Punjab

ਮਾਮੂਲੀ ਝਗੜੇ ਮਗਰੋਂ ਪੁੱਤ ਨੇ ਕੈਂਚੀ ਮਾਰ ਕੇ ਪਿਓ ਦਾ ਕੀਤਾ ਕਤਲ

ਪੁਲਿਸ ਵੱਲੋਂ ਭਾਲ ਜਾਰੀ

ਫਤਹਿਗੜ੍ਹ ਸਾਹਿਬ, 19 ਸਤੰਬਰ : ਪਿੰਡ ਪੱਤੋਂ ਵਿਖੇ ਇੱਕ ਨੌਜਵਾਨ ਨੇ ਕੈਂਚੀ ਮਾਰ ਕੇ ਆਪਣੇ ਪਿਓ ਦਾ ਕਤਲ ਕਰ ਦਿੱਤਾ। ਰਣਜੀਤ ਕੌਰ ਵਾਸੀ ਪਿੰਡ ਪੱਤੋਂ ਨੇ ਦੱਸਿਆ ਕਿ ਉਨ੍ਹਾਂ ਦੇ ਦੋ ਲੜਕੇ ਹਨ। ਵੱਡਾ ਲੜਕਾ ਵਿਦੇਸ਼ ਵਿੱਚ ਰਹਿੰਦਾ ਹੈ ਜਦੋਂ ਕਿ ਛੋਟਾ ਲੜਕਾ ਵਰਿੰਦਰਪ੍ਰੀਤ ਸਿੰਘ (24) ਉਨ੍ਹਾਂ ਦੇ ਨਾਲ ਘਰ ਵਿੱਚ ਰਹਿ ਕੇ ਪਸ਼ੂਆਂ ਦੀ ਦੇਖ-ਭਾਲ ਦਾ ਕੰਮ ਕਰਦਾ ਹੈ। ਬੁੱਧਵਾਰ ਨੂੰ ਵਰਿੰਦਰਪ੍ਰੀਤ ਸਿੰਘ ਦਾ ਜਨਮ ਦਿਨ ਸੀ ਜਿਸ ਨੇ ਜਨਮ ਦਿਨ ਮਨਾਉਣ ਲਈ ਪਿਤਾ ਪਰਮਜੀਤ ਸਿੰਘ ਤੋਂ ਪੰਜ ਹਜ਼ਾਰ ਰੁਪਏ ਦੀ ਮੰਗ ਕੀਤੀ ਜਿਸ ਸਬੰਧੀ ਅਸਮਰੱਥਾ ਜਤਾਉਂਦੇ ਹੋਏ ਪਰਮਜੀਤ ਸਿੰਘ ਨੇ ਉਸ ਨੂੰ ਕਿਹਾ ਕੇ ਉਹ ਇੱਕ ਹਜ਼ਾਰ ਰੁਪਏ ਲੈ ਲਵੇ ਜਿਸ ’ਤੇ ਗੁੱਸੇ ਵਿੱਚ ਆਇਆ ਵਰਿੰਦਰਪ੍ਰੀਤ ਸਿੰਘ ਆਪਣੇ ਪਿਤਾ ਨਾਲ ਹੱਥੋਪਾਈ ਹੋ ਗਿਆ। ਰੌਲਾ ਸੁਣ ਕੇ ਗਵਾਂਢ ’ਚ ਰਹਿੰਦਾ ਪਰਮਜੀਤ ਸਿੰਘ ਦੇ ਚਾਚੇ ਦਾ ਲੜਕਾ ਕਮਲਜੀਤ ਸਿੰਘ ਵੀ ਮੌਕੇ ’ਤੇ ਆ ਗਿਆ। ਉਨ੍ਹਾਂ ਪਰਮਜੀਤ ਸਿੰਘ ਨੂੰ ਵਰਿੰਦਰਪ੍ਰੀਤ ਸਿੰਘ ਤੋਂ ਛੁਡਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਉਸ ਨਾਲ ਵੀ ਹੱਥੋਪਾਈ ਹੋ ਗਿਆ। ਇਸੇ ਦੌਰਾਨ ਵਰਿੰਦਰਪ੍ਰੀਤ ਨੇ ਕੈਂਚੀ ਚੁੱਕ ਕੇ ਪਿਤਾ ਪਰਮਜੀਤ ਸਿੰਘ ਦੇ ਛਾਤੀ ਅਤੇ ਢਿੱਡ ’ਚ ਵਾਰ ਕਰ ਦਿੱਤੇ ਅਤੇ ਮੌਕੇ ਤੋਂ ਦੌੜ ਗਿਆ। ਇਸ ਹਮਲੇ ’ਚ ਗੰਭੀਰ ਜ਼ਖਮੀ ਹੋਇਆ ਪਰਮਜੀਤ ਸਿੰਘ ਲਹੂ-ਲੁਹਾਣ ਹੋ ਕੇ ਡਿੱਗ ਪਿਆ। ਉਸ ਨੂੰ ਸਿਵਲ ਹਸਪਤਾਲ ਫਤਹਿਗੜ੍ਹ ਸਾਹਿਬ ਵਿਖੇ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਥਾਣਾ ਬਡਾਲੀ ਆਲਾ ਸਿੰਘ ਵਿਖੇ ਵਰਿੰਦਰ ਪ੍ਰੀਤ ਸਿੰਘ ਵਾਸੀ ਪਿੰਡ ਪੱਤੋਂ ਨੂੰ ਨਾਮਜ਼ਦ ਕਰ ਕੇ ਪੁਲਿਸ ਵੱਲੋਂ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।

Related Articles

Leave a Reply

Your email address will not be published. Required fields are marked *

Back to top button