
ਲੁਧਿਆਣਾ, 30 ਨਵੰਬਰ : ਮਾਡਲ ਟਾਊਨ ਇਲਾਕੇ ਵਿੱਚ ਨੌਜਵਾਨਾਂ ਵੱਲੋਂ ਗੋਲੀਆਂ ਚਲਾਉਣ ਦੀ ਘਟਨਾ ਸਾਹਮਣੇ ਆ ਰਹੀ। ਨੌਜਵਾਨ ਨੇ ਦੋਸ਼ ਲਗਾਇਆ ਕਿ ਉਹ ਜਦ ਆਪਣੇ ਤਾਏ ਦੇ ਬੇਟੇ ਨੂੰ ਲੱਭਣ ਗਿਆ, ਤਾਂ ਕੁੱਝ ਵਿਅਕਤੀਆਂ ਨੇ ਆਪਣੇ ਹਥਿਆਰਾਂ ਨਾਲ ਸਿੱਧੀਆਂ ਗੋਲੀਆਂ ਚਲਾ ਦਿੱਤੀਆਂ ,ਉਸ ਨੇ ਦੱਸਿਆ ਕਿ ਚੰਗੀ ਕਿਸਮਤ ਦੇ ਚਲਦਿਆਂ ਉਹ ਅਤੇ ਉਸ ਦਾ ਦੋਸਤ ਗੋਲੀਆਂ ਤੋਂ ਬਚ ਗਏ। ਪੀੜਤ ਵੱਲੋਂ ਮਾਡਲ ਟਾਊਨ ਥਾਣੇ ‘ਚ ਇਸ ਸੰਬੰਧੀ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ। ਨਿਊ ਹਰਗੋਬਿੰਦ ਨਗਰ ਦੇ ਰਹਿਣ ਵਾਲੇ ਸਾਹਿਲ ਜੋਸ਼ੀ ਮੁਤਾਬਕ ਵੀਰਵਾਰ ਰਾਤ ਲਗਭਗ 11:45 ਵਜੇ ਉਸ ਨੂੰ ਕੈਨੇਡਾ ਤੋਂ ਤਾਏ ਦੇ ਛੋਟੇ ਪੁੱਤਰ ਦਾ ਫ਼ੋਨ ਆਇਆ ਕਿ ਉਸ ਦਾ ਵੱਡਾ ਭਰਾ ਕਾਫ਼ੀ ਸਮੇਂ ਤੋਂ ਫ਼ੋਨ ਨਹੀਂ ਉਠਾ ਰਿਹਾ ਅਤੇ ਉਸ ਦੀ ਮੋਬਾਈਲ ਲੋਕੇਸ਼ਨ ਮਾਡਲ ਟਾਊਨ ‘ਚ ਆ ਰਹੀ ਹੈ। ਸਾਹਿਲ ਆਪਣੇ ਦੋਸਤ ਸਮੇਤ ਤੁਰੰਤ ਲੋਕੇਸ਼ਨ ਵੱਲ ਨਿਕਲ ਪਿਆ। ਸਾਹਿਲ ਨੇ ਦੱਸਿਆ ਕਿ ਲਗਭਗ ਰਾਤ 12 ਵਜੇ ਜਦੋਂ ਉਹ ਉੱਥੇ ਪਹੁੰਚੇ, ਤਾਂ ਤਾਏ ਦਾ ਵੱਡਾ ਪੁੱਤਰ ਕੁੱਝ ਹੋਰ ਲੋਕਾਂ ਨਾਲ ਇੱਕ ਦੁਕਾਨ ਵਿੱਚ ਬੈਠਾ ਮਿਲਿਆ। ਦੁਕਾਨ ਵਿਚ ਮੌਜੂਦ ਕੁੱਝ ਲੋਕ ਨਸ਼ੇ ਵਿੱਚ ਸਨ ਅਤੇ ਸਾਹਿਲ ਨੇ ਘਰ ਚੱਲਣ ਲਈ ਕਿਹਾ ਤਾਂ ਉਹ ਉਸ ਨਾਲ ਬਦਤਮੀਜ਼ੀ ਕਰਨ ਲੱਗੇ। ਉਸ ਦੇ ਨਾਲ ਆਏ ਦੋਸਤ ਨੇ ਵੀ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਝਗੜਾ ਹੋ ਗਿਆ। ਸਾਹਿਲ ਦੇ ਬਿਆਨ ਅਨੁਸਾਰ ਜਦੋਂ ਉਹ ਦੁਕਾਨ ਤੋਂ ਬਾਹਰ ਆਇਆ, ਤਾਂ ਨਸ਼ੇ ਵਿੱਚ ਧੁੱਤ ਉਹ ਲੋਕ ਵੀ ਉਸ ਦੇ ਪਿੱਛੇ ਬਾਹਰ ਆ ਗਏ। ਇਸ ਦੌਰਾਨ ਉੱਥੇ ਖੜੀ ਇੱਕ ਵਰੁਨਾ ਕਾਰ ਅਤੇ ਕਾਲੀ ਥਾਰ ਕਾਰ ਦੇ ਚਾਲਕਾਂ ਨੇ ਅਚਾਨਕ ਪਿਸਤੌਲ ਕੱਢ ਕੇ ਉਹਨਾਂ ‘ਤੇ ਗੋਲੀਆਂ ਚਲਾ ਦਿੱਤੀਆਂ। ਗੋਲੀਆ ਸਾਹਿਲ ਅਤੇ ਉਸ ਦੇ ਦੋਸਤ ਦੇ ਬਹੁਤ ਲਾਗਿਓ ਲੰਘੀਆਂ। ਦੋਵਾਂ ਦਾ ਵਾਲ ਵਾਲ ਬਚਾਅ ਹੋ ਗਿਆ। ਉਹ ਤੁਰੰਤ ਤਾਏ ਦੇ ਪੁੱਤਰ ਨੂੰ ਨਾਲ ਲੈ ਕੇ ਮੌਕੇ ਤੋਂ ਨਿਕਲ ਗਏ। ਪੀੜਤ ਨੇ ਕਿਹਾ ਕਿ ਉਸ ਨੇ ਸਾਰੀ ਘਟਨਾ ਦੀ ਜਾਣਕਾਰੀ ਮਾਡਲ ਟਾਊਨ ਪੁਲਿਸ ਨੂੰ ਦੇ ਦਿੱਤੀ ਹੈ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਉਧਰੋਂ ਇਸ ਮਾਮਲੇ ਵਿੱਚ ਥਾਣਾ ਮਾਡਲ ਟਾਊਨ ਦੇ ਇੰਚਾਰਜ ਜਸਵਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਘਟਨਾ ਵਾਲੀ ਥਾਂ ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਜਲਦੀ ਹੀ ਇਸ ਕੇਸ ਵਿੱਚ ਅਗਲੀ ਕਾਰਵਾਈ ਕੀਤੀ ਜਾਵੇਗੀ।



