
ਅੰਮ੍ਰਿਤਸਰ, 29 ਅਪਰੈਲ-ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨੀ ਨਾਗਰਿਕਾਂ ਨੂੰ ਉਨ੍ਹਾਂ ਦੇ ਦੇਸ਼ ਭੇਜਣ ਤੋਂ ਬਾਅਦ ਉਂਝ ਤਾਂ ਅਟਾਰੀ ਬਾਰਡਰ ਬੰਦ ਕਰ ਦਿੱਤਾ ਗਿਆ ਹੈ ਪਰ ਮੈਡੀਕਲ ਆਧਾਰ ’ਤੇ ਮਿਲੀ ਦੋ ਦਿਨ ਦੀ ਮੋਹਲਤ ਦੇ ਕਾਰਨ ਕਈ ਪਾਕਿਸਤਾਨੀ ਸੋਮਵਾਰ ਨੂੰ ਵੀ ਅਟਾਰੀ ਪਹੁੰਚੇ। ਇਨ੍ਹਾਂ ’ਚੋਂ ਕਈ ਉਹ ਲੋਕ ਵੀ ਸਨ, ਜੋ ਬਿਨਾ ਮੈਡੀਕਲ ਕਾਰਨ ਇਕ ਦਿਨ ਦੇਰ ਨਾਲ ਬਾਰਡਰ ’ਤੇ ਪਹੁੰਚੇ। ਬਾਰਡਰ ਅਧਿਕਾਰੀਆਂ ਨੇ ਆਮ ਲੋਕਾਂ ਲਈ ਸਮਾਂ ਹੱਦ ਖਤਮ ਹੋਣ ਦੇ ਬਾਵਜੂਦ ਕਿਸੇ ਪਾਕਿਸਤਾਨੀ ਨੂੰ ਜਾਣ ਤੋਂ ਨਹੀਂ ਰੋਕਿਆ। ਸੋਮਵਾਰ ਨੂੰ ਕੁੱਲ 124 ਪਾਕਿਸਤਾਨੀ ਆਪਣੇ ਦੇਸ਼ ਪਰਤੇ ਜਦਕਿ 220 ਭਾਰਤੀ ਵੀ ਦੇਸ਼ ਵਾਪਸ ਆਏ। ਹੁਣ ਤੱਕ 537 ਪਾਕਿਸਤਾਨੀ ਆਪਣੇ ਦੇਸ਼ ਜਾ ਚੁੱਕੇ ਹਨ ਜਦਕਿ 850 ਭਾਰਤੀ ਮੁੜ ਆਏ ਹਨ। ਮੈਡੀਕਲ ਮੋਹਲਤ ਸੋਮਵਾਰ ਤੇ ਮੰਗਲਵਾਰ ਦੀ ਹੈ। ਮੈਡੀਕਲ ਵੀਜ਼ਾ ’ਤੇ ਆਪਣੀ ਮਾਂ ਯਾਸੀਨ ਨੂੰ ਭਾਰਤ ਲੈ ਕੇ ਆਏ ਯਾਕੂਬ ਨੇ ਕਿਹਾ ਕਿ ਮਾਂ ਦੀਆਂ ਦੋਵੇਂ ਕਿਡਨੀਆਂ ਖਰਾਬ ਹਨ। ਪਾਕਿਸਤਾਨ ’ਚ ਇਲਾਜ ਨਹੀਂ ਹੋ ਸਕਿਆ ਇਸ ਲਈ ਉਥੋਂ ਦੇ ਡਾਕਟਰਾਂ ਨੇ ਭਾਰਤ ਰੈਫਰ ਕੀਤਾ ਸੀ। ਇਥੇ 40 ਦਿਨਾਂ ਦਾ ਵੀਜ਼ਾ ਲੈ ਕੇ ਆਏ ਸਨ ਪਰ 20 ਦਿਨਾਂ ਬਾਅਦ ਹੀ ਵਾਪਸ ਜਾਣ ਦਾ ਹੁਕਮ ਜਾਰੀ ਕਰ ਦਿੱਤਾ ਗਿਆ। ਮਾਂ ਦਾ ਇਲਾਜ ਪੂਰਾ ਨਹੀਂ ਹੋ ਸਕਿਆ। ਹੁਣ ਮਾਂ ਦਾ ਇਲਾਜ ਕਿਵੇਂ ਹੋਵੇਗਾ, ਇਹ ਚਿੰਤਾ ਸਤਾ ਰਹੀ ਹੈ। ਰੁਖਸਾਰ ਨੇ ਦੱਸਿਆ ਕਿ ਆਪਣੇ ਚਾਰ ਬੱਚਿਆਂ ਦੇ ਨਾਲ ਭਾਰਤ ’ਚ ਆਪਣੇ ਮਾਤ-ਪਿਤਾ ਨੂੰ ਮਿਲਣ ਆਈ ਸੀ। ਅਚਾਨਕ ਭਾਰਤ ਛੱਡਣ ਦਾ ਹੁਕਮ ਮਿਲਿਆ ਤਾਂ ਬੱਚਿਆਂ ਨੂੰ ਲੈ ਕੇ ਅਟਾਰੀ ਸਰਹੱਦ ’ਤੇ ਪਹੁੰਚੀ ਪਰ ਮੇਰੇ ਕੋਲ ਭਾਰਤੀ ਪਾਸਪੋਰਟ ਹੈ, ਇਸ ਲਈ ਮੈਨੂੰ ਨਹੀਂ ਜਾਣ ਦਿੱਤਾ ਗਿਆ। ਚਾਰੋਂ ਬੱਚਿਆਂ ਦੇ ਪਾਸਪੋਰਟ ਪਾਕਿਸਤਾਨ ਦੇ ਹਨ, ਇਸ ਲਈ ਉਨ੍ਹਾਂ ਨੂੰ ਅਟਾਰੀ ਪੋਸਟ ’ਤੇ ਛੱਡਿਆ। ਵਾਘਾ ਪੋਸਟ ’ਤੇ ਮੇਰੇ ਪਤੀ ਤੇ ਪਰਿਵਾਰਕ ਮੈਂਬਰ ਇੰਤਜ਼ਾਰ ਕਰ ਰਹੇ ਸਨ। ਬੱਚਿਆਂ ਨੂੰ ਉਨ੍ਹਾਂ ਕੋਲ ਭੇਜ ਤਾਂ ਦਿੱਤਾ ਪਰ ਹੁਣ ਮੈਂ ਉਥੇ ਕਿਵੇਂ ਜਾ ਸਕਾਂਗੀ, ਇਹੀ ਚਿੰਤਾ ਹੈ। ਪਾਕਿਸਤਾਨ ਦੇ ਪੇਸ਼ਾਵਰ ਤੋਂ ਆਏ 70 ਸਾਲਾ ਜਨਮਰਾਜ ਨੇ ਕਿਹਾ ਕਿ ਉਹ 45 ਦਿਨਾਂ ਦੇ ਵੀਜ਼ਾ ’ਤੇ ਭਾਰਤ ਆਏ ਸਨ। ਪਹਿਲੀ ਵਾਰ ਭਾਰਤ ਆਏ ਸਨ ਪਰ ਵਿਚਾਲੇ ਹੀ ਮੁੜਣਾ ਪੈ ਰਿਹਾ ਹੈ। ਪਾਕਿਸਤਾਨ ਤੋਂ ਜੋਧਪੁਰ ਆਏ ਚੰਨੂਮਲ ਨਾਂ ਦੇ ਵਿਅਕਤੀ ਨੇ ਕਿਹਾ ਕਿ ਅੱਤਵਾਦੀਆਂ ਨੇ ਧਰਮ ਦੇ ਨਾਂ ’ਤੇ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਹੈ। ਪਾਕਿਸਤਾਨੀ ਨਾਗਰਿਕ ਵਾਣੀ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਦੇ ਨਾਲ ਧਾਰਮਕ ਸਥਾਨਾਂ ਦੇ ਦਰਸ਼ਨਾਂ ਲਈ ਭਾਰਤ ਆਈ ਸੀ। 40 ਦਿਨਾਂ ਦਾ ਵੀਜ਼ਾ ਸੀ ਪਰ 20 ਦਿਨਾਂ ’ਚ ਮੁੜਣਾ ਪੈ ਰਿਹਾ ਹੈ। ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਅੱਤਵਾਦ ਵਿਰੁੱਧ ਸਖਤ ਰੁਖ ਅਪਨਾਉਣ ਤਾਂ ਜੋ ਨਿਰਦੋਸ਼ਾਂ ਦੀ ਹੱਤਿਆ ਨਾ ਹੋਵੇ ਅਤੇ ਨਾ ਹੀ ਲੋਕਾਂ ਨੂੰ ਇਸ ਤਰ੍ਹਾਂ ਦੇਸ਼ ਛੱਡ ਕੇ ਜਾਣਾ ਪਵੇ।



