
ਮਜੀਠਾ, 29 ਅਗਸਤ: ਬੀਤੇ ਕਈ ਦਿਨਾਂ ਤੋਂ ਚੱਲ ਰਹੀ ਭਾਰੀ ਬਰਸਾਤ ਦੇ ਕਾਰਨ ਜੰਮੂ ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਵਿੱਚ ਮਾਤਾ ਵੈਸ਼ਨੋ ਦੇਵੀ ਮੰਦਰ ਜਾਣ ਵਾਲੇ ਰਸਤੇ ‘ਤੇ ਭਾਰੀ ਭੂ-ਖਲਣ ਕਾਰਨ ਵੱਡਾ ਹਾਦਸਾ ਵਾਪਰਿਆ ਸੀ। ਤਾਜ਼ਾ ਜਾਣਕਾਰੀ ਅਨੁਸਾਰ ਇਸ ਦੁੱਖਦਾਈ ਕਾਂਡ ਵਿਚ ਵਿਧਾਨ ਸਭਾ ਹਲਕਾ ਮਜੀਠਾ ਦੇ ਪਿੰਡ ਗਾਲੋਵਾਲੀ ਕੁੱਲੀਆਂ ਦੇ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਨੇ ਜਾਨ ਗਵਾ ਦਿੱਤੀ ਜਦਕਿ ਇੱਕ ਦੇ ਗੰਭੀਰ ਰੂਪ ਵਿੱਚ ਜ਼ਖਮੀ ਹੋਣ ਦੀ ਦੁੱਖਦਾਈ ਖਬਰ ਹੈ। ਪਿੰਡ ਵਾਸੀਆਂ ਅਨੁਸਾਰ ਮ੍ਰਿਤਕਾਂ ਦੀ ਪਹਿਚਾਣ ਰੇਖਾ ਪਤਨੀ ਸੁਰਜੀਤ, ਪੁੱਤਰ ਦਵਿੰਦਰ ਕੁਮਾਰ ਅਤੇ ਮਨਪ੍ਰੀਤ ਪੁੱਤਰੀ ਵਜੋਂ ਹੋਈ ਹੈ। ਪਿੰਡ ਵਾਸੀਆਂ ਅਨੁਸਾਰ ਪਰਿਵਾਰ ਦਾ ਮੁਖੀ ਸੁਰਜੀਤ ਇਸ ਵੇਲੇ ਹਸਪਤਾਲ ਵਿੱਚ ਜ਼ਿੰਦਗੀ ਮੌਤ ਲਈ ਸੰਘਰਸ਼ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਇਹ ਪਰਿਵਾਰ ਮਾਤਾ ਵੈਸ਼ਣੋ ਦੇਵੀ ਦੇ ਦਰਸ਼ਨਾਂ ਲਈ ਅੰਮ੍ਰਿਤਸਰ ਤੋਂ ਗਿਆ ਸੀ ਅਤੇ ਮੰਗਲਵਾਰ ਦੁਪਹਿਰ ਵੇਲੇ ਇਹ ਸਾਰਾ ਪਰਿਵਾਰ ਹੀ ਉੱਥੇ ਅੱਧਕਵਾਰੀ ਨਜਦੀਕ ਇੰਦਰਪ੍ਰਸਥ ਲੰਗਰ ਨੇੜੇ ਭੂ-ਖਲਣ ਦੀ ਚਪੇਟ ਵਿੱਚ ਆ ਗਿਆ।



