
ਪਾਂਸ਼ਟਾ, 24 ਮਈ- ਨਜ਼ਦੀਕੀ ਪਿੰਡ ਅਜਨੋਹਾ ਦੇ ਬਿਸਤ ਦੁਆਬ ਨਹਿਰ ਦੇ ਨੀਵੇਂ ਪੁਲ਼ ਤੋਂ ਹਟਵੇਂ ਮੱਕੀ ਦੇ ਖੇਤਾਂ ’ਚ ਇਕ ਬਦਮਾਸ਼ ਪੁਲਿਸ ਨਾਲ ਮੁਕਾਬਲੇ ਦੌਰਾਨ ਲੱਤ ’ਚ ਗੋਲ਼ੀ ਲੱਗਣ ਕਾਰਨ ਜ਼ਖਮੀ ਹੋ ਗਿਆ। ਉਸ ਨੂੰ ਪੁਲਿਸ ਨੇ ਸਿਵਲ ਹਸਪਤਾਲ ਹੁਸ਼ਿਆਰਪੁਰ ’ਚ ਦਾਖਲ ਕਰਵਾਇਆ ਹੈ। ਜਾਣਕਾਰੀ ਅਨੁਸਾਰ ਪਿੰਡ ਅਜਨੋਹਾ ਦਾ ਸਰਬਜੀਤ ਸਿੰਘ ਉਰਫ਼ ਪਾਹਵਾ ਜੋ ਪਹਿਲਾਂ ਹੀ ਅਪਰਾਧੀ ਕਿਸਮ ਦਾ ਵਿਅਕਤੀ ਹੈ, ਜੋ ਪੁਲਿਸ ਨੂੰ ਲੁੜੀਦਾ ਸੀ, ਦੇ ਖ਼ਿਲਾਫ਼ ਪਹਿਲਾ ਵੀ ਛੇ-ਸੱਤ ਦੇ ਕਰੀਬ ਅਪਰਾਧਿਕ ਮਾਮਲੇ ਦਰਜ ਹਨ। ਉਸ ’ਤੇ ਇਕ ਕਤਲ ਦਾ ਪਰਚਾ, ਐੱਨਡੀਪੀਐੱਸ ਦੇ ਕਈ ਪਰਚੇ ਦਰਜ ਹਨ। ਇਹ ਪੁਲਿਸ ਇਕ ਹੋਰ ਅਪਰਾਧਿਕ ਮਾਮਲੇ ’ਚ ਲੁੜੀਂਦਾ ਸੀ। ਉਸ ਬਾਰੇ ਸੂਹ ਲੱਗਣ ’ਤੇ ਸ਼ੁੱਕਰਵਾਰ ਥਾਣਾ ਮੇਹਟੀਆਣਾ ਤੇ ਪੁਲਿਸ ਚੌਕੀ ਅਜਨੋਹਾ ਦੀ ਪੁਲਿਸ ਨੇ ਉਸ ਨੂੰ ਵੇਖ ਕੇ ਘਟਨਾ ਵਾਲੀ ਥਾਂ ’ਤੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਪੁਲਿਸ ਪਾਰਟੀ ’ਤੇ ਦੇਸੀ ਪਿਸਤੌਲ ਨਾਲ ਦੋ ਫਾਇਰ ਕੀਤੇ। ਇਸ ’ਤੇ ਜਵਾਬੀ ਕਾਰਵਾਈ ਕਰਦਿਆਂ ਪੁਲਿਸ ਨੇ ਉਸ ਨੂੰ ਕਾਬੂ ਕਰਨ ਲਈ ਇਕ ਹਵਾਈ ਫਾਇਰ ਕੀਤਾ ਗਿਆ ਤੇ ਦੂਸਰਾ ਫਾਇਰ ਉਸ ਦੀ ਲੱਤ ’ਚ ਲੱਗਾ। ਇਸ ਕਾਰਨ ਉਹ ਜ਼ਖਮੀ ਹੋ ਗਿਆ। ਮੌਕੇ ’ਤੇ ਉਸ ਨੂੰ ਪੁਲਿਸ ਵੱਲੋਂ ਇਕ ਦੇਸੀ ਪਿਸਤੌਲ ਸਮੇਤ ਕਾਬੂ ਕੀਤਾ ਗਿਆ। ਇਸ ਘਟਨਾ ਦੀ ਸੂਚਨਾ ਮਿਲਦਿਆਂ ਐੱਸਐੱਸਪੀ ਸੰਦੀਪ ਕੁਮਾਰ ਮਲਿਕ ਹੁਸ਼ਿਆਰਪੁਰ, ਐੱਸਪੀਡੀ ਮੁਕੇਸ਼ ਕੁਮਾਰ, ਡੀਐੱਸਪੀ ਪਲਵਿੰਦਰ ਸਿੰਘ, ਐੱਸਐੱਚਓ ਬਲਜੀਤ ਸਿੰਘ ਹੁੰਦਲ ਮੇਹਟੀਆਣਾ, ਐੱਸਐੱਚਓ ਪਲਵਿੰਦਰਪਾਲ ਜੀਤ ਸਿੰਘ ਮਾਹਿਲਪੁਰ, ਏਐੱਸਆਈ ਦਿਲਬਾਗ ਸਿੰਘ ਚੌਕੀ ਇੰਚਾਰਜ ਅਜਨੋਹਾ, ਏਐੱਸਆਈ ਪਲਵਿੰਦਰ ਸਿੰਘ ਚੀਮਾ ਸਪੈਸ਼ਲ ਬ੍ਰਾਂਚ ਆਦਿ ਨੇ ਪੁੱਜ ਕੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ।



