
ਭਵਾਨੀਗੜ੍ਹ, 18 ਸਤੰਬਰ : ਬੁੱਧਵਾਰ ਦੀ ਸ਼ਾਮ ਨੇੜਲੇ ਪਿੰਡ ਨਦਾਮਪੁਰ ਵਿਖੇ ਇੱਕ ਨੌਜਵਾਨ ਦੀ ਮੋਟਰਸਾਈਕਲ ਸਮੇਤ ਨਹਿਰ ’ਚ ਡਿੱਗਣ ਕਾਰਨ ਮੌਤ ਹੋ ਗਈ। ਨੌਜਵਾਨ ਪਿੰਡ ਨਮਾਦਾਂ ਦੇ ਮੇਲੇ ਤੋਂ ਵਾਪਸ ਆ ਰਿਹਾ ਸੀ। ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਕਾਲਾਝਾੜ ਪੁਲਿਸ ਚੌਕੀ ਦੇ ਇੰਚਾਰਜ ਏਐਸਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਰੋਸ਼ਨ ਸਿੰਘ (17) ਪੁੱਤਰ ਗੁਰਭਿੰਦਰ ਸਿੰਘ ਵਾਸੀ ਪਿੰਡ ਬਖੋਪੀਰ ਆਪਣੇ ਦੋਸਤਾਂ ਨਾਲ ਪਿੰਡ ਨਮਾਦਾਂ ਤੋਂ ਮੇਲਾ ਦੇਖ ਕੇ ਵਾਪਸ ਪਰਤ ਰਿਹਾ ਸੀ ਕਿ ਇਸ ਦੌਰਾਨ ਪਿੰਡ ਨਦਾਮਪੁਰ ਨੇੜੇ ਪੁਰਾਣੇ ਪੁਲ ਤੋਂ ਨਵੇਂ ਪੁਲ ਵੱਲ ਜਾਂਦੇ ਸਮੇਂ ਬਾਈਪਾਸ ਵਾਲੀ ਸਾਈਡ ਨਹਿਰ ਦੀ ਪਟੜੀ ਤੋਂ ਜਦੋਂ ਰੋਸ਼ਨ ਸਿੰਘ ਮੋਟਰਸਾਈਕਲ ਬੈਕ ਕਰ ਰਿਹਾ ਸੀ ਤਾਂ ਅਚਾਨਕ ਸੰਤੁਲਣ ਵਿਗੜਨ ਕਾਰਨ ਉਹ ਮੋਟਰਸਾਈਲ ਸਣੇ ਨਹਿਰ ਵਿਚ ਡਿੱਗ ਗਿਆ। ਪਤਾ ਲੱਗਣ ’ਤੇ ਲੋਕਾਂ ਬੜੀ ਮੁਸ਼ੱਕਤ ਮਗਰੋਂ ਉਸ ਨੂੰ ਪਾਣੀ ’ਚੋਂ ਬਾਹਰ ਕੱਢਿਆ ਪਰ ਉਦੋਂ ਤਕ ਨੌਜਵਾਨ ਦੀ ਮੌਤ ਹੋ ਚੁੱਕੀ ਸੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਦੇ ਵਾਰਸਾਂ ਦੇ ਬਿਆਨਾਂ ਅਨੁਸਾਰ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ।



