀ ਸਿਹਤ ਅਤੇ ਪ੍ਰਦਰਸ਼ਨ ਨੂੰ ਖਤਰੇ ਵਿੱਚ ਪਾਵੇਗੀ ਬਲਕਿ ਆਉਣ ਵਾਲੇ ਗਰਮੀਆਂ/ਝੋਨੇ ਦੇ ਸੀਜ਼ਨ ਲਈ ਤਿਆਰੀ ਨੂੰ ਵੀ ਪ੍ਰਭਾਵਿਤ ਕਰੇਗੀ।
ਐਸੋਸੀਏਸ਼ਨ ਨੇ ਮੁੱਖ ਮੰਤਰੀ ਨੂੰ ਦਖਲ ਦੇਣ ਦੀ ਕੀਤੀ ਅਪੀਲ
ਪੀਐੱਸਈਬੀ ਇੰਜੀਨਿਅਰਜ਼ ਐਸੋਸੀਏਸ਼ਨ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਹੈਕਿ ਪੀਐੱਸਪੀਸੀਐੱਲ, ਟੀਸੀਐੱਲ, ਪੀਐੱਸਈਆਰਸੀ ਅਤੇ ਸੀਈਆਈ ਵਿੱਚ ਇਨ੍ਹਾਂ ਮੁੱਖ ਅਸਾਮੀਆਂ ਨੂੰ ਪਹਿਲ ਦੇ ਆਧਾਰ ‘ਤੇ ਭਰਨ ਦਾ ਨਿਰਦੇਸ਼ ਦਿੱਤਾ ਜਾਵੇ। ਇਸ ਤੋਂ ਇਲਾਵਾ, ਬੀਬੀਐਮਬੀ ਦੇ ਨਿਯਮਤ ਮੈਂਬਰ ਪਾਵਰ ਨਿਯੁਕਤ ਕਰਨ ਦਾ ਮੁੱਦਾ ਕੇਂਦਰ ਸਰਕਾਰ ਕੋਲ ਚੁੱਕਿਆ ਜਾਵੇ। ਐਸੋਸੀਏਸ਼ਨ ਦਾ ਕਹਿਣਾ ਹੈ ਕਿ ਇਹਨਾਂ ਮੁੱਖ ਅਹੁਦਿਆਂ ਨੂੰ ਭਰਨ ਵਿੱਚ ਹੋਰ ਦੇਰੀ ਬਿਜਲੀ ਖੇਤਰ ਦੀ ਫੈਸਲਾ ਲੈਣ ਦੀ ਪ੍ਰੀਕ੍ਰਿਆ ਅਤੇ ਸੰਚਾਲਨ ਕੁਸ਼ਲਤਾ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰੇਗੀ। ਇਸ ਲਈ ਜਲਦ ਤੋਂ ਜਲਦ ਸਾਰੇ ਅਹਿਮ ਅਹੁਦਿਆਂ ਦੀ ਚੋਣ ਪ੍ਰਕਿਰਿਆ ਤੁਰੰਤ ਪੂਰੀ ਹੋਣੀ ਲਾਜਮੀ ਹੈ।



