ਮਲੋਟ ‘ਚ ਨਸ਼ਾ ਤਸਕਰਾਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਬਣਾਈਆਂ ਇਮਾਰਤਾਂ ‘ਤੇ ਚੱਲਿਆ ਬੁਲਡੋਜ਼ਰ, ਤਿੰਨ ਅਣਅਧਿਕਾਰਤ ਇਮਾਰਤਾਂ ਢੇਰ

ਸ੍ਰੀ ਮੁਕਤਸਰ ਸਾਹਿਬ/ਮਲੋਟ , 3 ਜੂਨ : ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਸਰਕਾਰ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਜਾਰੀ ਹੈ। ਇਸੇ ਤਹਿਤ ਡਿਪਟੀ ਕਮਿਸ਼ਨਰ ਅਭਿਜੀਤ ਕਪਲਿਸ਼ ਦੀ ਯੋਗ ਅਗਵਾਈ ਵਿੱਚ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿੱਚ 03 ਨਸ਼ਾ ਤਸਕਰਾਂ ਵੱਲੋਂ ਗੈਰ ਕਾਨੂੰਨੀ ਤਰੀਕੇ ਨਾਲ ਬਣਾਈਆਂ ਗਈਆਂ ਇਮਾਰਤਾਂ ਨੂੰ ਢਾਹਿਆ ਗਿਆ। ਐਸ.ਐਸ.ਪੀ ਡਾ. ਅਖਿਲ ਚੌਧਰੀ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਥਾਣਾ ਸਦਰ ਮਲੋਟ ਅਧੀਨ ਪਿੰਡ ਝੋਰੜ ਵਿਖੇ ਰਾਣੀ ਪਤਨੀ ਬਿੱਲਾ ਸਿੰਘ, ਚਰਨਜੀਤ ਕੌਰ ਉਰਫ ਭੁੱਪੋ ਪਤਨੀ ਸ਼ਿੰਦਾ ਸਿੰਘ ਅਤੇ ਸੀਤੋ ਉਰਫ ਸੱਤੋ ਪਤਨੀ ਜਸਵਿੰਦਰ ਸਿੰਘ ਉਰਫ ਮਾਲੀ, ਇਹਨਾਂ ਵੱਲੋਂ ਗੈਰ ਕਾਨੂੰਨੀ ਤਰੀਕੇ ਨਾਲ ਇਮਾਰਤਾਂ ਬਣਾਈਆਂ ਗਈਆਂ ਸਨ। ਇਸ ਸਬੰਧੀ ਡੀਡੀਪੀਓ ਦੀ ਅਦਾਲਤ ਵੱਲੋਂ ਨਾਜਾਇਜ਼ ਕਬਜ਼ੇ ਦੇ ਕੇਸ ਵਿੱਚ ਇਨ੍ਹਾਂ ਇਮਾਰਤਾਂ ਨੂੰ ਗੈਰਕਾਨੂੰਨੀ ਐਲਾਨਿਆ ਗਿਆ ਸੀ ਜਿਸ ਤੋਂ ਇਸ ਨੂੰ ਢਾਉਣ ਮੌਕੇ ਸੁਰੱਖਿਆ ਪ੍ਰਬੰਧ ਕਰਨ ਦੀਆਂ ਹਦਾਇਤਾਂ ਪ੍ਰਾਪਤ ਹੋਈਆਂ ਸਨ ਜਿਸ ਤੋਂ ਬਾਅਦ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੁਰਿੰਦਰ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਕਾਰਵਾਈ ਕਰਦਿਆਂ ਇਨ੍ਹਾਂ ਇਮਾਰਤਾਂ ਨੂੰ ਢਾਹ ਦਿੱਤਾ ਗਿਆ। ਐਸ.ਐਸ.ਪੀ. ਡਾ. ਅਖਿਲ ਚੌਧਰੀ ਨੇ ਦੱਸਿਆ ਕਿ ਇੱਕ ਇਮਾਰਤ ਦੀ ਰਾਣੀ ਪਤਨੀ ਬਿੱਲਾ ਸਿੰਘ ਦੀ ਹੈ ਅਤੇ ਉਸ ਉੱਪਰ ਪਹਿਲਾਂ ਤੋਂ ਹੀ ਨਸ਼ਾ ਤਸਕਰੀ ਦੇ 08 ਮੁੱਕਦਮੇ ਦਰਜ ਹਨ, ਦੂਸਰੀ ਇਮਾਰਤ ਚਰਨਜੀਤ ਕੌਰ ਉਰਫ ਭੁੱਪੋ ਪਤਨੀ ਸ਼ਿੰਦਾ ਸਿੰਘ ਦੀ ਹੈ ਜਿਸ ਦੇ ਖਿਲਾਫ਼ ਪਹਿਲਾਂ ਤੋਂ ਹੀ ਨਸ਼ਾ ਤਸਕਰੀ ਦੇ 06 ਮੁਕੱਦਮੇ ਦਰਜ ਹਨ ਅਤੇ ਤੀਸਰੀ ਇਮਾਰਤ ਸੀਤੋ ਉਰਫ ਸੱਤੋ ਪਤਨੀ ਜਸਵਿੰਦਰ ਸਿੰਘ ਉਰਫ ਮਾਲੀ ਦੀ ਹੈ ਜਿਸ ਉੱਪਰ ਪਹਿਲਾਂ ਤੋਂ ਹੀ ਨਸ਼ਾ ਤਸਕਰੀ ਦੇ 05 ਮੁੱਕਦਮੇ ਦਰਜ ਹਨ। ਐਸ.ਐਸ.ਪੀ. ਡਾ. ਅਖਿਲ ਚੌਧਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਜ਼ਿਲ੍ਹੇ ਵਿੱਚ ਵਿਆਪਕ ਪੱਧਰ ਤੇ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ।



