
ਟਾਂਡਾ ਉੜਮੁੜ, 9 ਜਨਵਰੀ :ਮਨਰੇਗਾ ਬਚਾਅ ਮੁਹਿੰਮ ਤਹਿਤ ਪੰਜਾਬ ਕਾਂਗਰਸ ਪਾਰਟੀ ਵੱਲੋਂ ਅੱਜ ਟਾਂਡਾ ਵਿਖੇ ਇਕ ਵੱਡੀ ਮਨਰੇਗਾ ਬਚਾਓ ਸੰਗਰਾਮ ਰੈਲੀ ਕਰਕੇ ਕੇਂਦਰ ਸਰਕਾਰ ਖਿਲਾਫ ਵੱਡਾ ਮੋਰਚਾ ਖੋਲ ਦਿੱਤਾ ਅਤੇ ਮਨਰੇਗਾ ਨੂੰ ਬਚਾਉਣ ਲਈ ਵੱਡੀ ਲੜਾਈ ਲੜਨ ਦਾ ਪ੍ਰੋਗਰਾਮ ਉਲੀਕਿਆ । ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਸੰਗਤ ਸਿੰਘ ਗਿਲਜੀਆਂ ਅਤੇ ਜ਼ਿਲਾ ਪ੍ਰਧਾਨ ਐਡਵੋਕੇਟ ਦਲਜੀਤ ਸਿੰਘ ਗਿਲਜੀਆਂ ਦੀ ਅਗਵਾਈ ਵਿਚ ਹੋਈ ਇਸ ਵਿਸ਼ਾਲ ਰੈਲੀ ਵਿਚ ਸਾਬਕਾ ਸੀਐੱਮ ਛੱਤੀਸਗੜ੍ਹ ਅਤੇ ਪੰਜਾਬ ਕਾਂਗਰਸ ਇੰਚਾਰਜ ਭੁਪੇਸ਼ ਬਘੇਲ, ਆਲ ਇੰਡੀਆ ਕਾਂਗਰਸ ਕਮੇਟੀ ਦੇ ਸਕੱਤਰ ਰਵਿੰਦਰ ਡਾਲਵੀਂ, ਸੂਰਜ ਠਾਕੁਰ, ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੇ ਹੋਰ ਸੂਬਾ ਅਤੇ ਜ਼ਿਲਾ ਲੀਡਰਸ਼ਿਪ ਦੇ ਨਾਲ ਨਾਲ ਵੱਡੀ ਗਿਣਤੀ ਵਿਚ ਆਏ ਕਾਂਗਰਸੀ ਕਾਰਕੁੰਨਾਂ ਨੇ ਇਸ ਰੈਲੀ ਵਿਚ ਸ਼ਮੂਲੀਅਤ ਕੀਤੀ ਅਤੇ ਮਨਰੇਗਾ ਵਿਚ ਕੀਤੇ ਜਾ ਰਹੇ ਬਦਲਾਅ ਦਾ ਸਖਤ ਵਿਰੋਧ ਦਰਜ ਕਰਵਾਇਆ। ਇਸ ਮੌਕੇ ਪੰਜਾਬ ਕਾਂਗਰਸ ਇੰਚਾਰਜ ਭੁਪੇਸ਼ ਬਘੇਲ ਨੇ ਕਿਹਾ ਕਿ ਰਾਹੁਲ ਗਾਂਧੀ ਅਤੇ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਅਗਵਾਈ ਵਿਚ ਕਾਂਗਰਸ ਪਾਰਟੀ ਦੇਸ਼ ਦੇ ਮਜ਼ਦੂਰਾਂ ਲਈ ਮਨਰੇਗਾ ਨੂੰ ਬਚਾਉਣ ਲਈ ਜ਼ੋਰਦਾਰ ਲੜਾਈ ਲੜੇਗੀ । ਸਾਬਕਾ ਪ੍ਰਧਾਨ ਮੰਤਰੀ ਡਾ.