
ਪਟਿਆਲਾ, 13 ਅਗਸਤ : ਬਾਅਦ ਦੁਪਹਿਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸ਼੍ਰੀ ਕਾਲੀ ਮਾਤਾ ਮੰਦਰ ਪੁੱਜੇ ਤੇ ਮੱਥਾ ਟੇਕਿਆ ਤੇ ਸੂਬੇ ਦੀ ਹੋਰ ਮਿਸ਼ਨਰੀ ਭਾਵਨਾ ਤੇ ਸਮਰਪਣ ਨਾਲ ਸੇਵਾ ਕਰਨ ਲਈ ਮਾਤਾ ਰਾਣੀ ਤੋਂ ਆਸ਼ੀਰਵਾਦ ਲਿਆ। ਉਨ੍ਹਾਂ ਕਿਹਾ ਕਿ ਉਹ ਪਰਮਾਤਮਾ ਦੇ ਆਸ਼ੀਰਵਾਦ ਨਾਲ ਲੋਕਾਂ ਦੀਆਂ ਇੱਛਾਵਾਂ ’ਤੇ ਖਰਾ ਉਤਰਨ ’ਚ ਕੋਈ ਕਸਰ ਬਾਕੀ ਨਹੀਂ ਛੱਡਣਗੇ ਅਤੇ ਸਰਕਾਰ ਵੱਲੋਂ ਲੋਕ-ਪੱਖੀ ਤੇ ਵਿਕਾਸ ਮੁਖੀ ਨੀਤੀਆਂ ਨੂੰ ਲਾਗੂ ਕਰਨ ਨੂੰ ਮੁੱਖ ਤਰਜੀਹ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸੱਭਿਆਚਾਰਕ ਰਾਜਧਾਨੀ ਪਟਿਆਲਾ ’ਚ ਸਥਿਤ ਸ਼੍ਰੀ ਕਾਲੀ ਮਾਤਾ ਮੰਦਰ ਉੱਤਰੀ ਭਾਰਤ ਦੇ ਪਵਿੱਤਰ ਤੇ ਇਤਿਹਾਸਕ ਮੰਦਰਾਂ ਵਿਚੋਂ ਇਕ ਹੈ। ਇਹ ਮੰਦਿਰ ਪੰਜਾਬ ਦੇ ਅਮੀਰ ਸੱਭਿਆਚਾਰਕ ਵਿਰਸੇ ਅਤ ਸ਼ਾਹੀ ਸਰਪ੍ਰਸਤੀ ਦਾ ਪ੍ਰਮਾਣ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਅੱਜ ਸੂਬੇ ਦੇ ਅਮਨ, ਤਰੱਕੀ ਤੇ ਖ਼ੁਸ਼ਹਾਲੀ ਲਈ ਪ੍ਰਾਰਥਨਾ ਕੀਤੀ। ਮੁੱਖ ਮੰਤਰੀ ਨੇ ਮੰਦਰ ਦੀ ਨਵ-ਨਿਯੁਕਤ ਪ੍ਰਬੰਧਕ ਕਮੇਟੀ ਨਾਲ ਵੀ ਮੀਟਿੰਗ ਕੀਤੀ ਤੇ ਇਮਾਰਤ ਅੰਦਰ ਚੱਲ ਰਹੇ ਵਿਕਾਸ ਕਾਰਜਾਂ ਬਾਰੇ ਵਿਚਾਰ-ਵਟਾਂਦਰਾ ਕੀਤਾ। ਉਨ੍ਹਾਂ ਕਮੇਟੀ ਨੂੰ ਇਸ ਨੇਕ ਕਾਰਜ ਨੂੰ ਪੂਰਾ ਕਰਨ ’ਚ ਪੂਰਾ ਸਮਰਥਨ ਅਤੇ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਇਸ ਪਵਿੱਤਰ ਸਥਾਨ ਦੇ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਮੁੱਖ ਮੰਤਰੀ ਨੇ ਪ੍ਰਾਰਥਨਾ ਕੀਤੀ ਅਤੇ ਸੂਬੇ ਦੇ ਲੋਕਾਂ ਦੀ ਸੇਵਾ ਕਰਨ ਲਈ ਤਾਕਤ ਬਖ਼ਸ਼ਣ ਦਾ ਆਸ਼ੀਰਵਾਦ ਮੰਗਿਆ। ਰੱਦ ਹੋ ਗਈ ਸੀਐੱਮ ਦੀ ਪ੍ਰੈੱਸ ਕਾਨਫਰੰਸ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪਟਿਆਲਾ ’ਚ ਪ੍ਰੈੱਸ ਕਾਨਫਰੰਸ ਅਚਾਨਕ ਰੱਦ ਕਰ ਦਿੱਤੀ ਗਈ ਹੈ। ਮੰਦਰ ’ਚ ਮੱਥਾ ਟੇਕਣ ਤੋਂ ਬਾਅਦ ਮੀਡੀਆ ਨਾਲ ਰੂਬਰੂ ਹੋਣ ਲਈ ਪ੍ਰੈੱਸ ਕਾਨਫਰੰਸ ਸੱਦੀ ਗਈ ਸੀ। ਪ੍ਰੈੱਸ ਕਾਨਫਰੰਸ ਲਈ ਮੰਦਰ ਅੰਦਰ ਹੀ ਵੱਖਰਾ ਪ੍ਰਬੰਧ ਕੀਤਾ ਗਿਆ, ਜਿੱਥੇ 12 ਤੋਂ 2 ਵਜੇ ਤੱਕ ਮੀਡੀਆ ਕਰਮੀ ਮੁੱਖ ਮੰਤਰੀ ਦੇ ਆਉਣ ਦੀ ਉਡੀਕ ਕਰਦੇ ਰਹੇ। ਮੁੱਖ ਮੰਤਰੀ ਕਰੀਬ 1:30 ਵਜੇ ਮੰਦਰ ’ਚ ਪੁੱਜੇ ਅਤੇ ਮੱਥਾ ਟੇਕਣ ਤੋਂ ਬਾਅਦ ਪਰਤ ਗਏ ਅਤੇ ਮੀਡੀਆ ਕਰਮੀ ਟੈਂਟ ਅੰਦਰ ਮੁੱਖ ਮੰਤਰੀ ਦੀ ਉਡੀਕ ਕਰਦੇ ਰਹਿ ਗਏ। ਅਚਾਨਕ ਪ੍ਰੈੱਸ ਕਾਨਫਰੰਸ ਰੱਦ ਕਰਨ ਬਾਰੇ ਲੋਕ ਸੰਪਰਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਜ਼ਰੂਰੀ ਮੀਟਿੰਗ ਕਰ ਕੇ ਮੁੱਖ ਮੰਤਰੀ ਨੂੰ ਜਾਣਾ ਪਿਆ ਹੈ। ਮੁੱਖ ਮੰਤਰੀ ਨੇ ਸੀਏ ਅਜੇ ਅਲੀ ਪੁਰੀਆ ਨਾਲ ਯਾਦਾਂ ਕੀਤੀਆਂ ਤਾਜ਼ਾ ਪਟਿਆਲਾ ਪੁੱਜੇ ਸੀਐੱਮ ਭਗਵੰਤ ਸਿੰਘ ਮਾਨ ਵੱਲੋਂ ਸੀਏ ਅਜੇ ਅਲੀ ਪੁਰੀਆ ਨਾਲ ਪੁਰਾਣੀਆਂ ਯਾਦਾਂ ਤਾਜ਼ਾ ਕੀਤੀਆਂ। ਮੁੱਖ ਮੰਤਰੀ ਨੇ ਦੱਸਿਆ ਕਿ ਅਜੇ ਅਲੀਪੁਰੀਆ ਨਾਲ ਪੁਰਾਣੀ ਸਾਂਝ ਹੈ, ਜਦੋਂ ਉਹ ਐੱਮਪੀ ਸਨ ਤਾਂ ਇਕ ਖਾਤਾ ਦਿੱਲੀ ਬੈਂਕ ’ਚ ਖੋਲ੍ਹਿਆ ਗਿਆ ਸੀ, ਉਸ ਸਮੇਂ ਇਕ ਕਾਰ ਵੀ ਕਿਸ਼ਤਾਂ ’ਤੇ ਲਈ ਸੀ। ਮੁੱਖ ਮੰਤਰੀ ਬਣੇ ਤਾਂ ਐੱਮਪੀ ਮੈਂਬਰਸ਼ਿਪ ਛੱਡਣੀ ਪਈ ਸੀ। ਇਸੇ ਦੌਰਾਨ ਹੀ ਕਾਰ ਦੀ ਕਿਸ਼ਤ ਬਾਬਤ ਸਮੱਸਿਆ ਆਈ ਸੀ, ਜਿਸ ਨੂੰ ਅਜੇ ਅਲੀਪੁਰੀਆ ਨੇ ਹੀ ਹੱਲ ਕੀਤਾ ਸੀ।



