ਮਾਂ ਬੋਲੀ ਤੇ ਮਿੱਟੀ ਦੇ ਮੋਹ ’ਤੇ ਭਾਰੀ ਨਾ ਪੈ ਸਕਿਆ ਮਾਇਆ ਦਾ ਮੋਹ, ਜਸਬੀਰ ਮੰਡ ਨੇ ਕਿਹਾ- ਨੌਜਵਾਨ ਆਪਣੀ ਧਰਤੀ ਮਾਂ ਨੂੰ ਪਰਾਇਆ ਨਾ ਸਮਝਣ

ਬਿਕਰਮਜੀਤ ਸਿੰਘ
ਅੰਮ੍ਰਿਤਸਰ, 23 ਫਰਵਰੀ- ਮਾਂ ਬੋਲੀ ਪੰਜਾਬੀ ਤੇ ਆਪਣੀ ਮਿੱਟੀ ਦੇ ਮੋਹ ’ਤੇ ਮਾਇਆ ਦੀ ਚਮਕ-ਦਮਕ ਨਾਵਲਕਾਰ ਜਸਬੀਰ ਮੰਡ ’ਤੇ ਭਾਰੀ ਨਾ ਪੈ ਸਕੀ। ਉਹ ਜਾਪਾਨ ’ਚ ਚੰਗਾ ਚੱਲ ਰਿਹਾ ਪੰਜਾਬੀ ਰੈਸਟੋਰੈਂਟ ਛੱਡ ਕੇ 21 ਸਾਲ ਬਾਅਦ ਰੂਪਨਗਰ ਜ਼ਿਲ੍ਹੇ ਦੇ ਘਾੜ ਇਲਾਕੇ ਦੇ ਪਿੰਡ ਹਿਰਦਾਪੁਰ ਵਿਚ ਮੁੜ ਆ ਵਸਿਆ ਅਤੇ ਸਾਹਿਤ ਜਗਤ ਵਿਚ ਨਾਵਲਾਂ ਰਾਂਹੀ ਜਿੱਥੇ ਵੱਡਾ ਯੋਗਦਾਨ ਪਾ ਰਿਹਾ ਹੈ ਉੱਥੇ ਖੇਤੀ ਵੀ ਕਰ ਰਿਹਾ ਹੈ। ਪੰਜਾਬੀ ਦੇ ਪ੍ਰਸਿੱਧ ਨਾਵਲਕਾਰ ਜਸਬੀਰ ਮੰਡ ਨੇ ਪੰਜਾਬੀ ਜਾਗਰਣ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਰੀ ਕ੍ਰਾਂਤੀ ਤੋਂ ਬਾਅਦ ਸਾਡੀ ਕਿਸਾਨੀ ਕੁਦਰਤ ਨਾਲੋਂ ਸਿੱਧੇ ਰੂਪ ’ਚ ਟੁੱਟ ਗਈ। ਖੇਤੀਬਾੜੀ ’ਚ ਮਸ਼ੀਨੀ ਯੁਗ ਆਇਆ। ਇਸ ਨੇ ਕਿਸਾਨ ਨੂੰ ਕਿਸਾਨੀ ਨਾਲ ਪਿਆਰ ਕਰਨ ਵਾਲੀ ਤਾਕਤ ਨਾ ਦਿੱਤੀ ਸਗੋਂ ਪੈਸੇ ਵੱਲ ਮੋੜ ਲਿਆ। ਉਨ੍ਹਾਂ ਕਿਹਾ ਕਿ 40 ਸਾਲ ਪਹਿਲਾਂ ਲੋਕ ਬਲਦਾਂ ਨਾਲ ਜਾਂ ਹੋਰ ਕੁਦਰਤੀ ਸਾਧਨਾਂ ਨਾਲ ਖੇਤੀ ਕਰਦੇ ਸਨ। ਇਸ ਤਰ੍ਹਾਂ ਉਹ ਕੁਦਰਤ ਨਾਲ ਜੁੜੇ ਰਹਿੰਦੇ ਸਨ। ਹੁਣ ਖੇਤਾਂ ’ਚ ਕੋਈ ਦਰੱਖ਼ਤ ਜਾਂ ਕਿਸਾਨਾਂ ਦੇ ਘਰਾਂ ’ਚ ਕੋਈ ਖੇਤੀ ਕਰਨ ਦਾ ਪੁਰਾਣਾ ਸਾਧਨ ਨਹੀਂ ਦਿਖਾਈ ਦੇ ਰਿਹਾ। ਉਨ੍ਹਾਂ ਕਿਹਾ ਕਿ ਆਧੁਨਿਕਤਾ ਨੇ ਸਾਨੂੰ ਆਪਣੀ ਮਿੱਟੀ ਨਾਲੋਂ ਤੋੜ ਦਿੱਤਾ ਹੈ। ਸਾਡਾ ਆਪਣੀ ਮਿੱਟੀ ਤੋਂ ਭਰੋਸਾ ਉੱਠ ਗਿਆ ਕਿ ਇਸ ਤੋਂ ਗੁਜ਼ਾਰਾ ਹੋ ਸਕਦਾ ਹੈ। ਇਸ ਨੇ ਸਾਡੀ ਨੌਜਵਾਨੀ ਨੂੰ ਮਾਨਸਿਕ ਤੌਰ ’ਤੇ ਬਿਮਾਰ ਕਰ ਦਿੱਤਾ ਤੇ ਫਿਰ ਇਕ-ਦੂਜੇ ਨੂੰ ਦੇਖਦੇ-ਦੇਖਦੇ ਅਸੀਂ ਪਰਵਾਸ ਵੱਲ ਵਧ ਗਏ। ਇਹ ਰੁਝਾਨ ਖਾਸ ਤੌਰ ’ਤੇ ਪੰਜਾਬ ਲਈ ਨਾਸੂਰ ਬਣ ਗਿਆ ਕਿਉਕਿ ਲੋਕਾਂ ਨੇ ਸੋਨੇ ਵਰਗੀਆ ਜ਼ਮੀਨਾਂ ਵੇਚ ਕੇ ਵੱਖਰੇ ਸੁਪਨੇ ਸਜਾ ਲਏ।
ਜ਼ਮੀਨ ਵੇਚਣ ਨੂੰ ਹੇਠੀ ਸਮਝਦੇ ਸਨ ਸਾਡੇ ਬਜ਼ੁਰਗ :
ਜਸਬੀਰ ਮੰਡ ਨੇ ਕਿਹਾ ਕਿ ਅੱਜ ਤੋਂ 40 ਸਾਲ ਪਹਿਲਾਂ ਜ਼ਮੀਨ ਵੇਚਣ ਨੂੰ ਸਾਡੇ ਬਜ਼ੁਰਗ ਹੇਠੀ ਸਮਝਦੇ ਸਨ ਪਰ ਹੁਣ ਇਸ ਦੇ ਉਲਟ ਹੈ। ਹੁਣ ਤਾਂ ਵੇਚਣ ਲੱਗੇ ਕੋਈ ਵੀ ਮਿੰਟ ਨਹੀਂ ਲਗਾਉਂਦਾ ਤੇ ਅੱਗੋਂ ਮਾਣ ਨਾਲ ਦੱਸਦਾ ਹੈ ਕਿ ਸਾਡੇ ਤਾਂ ਅੱਠ ਕਰੋੜ ਦਾ ਕਿੱਲਾ ਵਿਕ ਗਿਆ। ਉਨ੍ਹਾਂ ਕਿਹਾ ਕਿ ਅਸੀਂ ਕੁਦਰਤ ਨਾਲੋਂ ਟੁੱਟ ਗਏ ਹਾਂ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਹੱਥੀਂ ਕਿਰਤ ਕਰਨ ਦੇ ਸੰਦੇਸ਼ ਨੂੰ ਵੀ ਭੁੱਲ ਚੁੱਕੇ ਹਾਂ। ਉਨ੍ਹਾਂ ਅੱਗੇ ਕਿਹਾ ਕਿ ਰੁਜ਼ਗਾਰ ਦੇ ਸਾਧਨ ਏਥੇ ਵੀ ਬੁਹਤ ਹਨ ਤੇ ਸਾਨੂੰ ਜ਼ਮੀਨਾਂ ਵੇਚ ਕੇ ਜਾਂ ਕਰਜ਼ੇ ਲੈ ਕੇ ਵਿਦੇਸ਼ ਨਹੀਂ ਜਾਣਾ ਚਾਹੀਦਾ। ਸਾਡੇ ਮਾਪਿਆਂ ਨੂੰ ਸਾਡੇ ਤੋਂ ਬਹੁਤ ਉਮੀਦਾਂ ਹੁੰਦੀਆਂ ਹਨ। ਸਾਡੇ ਸਮਾਜ ਨੂੰ ਵੀ ਸਾਡੀ ਲੋੜ ਹੈ ਕਿਉਂਕਿ ਕਿਸੇ ਦੇਸ਼ ਦੇ ਨੌਜਵਾਨ ਹੀ ਦੇਸ਼ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ। ਉਨ੍ਹਾਂ ਕਿਹਾ ਕਿ ਸਾਡੀ ਪਛਾਣ ਸਾਡੇ ਕੰਮ ਨਾਲ ਹੁੰਦੀ ਹੈ। ਜਦੋਂ ਵਿਕਅਤੀ ਕੋਈ ਕੰਮ ਕਰਦਾ ਹੈ ਤਾਂ ਉਹ ਹੀ ਉਸ ਦੀ ਪਛਾਣ ਬਣ ਜਾਂਦੀ ਹੈ। ਅੱਜ ਤ੍ਰਾਸਦੀ ਇਹ ਹੈ ਕਿ ਅਸੀਂ ਆਪਣੇ ਜੱਦੀ-ਪੁਸ਼ਤੀ ਕੰਮ ਛੱਡ ਗਏ ਹਾਂ ਤੇ ਦੂਜਿਆਂ ਦੇ ਫੋਕੇ ਪਰਛਾਵੇਂ ਸਾਡੇ ਜੀਵਨ ਦਾ ਸੁਪਨਾ ਬਣ ਗਏ ਹਨ। ਅਸੀਂ ਅਕਸਰ ਦੂਜੇ ਦੇ ਚੰਗੇ ਕੱਪੜੇ, ਵੱਡੀ ਗੱਡੀ ਤੇ ਟੋਹਰ ਦੇਖ ਕੇ ਡੋਲ ਜਾਂਦੇ ਹਾਂ ਪਰ ਅਸੀਂ ਉਸ ਦੇ ਅੰਦਰ ਤੱਕ ਦੀ ਘੋਖ ਨਹੀਂ ਕਰਦੇ ਤੇ ਉਸ ਦੀ ਰੀਸ ਕਰਨ ਦੇ ਚੱਕਰ ’ਚ ਹੀ ਕਰਜ਼ੇ ਹੇਠਾਂ ਦੱਬੇ ਜਾ ਰਹੇ ਹਾਂ।
ਮਿੱਟੀ ਦੇ ਮੋਹ ਨੇ ਮੈਨੂੰ ਵੱਡਾ ਮਾਣ ਬਖ਼ਸ਼ਿਆ
ਨਾਵਲਕਾਰ ਜਸਬੀਰ ਮੰਡ ਨੇ ਦੱਸਿਆ ਕਿ 2010 ’ਚ ਮੇਰਾ ਨਾਵਲ ਖ਼ਾਜ਼ ਆਇਆ ਜਿਸ ਵਿਚ ਮੈ ਘਾੜ ਇਲਾਕੇ ਬਾਰੇ ਬੋਲੀਆਂ ਜਾਂਦੀਆਂ ਕਹਾਵਤਾਂ ਨੂੰ ਵਿਲੱਖਣਤਾ ਨਾਲ ਬਿਆਨ ਕੀਤਾ । ਉਨ੍ਹਾਂ ਦੱਸਿਆ ਕਿ ਨਾਵਲ ਬੋਲ ਮਰਦਾਨਿਆ ਦੇ 10 ਪੇਜ਼ ਹੀ ਮੈਂ ਜਾਪਾਨ ’ਚ ਲਿਖ ਸਕਿਆ ਸੀ। ਮਨ ’ਚ ਮਾਂ ਬੋਲੀ ਦੇ ਪਿਆਰ ਤੇ ਮਿੱਟੀ ਦੇ ਮੋਹ ਨੇ ਆਪਣੇ ਪਿੰਡ ਲਿਆਂਦਾ ਕਿਉਂਕਿ ਬਾਬੇ ਨਾਨਕ ਨੇ ਏਨਾ ਸਾਹਸ ਦਿੱਤਾ ਕਿ ਮੈਂ ਮਨ ਬਣਾ ਲਿਆ ਕਿ ਹੁਣ ਏਥੇ ਨਹੀਂ ਰਹਿਣਾ, ਜਦਕਿ ਮੈਂ ਜਾਪਾਨ ਦਾ ਪੱਕਾ ਵਸਨੀਕ ਸੀ ਅਤੇ ਕਾਰੋਬਾਰ ਵੀ ਚੰਗਾ ਚੱਲ ਰਿਹਾ ਸੀ। ਉਨ੍ਹਾਂ ਦੱਸਿਆ ਕਿ ਮੈਂ ਬੋਲ ਮਰਦਾਨਿਆ ਨਾਵਲ ਆਪਣੇ ਘਰ ਆ ਕੇ ਪੂਰਾ ਕੀਤਾ। ਇਸ ਨੇ ਮੈਨੂੰ ਸਾਹਿਤ ਜਗਤ ’ਚ ਵੱਡਾ ਮਾਣ ਬਖ਼ਸ਼ਿਆ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਕੰਮ ਕਰੋ, ਉਸ ’ਚ ਧੁਰ ਅੰਦਰ ਤੱਕ ਇਕ ਤੜਫ਼ ਹੋਣੀ ਚਾਹੀਦੀ ਹੈ ਤਾਂ ਹੀ ਅਸੀਂ ਕਾਮਯਾਬ ਹੋ ਸਕਦੇ ਹਾਂ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਆਪਣੀ ਜਨਮ ਭੂਮੀ ਨੂੰ ਪਰਾਇਆ ਨਹੀਂ ਸਮਝਣਾ ਚਾਹੀਦਾ। ਇਹ ਬੱਸ ਸੋਚਣ, ਵਿਚਾਰਨ ਤੇ ਸਮਝਣ ਦੀ ਲੋੜ ਹੈ।



