Punjab

ਮੁੱਖ ਮੰਤਰੀ ਦਾ ਘਿਰਾਓ ਕਰਨ ਜਾ ਰਹੇ ਵਕੀਲਾਂ ਨੂੰ ਪੁਲਿਸ ਨੇ ਰਾਹ ‘ਚ ਰੋਕਿਆ

ਸ੍ਰੀ ਮੁਕਤਸਰ ਸਾਹਿਬ, 2 ਨਵੰਬਰ : ਮੁਕਤਸਰ ਦੇ ਪਿੰਡ ਜਵਾਰੇਵਾਲਾ ’ਚ ਦੋ ਧੜਿਆਂ ਵਿਚਕਾਰ ਹੋਈ ਲੜਾਈ ਦੇ ਸਬੰਧ ’ਚ ਥਾਣਾ ਸਦਰ ਪੁਲਿਸ ਮੁਕਤਸਰ ਵੱਲੋਂ ਇਕ ਵਕੀਲ ਵਿਰੁੱਧ ਐਫਆਈਆਰ ਦਰਜ ਕਰਨ ਦਾ ਬਾਰ ਐਸੋਸੀਏਸ਼ਨ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਇਸ ਕਾਰਨ ਐਤਵਾਰ ਨੂੰ ਸਾਰੇ ਵਕੀਲ ਮੁੱਖ ਮੰਤਰੀ ਨੂੰ ਘੇਰਨ ਲਈ ਗੁਰੂ ਗੋਬਿੰਦ ਸਿੰਘ ਸਟੇਡੀਅਮ ਦੇ ਬਾਹਰ ਕਾਲੇ ਝੰਡੇ ਲੈ ਕੇ ਇਕੱਠੇ ਹੋਏ। ਮੁੱਖ ਮੰਤਰੀ ਦੇ ਆਉਣ ਤੋਂ ਪਹਿਲਾਂ ਹੀ ਪੁਲਿਸ ਨੇ ਉਨ੍ਹਾਂ ਪੀਪਲ ਪੈਟਰੋਲ ਪੰਪ ਨੇੜੇ ਮੁਕਤਸਰ-ਕੋਟਕਪੂਰਾ ਰੋਡ ’ਤੇ ਰੋਕ ਲਿਆ ਅਤੇ ਅੱਗੇ ਨਹੀਂ ਜਾਣ ਦਿੱਤਾ। ਇਸ ਦੌਰਾਨ ਪੁਲਿਸ ਵੱਲੋਂ ਬੈਰੀਕੇਡ ਲਗਾ ਕੇ ਵੱਡੀ ਪੱਧਰ ‘ਤੇ ਫੋਰਸ ਤਾਇਨਾਤ ਕਰ ਦਿੱਤੀ ਜਿਸ ਤੋਂ ਬਾਅਦ ਵਕੀਲ ਉੱਥੇ ਹੀ ਧਰਨਾ ਲਗਾ ਕੇ ਬੈਠ ਗਏ ਤੇ ਮੁੱਖ ਮੰਤਰੀ ਭਗਵੰਤ ਮਾਨ ਖਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਗਈ। ਇਸਤੋਂ ਪਹਿਲਾਂ ਡਾਕਟਰ ਕੇਅਰ ਸਿੰਘ ਮਾਰਗ ਨੇੜੇ ਵਕੀਲਾਂ ਤੇ ਪੁਲਿਸ ਵਿਚਕਾਰ ਕਾਫ਼ੀ ਧੱਕਾ-ਮੁੱਕੀ ਹੋਈ। ਜ਼ਿਕਰਯੋਗ ਹੈ ਕਿ ਸ਼ਨਿਚਰਪਵਾਰ ਨੂੰ ਹੀ ਵਕੀਲਾਂ ਨੇ ਮੁੱਖ ਮੰਤਰੀ ਦੇ ਮੁਕਤਸਰ ਪਹੁੰਚਣ ‘ਤੇ ਉਨ੍ਹਾਂ ਨੂੰ ਘੇਰਨ ਦੀ ਚਿਤਾਵਨੀ ਦਿੱਤੀ ਸੀ।

ਇਹ ਹੈ ਮਾਮਲਾ

29 ਅਕਤੂਬਰ ਨੂੰ ਜਵਾਰੇਵਾਲਾ ਪਿੰਡ ’ਚ ਦੋ ਧੜਿਆਂ ਵਿਚਕਾਰ ਲੜਾਈ ਹੋਈ ਸੀ। ਇਸ ਮਾਮਲੇ ’ਚ ਮੁਕਤਸਰ ਸਦਰ ਥਾਣੇ ’ਚ ਕਰਾਸ ਐਫਆਈਆਰ ਦਰਜ ਕੀਤੀ ਗਈ ਹੈ। ਐਡਵੋਕੇਟ ਹਰਮਨਦੀਪ ਸਿੰਘ ਸੰਧੂ ਦਾ ਨਾਂ ਵੀ ਐਫਆਈਆਰ ‘ਚ ਦਰਜ ਕੀਤਾ ਗਿਆ ਜਿਸਦਾ ਬਾਰ ਐਸੋਸੀਏਸ਼ਨ ਨੇ ਵਿਰੋਧ ਕੀਤਾ। ਸ਼ਨਿਚਰਵਾਰ ਨੂੰ ਜ਼ਿਲ੍ਹਾ ਬਾਰ ਐਸੋਸੀਏਸ਼ਨ ਮੁਕਤਸਰ ਦੇ ਪ੍ਰਧਾਨ ਧਲਵੰਤ ਸਿੰਘ ਦੀ ਪ੍ਰਧਾਨਗੀ ਹੇਠ ਇਕ ਐਮਰਜੈਂਸੀ ਮੀਟਿੰਗ ਹੋਈ ਜਿਸ ਵਿਚ ਪੁਲਿਸ ਅਧਿਕਾਰੀਆਂ ਦੀ ਲਗਾਤਾਰ ਕਾਰਵਾਈ ਨਾ ਕਰਨ ਅਤੇ ਐਡਵੋਕੇਟ ਹਰਮਨਦੀਪ ਸਿੰਘ ਸੰਧੂ ਵਿਰੁੱਧ ਐਫਆਈਆਰ ਦਰਜ ਕਰਨ ਬਾਰੇ ਚਰਚਾ ਕੀਤੀ ਗਈ। ਬਾਰ ਐਸੋਸੀਏਸ਼ਨ ਦੇ ਪ੍ਰਧਾਨ ਨੇ ਕਿਹਾ ਕਿ ਮੀਟਿੰਗ ’ਚ ਇਸ ਗੱਲ ਦਾ ਗੰਭੀਰ ਨੋਟਿਸ ਲਿਆ ਗਿਆ ਕਿ ਪੁਲਿਸ ਵੱਲੋਂ ਉਨ੍ਹਾਂ ਦੇ ਵਕੀਲ ‘ਤੇ ਹਮਲਾ ਕਰਨ ਵਾਲੇ ਮੁਲਜ਼ਮਾਂ ਵਿਰੁੱਧ ਐਫਆਈਆਰ ਦਰਜ ਕਰਨ ਲਈ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ, ਜਦੋਂਕਿ ਪੀੜਤ ਵਿਰੁੱਧ ਰਾਜਨੀਤੀ ਤੋਂ ਪ੍ਰੇਰਿਤ ਐਫਆਈਆਰ ਦਰਜ ਕੀਤੀ ਗਈ ਹੈ। ਉਨ੍ਹਾਂ ਐਡਵੋਕੇਟ ਹਰਮਨਦੀਪ ਸਿੰਘ ਸੰਧੂ ਵਿਰੁੱਧ ਐਫਆਈਆਰ ਦਰਜ ਕਰਨ ਦੀ ਸਖ਼ਤ ਨਿੰਦਾ ਕੀਤੀ। ਬਾਰ ਐਸੋਸੀਏਸ਼ਨ ਨੇ ਪੀੜਤ ਵਕੀਲ ਵਿਰੁੱਧ ਦਰਜ ਐਫਆਈਆਰ ਤੁਰੰਤ ਰੱਦ ਕਰਨ ਅਤੇ ਪੀੜਤ ਵਕੀਲ ਦੇ ਬਿਆਨ ਦੇ ਆਧਾਰ ‘ਤੇ ਭਾਰਤੀ ਦੰਡਾਵਲੀ (ਆਈਪੀਸੀ) ਦੀਆਂ ਸਬੰਧਤ ਧਾਰਾਵਾਂ ਤਹਿਤ ਮੁਲਜ਼ਮਾਂ ਵਿਰੁੱਧ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ। ਉਨ੍ਹਾਂ ਐਸਐਸਪੀ, ਐਸਪੀ (ਡੀ), ਅਤੇ ਐਸਐਚਓ ਸਦਰ ਸ੍ਰੀ ਮੁਕਤਸਰ ਸਾਹਿਬ ਵਿਰੁੱਧ ਜਾਣਬੁੱਝ ਕੇ ਅਤੇ ਲਾਪਰਵਾਹੀ ਨਾਲ ਕੀਤੀਆਂ ਕਾਰਵਾਈਆਂ ਅਤੇ ਆਪਣੇ ਕਾਨੂੰਨੀ ਫਰਜ਼ ਨਿਭਾਉਣ ਵਿੱਚ ਅਸਫਲ ਰਹਿਣ ਲਈ ਵਿਭਾਗੀ ਜਾਂਚ ਅਤੇ ਸਖ਼ਤ ਅਨੁਸ਼ਾਸਨੀ ਕਾਰਵਾਈ ਦੀ ਮੰਗ ਵੀ ਕੀਤੀ।

Related Articles

Leave a Reply

Your email address will not be published. Required fields are marked *

Back to top button