Punjab

ਮਜੀਠੀਆ ਦੀ ਪੇਸ਼ੀ ‘ਤੇ ਜਾ ਰਹੇ ਅਕਾਲੀ ਆਗੂਆਂ ‘ਚੋਂ ਕਿਸੇ ਨੂੰ ਰਾਹ ‘ਚ ਘੇਰਿਆ ਤੇ ਕਿਸੇ ਨੂੰ ਘਰੇ ਕੀਤਾ ਨਜ਼ਰਬੰਦ

ਜਗਰਾਉਂ, 2 ਜੁਲਾਈ : ਸੀਨੀਅਰ ਅਕਾਲੀ ਆਗੂ ਬਿਕਰਮਜੀਤ ਸਿੰਘ ਮਜੀਠੀਆ ਨੂੰ ਅੱਜ ਵਿਜਲੈਂਸ ਵੱਲੋਂ ਪੇਸ਼ ਕਰਨ ਤੇ ਮੋਹਾਲੀ ਜਾ ਰਹੇ ਅਕਾਲੀ ਆਗੂਆਂ ਨੂੰ ਕਿਸੇ ਨੂੰ ਰਸਤਿਆਂ ਵਿੱਚ ਅਤੇ ਕਿਸੇ ਨੂੰ ਘਰਾਂ ਵਿੱਚ ਹੀ ਕੀਤਾ ਨਜ਼ਰਬੰਦ। ਜਗਰਾਉਂ ਦੇ ਸਾਬਕਾ ਵਿਧਾਇਕ ਐਸਆਰ ਕਲੇਰ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਪੁਲਿਸ ਨੇ ਰਸਤੇ ਵਿੱਚ ਹੀ ਰੋਕ ਕੇ ਰਾਊਂਡ ਅਪ ਕਰ ਲਿਆ ਜਦਕਿ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੂੰ ਉਨ੍ਹਾਂ ਦੀ ਜਗਰਾਉਂ ਰਿਹਾਇਸ਼ ‘ਤੇ ਹੀ ਪੁਲਿਸ ਨੇ ਨਜ਼ਰਬੰਦ ਕਰ ਲਿਆ। ਜਗਰਾਉਂ ਦੇ ਸਾਬਕਾ ਅਕਾਲੀ ਵਿਧਾਇਕ ਐਸਆਰ ਕਲੇਰ ਆਪਣੇ ਸਾਥੀਆਂ ਨਾਲ ਮੋਹਾਲੀ ਜਾ ਰਹੇ ਸਨ, ਉਨ੍ਹਾਂ ਨੂੰ ਬੱਦੋਵਾਲ ਨੇੜੇ ਪੁਲਿਸ ਨੇ ਰੋਕ ਲਿਆ। ਇਸ ਦੌਰਾਨ ਅਕਾਲੀ ਆਗੂਆਂ ਦੀ ਪੁਲਿਸ ਨਾਲ ਤਿੱਖੀ ਬਹਿਸ ਵੀ ਹੋਈ ਪਰ ਪੁਲਿਸ ਨੇ ਉਨ੍ਹਾਂ ਦੇ ਵਿਰੋਧ ਦੇ ਬਾਵਜੂਦ ਕਿਸੇ ਨੂੰ ਵੀ ਅੱਗੇ ਨਾ ਜਾਣ ਦਿੱਤਾ। ਇਸ ਦੌਰਾਨ ਸਾਬਕਾ ਵਿਧਾਇਕ ਐਸਆਰ ਕਲੇਰ ਨੇ ਉਨ੍ਹਾਂ ਨੂੰ ਰੋਕਣ ਦੀ ਕਾਰਵਾਈ ਤੇ ਕਿਹਾ ਕਿ ਅਫਸੋਸ ਹੈ ਕਿ ਹੁਣ ਪੰਜਾਬ ਵਿੱਚ ਧੱਕੇਸ਼ਾਹੀ ਖਿਲਾਫ਼ ਆਵਾਜ਼ ਵੀ ਨਹੀਂ ਚੁੱਕਣ ਦਿੱਤੀ ਜਾ ਰਹੀ। ਇਹ ਲੋਕਤੰਤਰ ਨਹੀਂ ਧੱਕੇਸ਼ਾਹੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਬਿਕਰਮਜੀਤ ਸਿੰਘ ਮਜੀਠੀਆ ‘ਤੇ ਝੂਠਾ ਪਰਚਾ ਦਰਜ ਕੀਤਾ ਗਿਆ ਹੈ। ਇਸ ਝੂਠੇ ਪਰਚੇ ਨੂੰ ਲੈ ਕੇ ਪੰਜਾਬ ਵਿੱਚ ਸਰਕਾਰ ਖਿਲਾਫ਼ ਲੋਕ ਲਹਿਰ ਨਾ ਉੱਠ ਖੜੀ ਹੋਵੇ ਉਸ ਦੇ ਡਰੋਂ ਅੱਜ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਜਾ ਰਿਹਾ। ਜਗਰਾਉਂ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਅਜੇ ਮੋਹਾਲੀ ਜਾਣ ਲਈ ਰਵਾਨਾ ਹੋਣ ਦੀ ਤਿਆਰੀ ਹੀ ਕਰ ਰਹੇ ਸਨ ਕਿ ਸਵੇਰੇ 8 ਵਜੇ ਦੇ ਕਰੀਬ ਪੁਲਿਸ ਦੀ ਇੱਕ ਟੀਮ ਉਨ੍ਹਾਂ ਦੇ ਤਹਿਸੀਲ ਰੋਡ ਸਥਿਤ ਰਿਹਾਇਸ਼ ‘ਤੇ ਜਾ ਪੁੱਜੀ। ਪੁਲਿਸ ਨੇ ਕਰੀਬ ਤਿੰਨ ਘੰਟੇ ਉਨ੍ਹਾਂ ਦੇ ਘਰ ਵਿੱਚ ਹੀ ਪਹਿਰਾ ਦਿੰਦਿਆਂ ਉਨ੍ਹਾਂ ਨੂੰ ਨਜ਼ਰਬੰਦ ਰੱਖਿਆ।

Related Articles

Leave a Reply

Your email address will not be published. Required fields are marked *

Back to top button