ਮਨਮੋਹਨ ਸਿੰਘ ਨੇ ਦੇਸ਼ ਦੇ ਕਰੋੜਾਂ ਕਿਰਤੀਆਂ ਨੂੰ ਰੋਜ਼ਗਾਰ ਦਾ ਹੱਕ ਦੇਣ ਲਈ ਇਸ ਮਨਰੇਗਾ ਸਕੀਮ ਦੀ ਕਰੀਬ 25 ਸਾਲ ਪਹਿਲਾਂ ਸ਼ੁਰੁਆਤ ਕੀਤੀ ਸੀ , ਜਿਸਨੂੰ ਮੋਦੀ ਸਰਕਾਰ ਖੋਹਣ ਜਾ ਰਹੀ ਹੈ ਅਤੇ ਇਸ ਕਾਨੂੰਨ ਵਿਚ ਬਦਲਾਅ ਕਰਕੇ ਉਸਨੂੰ ਮਹਿਜ ਖੈਰਾਤ ਦਾ ਰੂਪ ਦੇਣਾ ਚਾਉਂਦੀ ਹੈ । ਉਨ੍ਹਾਂ ਆਖਿਆ ਕਿ ਕਾਂਗਰਸ ਅਤੇ ਭਾਜਪਾ ਵਿਚ ਅੰਤਰ ਇਹ ਹੈ ਕਿ ਕਾਂਗਰਸ ਸਰਕਾਰ ਦੇਸ਼ ਦੇ ਲੋਕਾਂ ਨੂੰ ਤਾਕਤ ਦਿੰਦੀ ਹੈ ਅਤੇ ਭਾਜਪਾ ਆਪਣੇ ਮਿੱਤਰਾਂ ਨੂੰ । ਉਨ੍ਹਾਂ ਆਖਿਆ ਕਿ ਕਾਂਗਰਸ ਪਾਰਟੀ ਮਜ਼ਬੂਤੀ ਨਾਲ ਮਨਰੇਗਾ ਦੇ ਮੂਲ ਰੂਪ ਵਿਚ ਬਹਾਲੀ ਤੱਕ ਲੜਾਈ ਲੜੇਗੀ ਅਤੇ ਤਿੰਨ ਕਾਲੇ ਖੇਤੀ ਕਾਨੂੰਨਾਂ ਦੀ ਤਰਾਂ ਦੇਸ਼ ਵਾਸੀਆਂ ਦੇ ਸਾਥ ਨਾਲ ਇਸ ਫਰਮਾਨ ਨੂੰ ਵੀ ਵਾਪਸ ਕਰਵਾ ਕੇ ਰਹੇਗੀ | ਜਿਸਦਾ ਅੰਦੋਲਨ ਅੱਜ ਗੁਰਸਪੁਰ ਅਤੇ ਜ਼ਿਲਾ ਹੁਸ਼ਿਆਰਪੁਰ ਦੇ ਸ਼ਹਿਰ ਟਾਂਡਾ ਤੋਂ ਸ਼ੁਰੂ ਹੋ ਗਿਆ ਹੈ । ਇਸ ਮੌਕੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਮਨਰੇਗਾ ਸਕੀਮ ਸ਼ੁਰੂ ਕਰਕੇ ਮਜ਼ਦੂਰਾਂ ਦਾ ਚੁੱਲਾ ਚਲਾਇਆ ਸੀ । ਪੰਜਾਬ ਵਿਚ ਮਨਰੇਗਾ ਲਈ 10 ਹਜ਼ਾਰ ਕਰੋੜ ਰੁਪਏ ਆਉਂਦੇ ਸਨ ਜੋ ਬੰਦ ਹੋ ਜਾਣਗੇ । ਉਨ੍ਹਾਂ ਕਿਹਾ ਕਿ ਪਹਿਲਾਂ ਹੀ ਆਮ ਆਦਮੀ ਪਾਰਟੀ ਸਰਕਾਰ ਦੀਆਂ ਨਕਾਰਾ ਨੀਤੀਆਂ ਕਾਰਨ ਪੰਜਾਬ ਆਰਥਿਕ ਰੂਪ ਵਿਚ ਮਰਿਆ ਪਿਆ ਹੈ। ਮਨਰੇਗਾ ਦੇ ਬੰਦ ਹੋਣ ਕਾਰਨ ਮਜ਼ਦੂਰਾਂ ਅਤੇ ਪੰਜਾਬ ਦੀ ਆਰਥਿਕਤਾ ਦਾ ਵੱਡਾ ਨੁਕਸਾਨ ਹੋਵੇਗਾ। ਉਨ੍ਹਾਂ ਆਖਿਆ ਕਿ ਪੰਜਾਬ ਵਿਚ ਬੁਰਸ਼ਾਗਰਦੀ ਅਤੇ ਗੁੰਡਾਗਰਦੀ ਦਾ ਰਾਜ ਚੱਲ ਰਿਹਾ ਹੈ ਤੇ ਪੰਜਾਬ ਸਰਕਾਰ ਕਰੋੜਾਂ ਰੁਪਏ ਮਸਹੂਰੀਆਂ ਤੇ ਖਰਚ ਤਾ ਕਰ ਰਹੀ ਹੈ ਪਰੰਤੂ ਗਰੀਬਾਂ ਅਤੇ ਮਜ਼ਦੂਰਾਂ ਦੀ ਲੜਾਈ ਨਹੀਂ ਲੜ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਕੇਂਦਰ ਅਤੇ ਪੰਜਾਬ ਸਰਕਾਰ ਨਾਲ ਲੜਾਈ ਲੜੇਗੀ। ਇਸ ਮੌਕੇ ਵਿਧਾਇਕ ਸੁਖਪਾਲ ਸਿੰਘ ਖਹਿਰਾ, ਮੋਹਿਤ ਮਹਿੰਦਰਾ, ਵਿਧਾਇਕ ਸੁਖਵਿੰਦਰ ਸਿੰਘ ਕੋਟਲੀ, ਵਿਧਾਇਕ ਪ੍ਰਗਟ ਸਿੰਘ, ਵਿਧਾਇਕ ਰਾਣਾ ਗੁਰਜੀਤ ਸਿੰਘ, ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ, ਪਵਨ ਆਦੀਆਂ, ਅਰੁਣ ਡੋਗਰਾ, ਇੰਦੂ ਬਾਲਾ , ਰਾਜ ਕੁਮਾਰ ਵੇਰਕਾ, ਬਰਿੰਦਰਮੀਤ ਸਿੰਘ ਪਾਹੜਾ, ਵਿਧਾਇਕ ਲਾਡੀ ਸੇਰੋਵਾਲੀਆ, ਸੰਸਦ ਮੈਂਬਰ ਡਾ.ਅਮਰ ਸਿੰਘ, ਜਸਵੀਰ ਸਿੰਘ ਡਿੰਪਾ ਗਿੱਲ, ਸੁਨੀਲ ਦੱਤੀ, ਸਰਬਜੋਤ ਸਿੰਘ ਸਾਬੀ, ਐਡਵੋਕੇਟ ਰਣਜੀਤ ਕੁਮਾਰ, ਰਜਿੰਦਰ ਸਿੰਘ ਕਰਤਾਰਪੁਰ, ਯਾਮਿਨੀ ਗੋਮਰ, ਬਲਾਕ ਪ੍ਰਧਾਨ ਅਵਤਾਰ ਸਿੰਘ ਖੋਖਰ, ਬਲਾਕ ਪ੍ਰਧਾਨ ਕੈਪਟਨ ਬਹਾਦਰ ਸਿੰਘ, ਨਗਰ ਕੌਂਸਲ ਪ੍ਰਧਾਨ ਟਾਂਡਾ ਗੁਰਸੇਵਕ ਮਾਰਸ਼ਲ, ਨਗਰ ਕੌਂਸਲ ਪ੍ਰਧਾਨ ਗੜਦੀਵਾਲਾ ਜਸਵਿੰਦਰ ਸਿੰਘ ਜੱਸਾ, ਸਿਟੀ ਪ੍ਰਧਾਨ ਵਿਪਨ ਮਰਵਾਹਾ, ਪਰਵਿੰਦਰ ਸਹਿਬਾਜ਼ਪੁਰ, ਲੱਬਾ ਜਹੂਰਾ, ਜੋਗਿੰਦਰ ਸਿੰਘ ਗਿਲਜੀਆਂ ਆਦਿ ਮੌਜੂਦ ਸਨ।



