ਐੱਸਏਐੱਸ ਨਗਰ, 23 ਜੁਲਾਈ : ਪੰਜਾਬ ਦੀ ਸਿਆਸਤ ’ਚ ਇਸ ਸਮੇਂ ਗਰਮਾਏ ਮਾਹੌਲ ਦੌਰਾਨ ਹਰ ਕਿਸੇ ਦੀਆਂ ਨਜ਼ਰਾਂ ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ’ਤੇ ਟਿਕੀਆਂ ਹੋਈਆਂ ਹਨ। ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਗਏ ਮਜੀਠੀਆ ਦੀ ਜ਼ਮਾਨਤ ਅਰਜ਼ੀ ’ਤੇ ਮੰਗਲਵਾਰ ਮੁਹਾਲੀ ਅਦਾਲਤ ’ਚ ਕਰੀਬ ਦੋ ਘੰਟੇ ਤਕ ਜ਼ੋਰਦਾਰ ਬਹਿਸ ਹੋਈ। ਇਸ ਮਾਮਲੇ ’ਚ ਇਕ ਦਿਲਚਸਪ ਮੋੜ ਉਦੋਂ ਆਇਆ ਜਦੋਂ ਅਦਾਲਤ ਨੇ ਜੇਲ੍ਹ ’ਚ ਮਜੀਠੀਆ ਦੀ ਬੈਰਕ ਬਦਲਣ ਦੇ ਮਾਮਲੇ ਵਿਚ ਡੀਜੀਪੀ ਜੇਲ੍ਹ ਤੋਂ 2 ਦਿਨਾਂ ਦੇ ਅੰਦਰ ਰਿਪੋਰਟ ਤਲਬ ਕਰ ਲਈ। ਨਾਲ ਹੀ, ਗਰਾਊਂਡ ਆਫ਼ ਅਰੈਸਟ (ਗ੍ਰਿਫ਼ਤਾਰੀ ਦੇ ਕਾਰਨ) ਸਬੰਧੀ ਜਵਾਬ ਵੀ ਸਰਕਾਰ ਵੱਲੋਂ ਅਦਾਲਤ ’ਚ ਦਾਖ਼ਲ ਕਰ ਦਿੱਤਾ ਗਿਆ ਹੈ। ਹੁਣ ਇਸ ਹਾਈ-ਪ੍ਰੋਫਾਈਲ ਕੇਸ ਦੀ ਅਗਲੀ ਸੁਣਵਾਈ 25 ਜੁਲਾਈ ਨੂੰ ਹੋਵੇਗੀ। ਜ਼ਿਕਰਯੋਗ ਹੈ ਕਿ ਵਿਜੀਲੈਂਸ ਨੇ ਮਜੀਠੀਆ ਨੂੰ 25 ਜੂਨ ਨੂੰ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕੀਤਾ ਸੀ। ਸੂਤਰਾਂ ਮੁਤਾਬਕ, ਵਿਜੀਲੈਂਸ ਬਿਊਰੋ ਇਸ ਮਾਮਲੇ ’ਚ ਜਲਦ ਹੀ ਚਾਲਾਨ ਪੇਸ਼ ਕਰਨ ਦੀ ਤਿਆਰੀ ’ਚ ਹੈ, ਤਾਂ ਜੋ ਮਜੀਠੀਆ ’ਤੇ ਆਪਣੀ ਪਕੜ ਹੋਰ ਮਜ਼ਬੂਤ ਕੀਤੀ ਜਾ ਸਕੇ। ਮੁੱਖ ਮੰਤਰੀ ਭਗਵੰਤ ਮਾਨ ਇਸ ਨੂੰ ਆਪਣੀ ਸਰਕਾਰ ਵੱਲੋਂ ਚਲਾਈ ਜਾ ਰਹੀ ਨਸ਼ਿਆਂ ਵਿਰੁੱਧ ਮੁਹਿੰਮ ਦੀ ਵੱਡੀ ਸਫ਼ਲਤਾ ਦੱਸ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਅਰਜ਼ੀ ਦੀ ਸੁਣਵਾਈ ਮੌਕੇ ਪ੍ਰੋਸੀਕਿਊਸ਼ਨ ਕੋਲ ਜਵਾਬ ਦਾਅਵਾ ਤਿਆਰ ਨਹੀਂ ਸੀ, ਜਿਸ ਕਾਰਨ ਉਨ੍ਹਾਂ ਅਦਾਲਤ ’ਚ ਜ਼ਮਾਨਤ ਮਾਮਲੇ ਦੀ ਸੁਣਵਾਈ ਨੂੰ 25 ਜੁਲਾਈ ਤਕ ਮੁਲਤਵੀ ਕਰ ਦਿੱਤਾ ਹੈ।
ਮਜੀਠੀਆ 2 ਅਗਸਤ ਤਕ ਨਿਆਇਕ ਹਿਰਾਸਤ ’ਚ
ਮਜੀਠੀਆ ਦੀ ਗ੍ਰਿਫ਼ਤਾਰੀ ਤੋਂ ਬਾਅਦ, ਵਿਜੀਲੈਂਸ ਦੀਆਂ ਟੀਮਾਂ ਲਗਾਤਾਰ ਉਨ੍ਹਾਂ ਦੀ ਜਾਇਦਾਦ ਦੀ ਜਾਂਚ ਵਿਚ ਲੱਗੀਆਂ ਹੋਈਆਂ ਸਨ। 19 ਜੁਲਾਈ ਨੂੰ ਪਹਿਲੀ ਵਾਰ ਵਿਜੀਲੈਂਸ ਅਤੇ ਨਸ਼ਾ ਤਸਕਰੀ ਕੇਸ ਦੀ ਜਾਂਚ ਕਰ ਰਹੀ ਐੱਸਆਈਟੀ ਵੱਲੋਂ ਚੰਡੀਗੜ੍ਹ ਤੋਂ ਇਲਾਵਾ ਦਿੱਲੀ ਸਥਿਤ ਸੈਨਿਕ ਫਾਰਮ ਵਿਚ ਵੀ ਵਿਜੀਲੈਂਸ ਦੀ ਟੀਮ ਨੇ ਛਾਪੇਮਾਰੀ ਕੀਤੀ ਸੀ। ਹਾਲਾਂਕਿ, ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਜਾਇਦਾਦ ਨਾਲ ਜੁੜੇ ਸਾਰੇ ਦਸਤਾਵੇਜ਼ ਮੌਜੂਦ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਕੋਈ ਗ਼ੈਰ-ਕਾਨੂੰਨੀ ਜਾਇਦਾਦ ਨਹੀਂ ਹੈ। ਉਨ੍ਹਾਂ ਇਹ ਵੀ ਭਰੋਸਾ ਦਿਵਾਇਆ ਕਿ ਉਹ ਜਾਂਚ ਵਿਚ ਪੂਰਾ ਸਹਿਯੋਗ ਕਰ ਰਹੇ ਹਨ। ਮਜੀਠੀਆ ਇਸ ਸਮੇਂ 2 ਅਗਸਤ ਤਕ ਨਾਭਾ ਜੇਲ੍ਹ ’ਚ ਨਿਆਇਕ ਹਿਰਾਸਤ ’ਚ ਹਨ।
ਮਜੀਠੀਆ ਨੇ ਲਗਾਈਆਂ ਅਦਾਲਤ ’ਚ ਤਿੰਨ ਮੁੱਖ ਪਟੀਸ਼ਨਾਂ
ਬੈਰਕ ਬਦਲਣ ਦੀ ਮੰਗ : ਉਨ੍ਹਾਂ ਦੇ ਵਕੀਲਾਂ ਨੇ ਅਪੀਲ ਕੀਤੀ ਹੈ ਕਿ ਇਕ ਵਿਧਾਇਕ ਅਤੇ ਸਾਬਕਾ ਮੰਤਰੀ ਹੋਣ ਦੇ ਨਾਤੇ, ਜੇਲ੍ਹ ਨਿਯਮਾਂ (ਜੇਲ੍ਹ ਮੈਨੂਅਲ) ਅਨੁਸਾਰ ਉਨ੍ਹਾਂ ਨੂੰ ‘ਔਰੇਂਜ ਕੈਟਾਗਰੀ’ ਦੀਆਂ ਵਿਸ਼ੇਸ਼ ਸਹੂਲਤਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ ਅਤੇ ਉਨ੍ਹਾਂ ਨੂੰ ਦੂਜੇ ਕੈਦੀਆਂ ਤੋਂ ਵੱਖ ਰੱਖਿਆ ਜਾਣਾ ਚਾਹੀਦਾ ਹੈ। ਗ੍ਰਿਫ਼ਤਾਰੀ ਦੇ ਕਾਰਨਾਂ ਤੇ ਜੇਲ੍ਹ ਮੈਨੂਅਲ ਦੀ ਕਾਪੀ ਦੀ ਮੰਗ: ਉਨ੍ਹਾਂ ਨੇ ਅਦਾਲਤ ਤੋਂ ਗ੍ਰਿਫ਼ਤਾਰੀ ਦੇ ਕਾਰਨਾਂ (ਗਰਾਊਂਡ ਆਫ਼ ਅਰੈਸਟ) ਅਤੇ ਜੇਲ੍ਹ ਮੈਨੂਅਲ ਦੀ ਕਾਪੀ ਮੁਹੱਈਆ ਕਰਵਾਉਣ ਦੀ ਵੀ ਮੰਗ ਕੀਤੀ ਹੈ। ਜ਼ਮਾਨਤ ਦੀ ਅਪੀਲ: ਇਸ ਮਾਮਲੇ ’ਚ ਪੰਜਾਬ ਸਰਕਾਰ ਨੂੰ ਨੋਟਿਸ ਭੇਜਿਆ ਗਿਆ ਹੈ ਅਤੇ ਇਸ ‘ਤੇ ਸੁਣਵਾਈ ਜਾਰੀ ਹੈ। ਮਜੀਠੀਆ ਦੀ ਜ਼ਮਾਨਤ ਅਰਜ਼ੀ ’ਤੇ ਅਗਲੀ ਸੁਣਵਾਈ ਤੋਂ ਪਹਿਲਾਂ, ਸਾਰਿਆਂ ਦੀਆਂ ਨਜ਼ਰਾਂ ਜੇਲ੍ਹ ਡੀਜੀਪੀ ਦੀ ਰਿਪੋਰਟ ਅਤੇ ਸਰਕਾਰ ਦੇ ਜਵਾਬ ’ਤੇ ਟਿਕੀਆਂ ਹੋਈਆਂ ਹਨ, ਜਿਸ ਨਾਲ ਇਸ ਮਾਮਲੇ ਦੀ ਅਗਲੀ ਦਿਸ਼ਾ ਤੈਅ ਹੋਵੇਗੀ।
URL Copied