Punjab

ਮਿਸ਼ਨ ਸਮਰੱਥ 3.0 ਹੇਠ ਗੁਰੂਹਰਸਹਾਏ ਵਿਖੇ ਤਹਿਸੀਲ ਪੱਧਰੀ ਅਧਿਆਪਕ ਟ੍ਰੇਨਿੰਗ ਸਫਲਤਾਪੂਰਵਕ ਆਯੋਜਿਤ

ਫ਼ਿਰੋਜ਼ਪੁਰ, 7 ਮਾਰਚ (ਜਸਵਿੰਦਰ ਸਿੰਘ ਸੰਧੂ)– ਪੰਜਾਬ ਸਿੱਖਿਆ ਵਿਭਾਗ ਅਤੇ ਐੱਸਸੀਆਰਟੀ ਪੰਜਾਬ ਦੇ ਦਿ੍ਰਸ਼ਟੀਕੋਣ ਅਧੀਨ, ਸਰਕਾਰੀ ਸਕੂਲਾਂ ਦੇ ਵਿਦਿਅਕ ਮਿਆਰ ਨੂੰ ਉੱਚਾ ਚੁੱਕਣ ਦੇ ਉਦੇਸ਼ ਨਾਲ ਗੁਰੂ ਹਰਸਹਾਏ ਵਿਖੇ ਮਿਸ਼ਨ ਸਮਰੱਥ 3.0 ਦੇ ਤਹਿਤ ਤਹਿਸੀਲ ਪੱਧਰੀ ਅਧਿਆਪਕ ਟ੍ਰੇਨਿੰਗ ਸਫਲਤਾਪੂਰਵਕ ਆਯੋਜਿਤ ਕੀਤੀ ਗਈ। ਇਹ ਟ੍ਰੇਨਿੰਗ ਰਾਜ ਪੱਧਰੀ ਪੁਰਸਕਾਰ ਵਿਜੇਤਾ ਹੈੱਡ ਮਾਸਟਰ ਉਮੇਸ਼ ਕੁਮਾਰ ਦੁਆਰਾ ਸੰਚਾਲਿਤ ਪੀ ਸ਼੍ਰੀ ਐੱਮ ਸਰਕਾਰੀ ਹਾਈ ਸਕੂਲ, ਛਾਂਗਾ ਰਾਏ ਉਤਾੜ ਵਿਖੇ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਮਨੀਲਾ ਅਰੋੜਾ, ਉਪ ਜ਼ਿਲ੍ਹਾ ਸਿੱਖਿਆ ਅਫਸਰ ਡਾ. ਸਤਿੰਦਰ ਸਿੰਘ, ਪਿ੍ਰੰਸੀਪਲ ਡਾਇਟ ਸੀਮਾ ਪੰਛੀ ਅਤੇ ਡੀਆਰਸੀ ਦਿਨੇਸ਼ ਚੌਹਾਨ ਦੀ ਅਗਵਾਈ ਹੇਠ ਆਯੋਜਿਤ ਕੀਤੀ ਗਈ।ਇਸ ਟ੍ਰੇਨਿੰਗ ਦਾ ਮੁੱਖ ਉਦੇਸ਼ ਬੱਚਿਆਂ ਦੇ ਸਿੱਖਣ ਪੱਧਰ ਅਨੁਸਾਰ ਉਨ੍ਹਾਂ ਨੂੰ ਚਿੰਨ੍ਹਤ ਕਰਕੇ ਉਨ੍ਹਾਂ ਅੰਦਰ ਕੌਸ਼ਲ ਵਿਕਸਿਤ ਕਰਨਾ ਹੈ। ਬਲਾਕ ਗੁਰੂਹਰਸਹਾਏ-1 ਅਤੇ ਗੁਰੂਹਰਸਹਾਏ-2 ਦੇ 40 ਸਕੂਲਾਂ ਦੇ ਵੱਖ-ਵੱਖ ਵਿਸ਼ਿਆਂ ਦੇ ਅਧਿਆਪਕਾਂ ਨੇ ਇਸ ਟ੍ਰੇਨਿੰਗ ਵਿੱਚ ਭਾਗ ਲਿਆ ਅਤੇ ਬੜੇ ਉਤਸ਼ਾਹ ਨਾਲ ਵਿਚਾਰ-ਵਟਾਂਦਰੇ ਕੀਤੇ। ਇਸ ਟ੍ਰੇਨਿੰਗ ਦਾ ਕੇਂਦਰੀ ਧਿਆਨ ਛੇਵੀਂ, ਸੱਤਵੀਂ ਅਤੇ ਅੱਠਵੀਂ ਕਲਾਸਾਂ ਦੇ ਬੱਚਿਆਂ ਨੂੰ ਤਿੰਨ ਪੱਧਰਾਂ—ਲੈਵਲ-1, ਲੈਵਲ-2 ਅਤੇ ਲੈਵਲ-3 ਵਿੱਚ ਵੰਡ ਕੇ ਉਨ੍ਹਾਂ ਦੇ ਸਿੱਖਣ ਪੱਧਰ ਨੂੰ ਉੱਚਾ ਚੁੱਕਣ ’ਤੇ ਹੈ। ਮਿਸ਼ਨ ਸਮਰੱਥ 3.0 ਦੇ ਤਹਿਤ ਇਸ ਸਮੇਂ ਤਿੰਨ ਮੁੱਖ ਵਿਸ਼ਿਆਂ—ਪੰਜਾਬੀ, ਅੰਗਰੇਜ਼ੀ ਅਤੇ ਗਣਿਤ ਉੱਤੇ ਕੰਮ ਕੀਤਾ ਜਾ ਰਿਹਾ ਹੈ। ਧਿਆਨਯੋਗ ਹੈ ਕਿ ਇਸ ਤੋਂ ਪਹਿਲਾਂ ਮਿਸ਼ਨ ਸਮਰੱਥ 1.0 ਅਤੇ 2.0 ਵੀ ਸਫਲਤਾਪੂਰਵਕ ਪੂਰੇ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਦੇ ਨਤੀਜੇ ਬਹੁਤ ਹੀ ਪ੍ਰੇਰਣਾਦਾਇਕ ਰਹੇ ਹਨ। ਮਿਸ਼ਨ ਸਮਰੱਥ 3.0 ਨੂੰ ਅਗਲੇ ਅਕਾਦਮਿਕ ਸਾਲ ਅਪ੍ਰੈਲ 2025 ਤੋਂ ਪੰਜਾਬ ਦੇ ਸਮੂਹ ਸਰਕਾਰੀ ਸਕੂਲਾਂ ਵਿੱਚ ਲਾਗੂ ਕੀਤਾ ਜਾਵੇਗਾ। ਇਸ ਅਧੀਨ ਵਿਦਿਆਰਥੀਆਂ ਨੂੰ ਅਪ੍ਰੈਲ ਅਤੇ ਮਈ ਮਹੀਨਿਆਂ ਵਿੱਚ ਸਪੈਸ਼ਲ ਤਿਆਰ ਕੀਤਾ ਗਿਆ ਸਿਲੇਬਸ ਪੜ੍ਹਾਇਆ ਜਾਵੇਗਾ। ਤਾਂ ਜੋ ਵਿਦਿਆਰਥੀ ਘੱਟੋ ਘੱਟ ਸਿੱਖਣ ਦੇ ਟੀਚਿਆਂ ਵਿੱਚ ਪਰਪੱਕਤਾ ਹਾਸਲ ਕਰ ਸਕਣ। ਇਸ ਟ੍ਰੇਨਿੰਗ ਵਿੱਚ ਬੀਆਰਸੀ ਗੁਰੂਹਰਸਹਾਏ-1 ਦੇ ਵਿਸ਼ਾਲ ਕੁਮਾਰ, ਬੀਆਰਸੀ ਗੁਰੂਹਰਸਹਾਏ-2 ਦੇ ਅੰਗਰੇਜ਼ ਕੁਮਾਰ ਅਤੇ ਸੰਦੀਪ ਸਿੰਘ, ਜਸਕਰਨ ਸਿੰਘ, ਕੇਸ਼ਵ ਕੰਬੋਜ਼, ਗਗਨਦੀਪ ਅਤੇ ਸੁਰਿੰਦਰ ਸਿੰਘ ਵਰਗੇ ਵਿਦਵਾਨ ਅਧਿਆਪਕਾਂ ਦੀ ਹਾਜ਼ਰੀ ਅਤੇ ਸਮਰਥਨ ਨੇ ਇਸ ਟ੍ਰੇਨਿੰਗ ਨੂੰ ਆਪਣੀ ਤਜਰਬਾ ਯੋਗਤਾ ਤੇ ਟ੍ਰੇਨਿੰਗ ਨਾਲ ਸੰਬੰਧਿਤ ਨੁਕਤਿਆਂ ਰਾਹੀਂ ਸਫਲ ਬਣਾਇਆ।ਪ੍ਰਤਿਭਾਸਾਲੀ ਅਧਿਆਪਕ ਕਮ ਬਲਾਕ ਰਿਸੋਰਸ ਕੋਆਡੀਨੇਟਰ ਵਿਸ਼ਾਲ ਕੁਮਾਰ ਨੇ ਦੱਸਿਆ ਕਿ 6 ਮਾਰਚ ਤੋਂ 10 ਮਾਰਚ ਤੱਕ ਚੱਲਣ ਵਾਲੀ ਤਿੰਨ ਰੋਜ਼ਾ ਇਸ ਵਰਕਸ਼ਾਪ ਵਿੱਚ ਪੰਜਾਬੀ,ਅੰਗਰੇਜ਼ੀ, ਹਿਸਾਬ ਦੇ ਕੌਸਲਾਂ ਸਬੰਧੀ ਟੀਚਿਆਂ ਨੂੰ ਹਾਸਲ ਕਰਨ ਲਈ ਵਿਉਂਤਬੰਦੀ ਸਾਂਝੀ ਕੀਤੀ ਜਾ ਰਹੀ ਹੈ। ਇਹ ਟ੍ਰੇਨਿੰਗ ਵਿਦਿਆਰਥੀਆਂ ਦੇ ਕੌਸ਼ਲ, ਸਿੱਖਣ ਦੀ ਯੋਗਤਾ ਅਤੇ ਵਿਗਿਆਨਕ ਸੋਚ ਨੂੰ ਉਤਸ਼ਾਹਿਤ ਕਰਨ ਵੱਲ ਇੱਕ ਮਹੱਤਵਪੂਰਣ ਕਦਮ ਹੈ। ਇਸ ਤਰ੍ਹਾਂ ਦੇ ਉਪਰਾਲੇ ਵਿਦਿਆਰਥੀਆਂ ਨੂੰ ਆਧੁਨਿਕ ਵਿਗਿਆਨ ਅਤੇ ਤਕਨੀਕ ਦੀ ਦੁਨੀਆ ਵਿੱਚ ਅੱਗੇ ਵਧਣ ਲਈ ਮਜ਼ਬੂਤ ਬੁਨਿਆਦ ਪ੍ਰਦਾਨ ਕਰਨਗੇ। ਮਿਸ਼ਨ ਸਮਰੱਥ 3.0 ਸਿਰਫ਼ ਇੱਕ ਪ੍ਰੋਗਰਾਮ ਨਹੀਂ, ਸਗੋਂ ਪੰਜਾਬ ਦੇ ਵਿਦਿਆਰਥੀਆਂ ਦੇ ਭਵਿੱਖ ਨੂੰ ਨਵੀਂ ਦਿਸ਼ਾ ਦੇਣ ਵਾਲਾ ਇੱਕ ਯਤਨ ਹੈ।

Related Articles

Leave a Reply

Your email address will not be published. Required fields are marked *

Back to top button