
ਫ਼ਿਰੋਜ਼ਪੁਰ, 11 ਜਨਵਰੀ (ਬਾਲ ਕਿਸ਼ਨ)– ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਮਨਰੇਗਾ ਸਕੀਮ ’ਚ ਲਿਆਂਦੇ ਗਏ ਨਵੇਂ ਨਿਯਮਾਂ ਦੇ ਵਿਰੋਧ ’ਚ ਕਾਂਗਰਸ ਪਾਰਟੀ ਵੱਲੋਂ ਸ਼ੁਰੂ ਕੀਤੀ ‘ਮਨਰੇਗਾ ਬਚਾਓ ਸੰਗਰਾਮ’ ਦਾ ਸੰਘਰਸ਼ ਪੰਜਾਬ ਭਰ ’ਚ ਤੇਜ਼ ਹੁੰਦਾ ਜਾ ਰਿਹਾ ਹੈ, ਜਿਸ ਤਹਿਤ 12 ਜਨਵਰੀ ਨੂੰ ਗੁਰੂਹਰਸਹਾਏ ਵਿਖੇ ਕੀਤੀ ਜਾਣ ਵਾਲੀ ‘ਮਨਰੇਗਾ ਬਚਾਓ ਸੰਗਰਾਮ’ ਰੈਲੀ ਵੀ ਜਿੱਥੇ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਗਰੀਬ ਮਜ਼ਦੂਰਾਂ ਨਾਲ ਕੀਤੇ ਜਾ ਰਹੇ ਅੱਤਿਆਚਾਰਾਂ ਦੀ ਪੋਲ ਖੋਲ੍ਹੇਗੀ, ਉੱਥੇ ਉਨ੍ਹਾਂ ਦੇ ਹੱਕ-ਹਕੂਕਾਂ ਲਈ ਆਪਣੀ ਆਵਾਜ਼ ਬੁਲੰਦ ਕਰੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮਾਨਿਕ ਸੋਈ ਜ਼ਿਲ੍ਹਾ ਪ੍ਰਧਾਨ ਸੋਸ਼ਲ ਮੀਡੀਆ ਵਿਭਾਗ ਪੰਜਾਬ ਕਾਂਗਰਸ ਫ਼ਿਰੋਜ਼ਪੁਰ ਨੇ ਕਰਦਿਆਂ ਕਿਹਾ ਕਿ ‘ਮਨਰੇਗਾ ਬਚਾਓ ਸੰਗਰਾਮ’ ਰੈਲੀ ’ਚ ਜਿੱਥੇ ਕਾਂਗਰਸ ਦੇ ਸੀਨੀਅਰ ਆਗੂ ਵੱਡੀ ਗਿਣਤੀ ’ਚ ਸ਼ਿਰਕਤ ਕਰਨਗੇ, ਉੱਥੇ ਕਾਂਗਰਸ ਦੇ ਯੂਥ ਵਰਕਰਾਂ ਦੀ ਅਹਿਮ ਭੂਮਿਕਾ ਰਹੇਗੀ। ਉਨ੍ਹਾਂ ਕਿਹਾ ਕਿ ਇਸ ਰੈਲੀ ਤਹਿਤ ਕਾਂਗਰਸ ਵੱਲੋਂ ਭਾਜਪਾ ਸਰਕਾਰ ਦੀਆਂ ਗਰੀਬ ਵਿਰੋਧੀ ਨੀਤੀਆਂ ਨੂੰ ਲੋਕਾਂ ਸਾਹਮਣੇ ਲਿਆਂਦਾ ਜਾ ਰਿਹਾ ਹੈ, ਕਿਉਂਕਿ ਕੇਂਦਰ ਸਰਕਾਰ ਦੇ ਨਵੇਂ ਫੈਸਲਿਆਂ ਨਾਲ ਮਨਰੇਗਾ ਅਧੀਨ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਰੋਜ਼ੀ-ਰੋਟੀ ਤੋਂ ਵਾਂਝਾ ਕੀਤਾ ਜਾ ਰਿਹਾ ਹੈ ਤੇ ਹੁਣ ਮਜ਼ਦੂਰ ਆਪਣੇ ਹੱਕ ਅਨੁਸਾਰ ਕੰਮ ਦੀ ਮੰਗ ਵੀ ਨਹੀਂ ਕਰ ਸਕਣਗੇ। ਮਾਨਿਕ ਸੋਈ ਨੇ ਕਿਹਾ ਕਿ ਪੰਜਾਬ ਦੇ ਲੋਕ ਬਹੁਤ ਸਮਝਦਾਰ ਹਨ, ਜਿਨ੍ਹਾਂ ਭਾਜਪਾ ਨੂੰ ਸੂਬੇ ਅੰਦਰ ਕਦੇ ਆਪਣਾ ਵਜੂਦ ਕਾਇਮ ਨਹੀਂ ਕਰਨ ਦਿੱਤਾ, ਜਿਸ ਕਰਕੇ ਭਾਜਪਾ ਦੀ ਕੇਂਦਰ ਸਰਕਾਰ ਅਸਿੱਧੇ ਤੌਰ ’ਤੇ ਲੋਕ ਮਾਰੂ ਕਾਨੂੰਨ ਬਣਾ ਪੰਜਾਬ ’ਤੇ ਲਾਗੂ ਕਰਨਾ ਚਾਹੁੰਦੀ ਹੈ, ਜਿਸ ਦਾ ਸਾਥ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੀ ਦਿੰਦੀ ਹੈ, ਜੋ ਪੰਜਾਬ ਵਾਸੀ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਤੇ ਸੂੁਬਾ ਤੇ ਕੇਂਦਰ ਸਰਕਾਰ ਖ਼ਿਲਾਫ਼ ਸੰਘਰਸ਼ ਵਿੱਢਦੇ ਰਹਿਣਗੇ।

ਮਾਨਿਕ ਸੋਈ ਜ਼ਿਲ੍ਹਾ ਪ੍ਰਧਾਨ ਸੋਸ਼ਲ ਮੀਡੀਆ ਵਿਭਾਗ ਪੰਜਾਬ ਕਾਂਗਰਸ ਫ਼ਿਰੋਜ਼ਪੁਰ



