Punjab

ਚਾਇਨਾ ਡੋਰ ਦੀ ਲਪੇਟ ‘ਚ ਆਇਆ ਮੋਟਰਸਾਈਕਲ ਸਵਾਰ ਨੌਜਵਾਨ, ਮੱਥੇ ਅਤੇ ਨੱਕ ‘ਤੇ ਲੱਗੇ 30 ਟਾਂਕੇ

ਪੱਗ ਬੰਨ੍ਹੀ ਹੋਣ ਕਰਕੇ ਬਚੀ ਜਾਨ

ਗੁਰਦਾਸਪੁਰ, 11 ਜਨਵਰੀ : ਲੋਹੜੀ ਦਾ ਤਿਉਹਾਰ ਨੇੜੇ ਆਉਂਦਿਆਂ ਹੀ ਪਲਾਸਟਿਕ ਡੋਰ ਦਾ ਕਹਿਰ ਸ਼ੁਰੂ ਹੋ ਗਿਆ ਹੈ। ਹਾਲਾਂਕਿ ਇਸ ਵਾਰ ਬਾਜ਼ਾਰ ਵਿੱਚ ਪਲਾਸਟਿਕ ਡੋਰ ਦੀ ਵਿਕਰੀ ਕਾਫੀ ਘੱਟ ਹੋ ਰਹੀ ਹੈ, ਪਰ ਫਿਰ ਵੀ ਇਹ ਡੋਰ ਆਮ ਲੋਕਾਂ ਲਈ ਮੁਸੀਬਤ ਬਣੀ ਹੋਈ ਹੈ। ਸ਼ਨਿਚਰਵਾਰ ਦੇਰ ਸ਼ਾਮ ਪਲਾਸਟਿਕ ਡੋਰ ਦੀ ਲਪੇਟ ਵਿੱਚ ਆਉਣ ਕਾਰਨ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਉਸ ਦੇ ਮੱਥੇ ਅਤੇ ਨੱਕ ‘ਤੇ ਕਰੀਬ 30 ਟਾਂਕੇ ਲੱਗੇ ਹਨ। ਫਿਲਹਾਲ ਉਸ ਦੀ ਹਾਲਤ ਵਿੱਚ ਸੁਧਾਰ ਦੱਸਿਆ ਜਾ ਰਿਹਾ ਹੈ। ਨਿੱਜੀ ਹਸਪਤਾਲ ਵਿੱਚ ਜ਼ੇਰੇ-ਇਲਾਜ ਜਤਿੰਦਰ ਸਿੰਘ (ਨਿਵਾਸੀ ਪੰਧੇਰ) ਨੇ ਦੱਸਿਆ ਕਿ ਉਹ ਸ਼ਨਿਚਰਵਾਰ ਦੇਰ ਸ਼ਾਮ ਆਪਣੇ ਭਰਾ ਦੀ ਦਵਾਈ ਲੈਣ ਜਾ ਰਿਹਾ ਸੀ। ਪਿੰਡ ਕੋਠੇ ਦੇ ਨੇੜੇ ਪਹੁੰਚਣ ‘ਤੇ ਅਚਾਨਕ ਉਹ ਪਲਾਸਟਿਕ ਡੋਰ ਦੀ ਲਪੇਟ ‘ਚ ਆ ਗਿਆ। ਉਸ ਦੇ ਮੱਥੇ ‘ਤੇ ਡੂੰਘੀ ਸੱਟ ਲੱਗੀ। ਉਸ ਨੇ ਤੁਰੰਤ ਆਪਣੇ ਦੋਸਤ ਨੂੰ ਫੋਨ ਕੀਤਾ, ਜਿਸ ਨੇ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ। ਉੱਥੇ ਮੁੱਢਲੀ ਸਹਾਇਤਾ ਤੋਂ ਬਾਅਦ ਉਸ ਨੂੰ ਰੈਫਰ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਉਸ ਦੇ ਦੋਸਤ ਨੇ ਉਸ ਨੂੰ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ। ਉਸ ਨੇ ਦੱਸਿਆ ਕਿ ਘਟਨਾ ਦੇ ਸਮੇਂ ਉਸ ਨੇ ਪੱਗ ਬੰਨ੍ਹੀ ਹੋਈ ਸੀ, ਜਿਸ ਦੇ ਬਾਵਜੂਦ ਉਸ ਨੂੰ ਗੰਭੀਰ ਸੱਟ ਲੱਗੀ। ਹਸਪਤਾਲ ਦੇ ਡਾ. ਹਰਿੰਦਰ ਸਿੰਘ ਦਿਓਲ ਨੇ ਦੱਸਿਆ ਕਿ ਮਰੀਜ਼ ਨੂੰ ਸ਼ਾਮ ਸੱਤ ਵਜੇ ਗੰਭੀਰ ਹਾਲਤ ਵਿੱਚ ਇਲਾਜ ਲਈ ਲਿਆਂਦਾ ਗਿਆ ਸੀ। ਉਹ ਪਲਾਸਟਿਕ ਡੋਰ ਕਾਰਨ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ। ਉਸ ਦੇ ਮੱਥੇ, ਪਲਕਾਂ ਅਤੇ ਨੱਕ ‘ਤੇ ਡੂੰਘੇ ਜ਼ਖਮ ਸਨ ਅਤੇ ਕਾਫੀ ਖ਼ੂਨ ਵੀ ਵਹਿ ਗਿਆ ਸੀ। ਡਾਕਟਰ ਨੇ ਕਿਹਾ ਕਿ ਜੇਕਰ ਨੌਜਵਾਨ ਨੇ ਪੱਗ ਨਾ ਬੰਨ੍ਹੀ ਹੁੰਦੀ ਤਾਂ ਨੁਕਸਾਨ ਹੋਰ ਵੀ ਜ਼ਿਆਦਾ ਹੋ ਸਕਦਾ ਸੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਪਤੰਗਬਾਜ਼ੀ ਲਈ ਪਲਾਸਟਿਕ ਡੋਰ ਦੀ ਵਰਤੋਂ ਨਾ ਕੀਤੀ ਜਾਵੇ। ਇਹ ਡੋਰ ਜਿੱਥੇ ਮਨੁੱਖੀ ਜੀਵਨ ਲਈ ਖਤਰਾ ਹੈ, ਉੱਥੇ ਹੀ ਪੰਛੀਆਂ ਨੂੰ ਵੀ ਭਾਰੀ ਨੁਕਸਾਨ ਪਹੁੰਚਾਉਂਦੀ ਹੈ।

Related Articles

Leave a Reply

Your email address will not be published. Required fields are marked *

Back to top button