ਮੁੱਖ ਮੰਤਰੀ ਤੇ ਕਿਸਾਨ ਆਗੂਆਂ ’ਚ ਵਧੀ ਦਰਾੜ CM ਵੱਲੋਂ ਬਠਿੰਡਾ ’ਚ ਦਿੱਤੀ ਗਈ ਬਹਿਸ ਦੀ ਚੁਣੌਤੀ ਨੂੰ ਕਿਸਾਨ ਆਗੂਆਂ ਨੇ ਸਵੀਕਾਰਿਆ

ਜਸਵਿੰਦਰ ਸਿੰਘ ਸੰਧੂ
ਚੰਡੀਗੜ੍ਹ, 3 ਜੂਨ : ਕਿਸਾਨ ਜਥੇਬੰਦੀਆਂ ਦੇ ਆਗੂਆਂ ਅਤੇ ਮੁੱਖ ਮੰਤਰੀ ਭਗਵੰਤ ਮਾਨ ’ਚ ਨਾਰਾਜ਼ਗੀ ਦੀ ਦਰਾੜ ਲਗਾਤਾਰ ਵਧਦੀ ਜਾ ਰਹੀ ਹੈ। ਕਿਸਾਨ ਜਥੇਬੰਦੀਆਂ ਦੇ ਆਗੂ ਭਾਵੇਂ ਉਹ ਬਲਬੀਰ ਸਿੰਘ ਰਾਜੇਵਾਲ ਹੋਣ ਜਾਂ ਫਿਰ ਜਗਜੀਤ ਸਿੰਘ ਡੱਲੇਵਾਲ, ਜਿਨ੍ਹਾਂ ’ਚ ਆਪਸ ’ਚ ਬਿਲਕੁੱਲ ਨਹੀਂ ਬਣਦੀ ਪਰ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਤਿੰਨ ਦਿਨ ਪਹਿਲਾਂ ਬਠਿੰਡਾ ’ਚ ਕਿਸਾਨ ਆਗੂਆਂ ’ਤੇ ਗੰਭੀਰ ਦੋਸ਼ ਲਾਉਂਦੇ ਹੋਏ ਉਨ੍ਹਾਂ ਨਾਲ ਬਹਿਸ ਦੀ ਚੁਣੌਤੀ ਦਿੱਤੀ ਤਾਂ ਹੁਣ ਕਿਸਾਨ ਆਗੂਆਂ ਨੇ ਉਸ ਨੂੰ ਸਵੀਕਾਰ ਕਰ ਲਿਆ ਹੈ। ਸੰਯੁਕਤ ਕਿਸਾਨ ਮੋਰਚੇ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ-ਸਿਆਸੀ ਦੇ ਨੇਤਾ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਮੁੱਖ ਮੰਤਰੀ ਜਦੋਂ ਚਾਹੁਣ, ਉਨ੍ਹਾਂ ਨਾਲ ਵੱਖ-ਵੱਖ ਕਿਸਾਨੀ ਮੁੱਦਿਆਂ ’ਤੇ ਬਹਿਸ ਕਰ ਲੈਣ। ਰਾਜੇਵਾਲ ਨੇ ਮੁੱਖ ਮੰਤਰੀ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਮੁੱਖ ਮੰਤਰੀ ਜਗ੍ਹਾ ਅਤੇ ਸਮਾਂ ਨਿਸ਼ਚਿਤ ਕਰਕੇ ਦੱਸ ਦੇਣ, ਉਹ ਬਹਿਸ ਲਈ ਆ ਜਾਣਗੇ। ਉਨ੍ਹਾਂ ਕਿਹਾ ਕਿ ਉਹ ਤਾਂ ਪਹਿਲਾਂ ਵੀ ਵੱਖ-ਵੱਖ ਕਿਸਾਨੀ ਮੁੱਦਿਆਂ, ਜਿਨ੍ਹਾਂ ਦਾ ਸਿੱਧਾ ਸਬੰਧ ਪੰਜਾਬ ਸਰਕਾਰ ਨਾਲ ਹੈ, ਦੇ ਲਈ ਮੁੱਖ ਮੰਤਰੀ ਨੂੰ ਬਹਿਸ ਦੀ ਚੁਣੌਤੀ ਦੇ ਚੁੱਕੇ ਹਨ ਪਰ ਮੁੱਖ ਮੰਤਰੀ ਹੀ ਸਮਾਂ ਨਹੀਂ ਦੇ ਰਹੇ। ਹੁਣ ਆਪਣੀਆਂ ਗਲਤੀਆਂ ਨੂੰ ਲੁਕਾਉਣ ਲਈ ਉਹ ਕਿਸਾਨ ਆਗੂਆਂ ’ਤੇ ਦੋਸ਼ ਮੜ੍ਹ ਰਹੇ ਹਨ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨ ਆਗੂਆਂ ’ਤੇ ਵੱਡੇ ਹੋਟਲਾਂ, ਹਸਪਤਾਲਾਂ ’ਚ ਭਾਈਵਾਲੀ ਦੇ ਦੋਸ਼ ਲਾਏ ਸਨ। ਸ਼ੰਭੂ ਅਤੇ ਖਨੌਰੀ ’ਚ ਕਿਸਾਨ ਮੋਰਚੇ ਨੂੰ ਹਟਾਉਣ ਨਾਲ ਡੱਲੇਵਾਲ ਧੜੇ ਅਤੇ ਚੰਡੀਗੜ੍ਹ ’ਚ ਕਿਸਾਨਾਂ ਨਾਲ ਹੋਈ ਮੀਟਿੰਗ ’ਚੋਂ ਉੱਠ ਕੇ ਜਾਣ ਨਾਲ ਰਾਜੇਵਾਲ ਅਤੇ ਜੋਗਿੰਦਰ ਸਿੰਘ ਉਗਰਾਹਾਂ ਦੀ ਯੂਨੀਅਨ ਵੀ ਉਨ੍ਹਾਂ ਨਾਲ ਨਾਰਾਜ਼ ਹੈ। ਇਨ੍ਹਾਂ ਨੂੰ ਮਨਾਉਣ ਦੀ ਬਜਾਏ ਮੁੱਖ ਮੰਤਰੀ ਨੇ ਵੀ ਸਿੱਧਾ ਇਨ੍ਹਾਂ ’ਤੇ ਗੰਭੀਰ ਦੋਸ਼ ਲਗਾ ਕੇ ਇਸ ਖੱਡ ਨੂੰ ਹੋਰ ਡੂੰਘਾ ਕਰ ਦਿੱਤਾ ਹੈ। ਕਿਸਾਨ ਯੂਨੀਅਨਾਂ ਦੇ ਵਰਕਰ ਵੀ ਇਸ ਕਾਰਨ ਵਿਧਾਇਕਾਂ ਅਤੇ ਮੰਤਰੀਆਂ ਦਾ ਰੋਜ਼ਾਨਾ ਘਿਰਾਓ ਕਰ ਰਹੇ ਹਨ। ਉਨ੍ਹਾਂ ਦੇ ਵਿਧਾਇਕਾਂ ਨੇ ਹੁਣ ਫੀਲਡ ’ਚ ਨਿਕਲਣਾ ਬੰਦ ਕਰ ਦਿੱਤਾ ਹੈ।



