
ਕਪੂਰਥਲਾ, 23 ਜੁਲਾਈ: ਕਪੂਰਥਲਾ ਦੀ ਪੁਰਾਣੀ ਸਬਜ਼ੀ ਮੰਡੀ ਇਲਾਕੇ ਵਿੱਚ ਅੱਧੀ ਰਾਤ ਨੂੰ ਇੱਕ ਖਸਤਾਹਾਲ ਇਮਾਰਤ ਡਿੱਗ ਗਈ । ਜਿਸਦੇ ਨਾਲ ਇਮਾਰਤ ਦੇ ਸਾਹਮਣੇ ਤੋਂ ਲੰਘ ਰਹੀਆਂ ਬਿਜਲੀ ਦੀਆਂ ਤਾਰਾਂ ਉੱਤੇ ਮਲਬਾ ਡਿੱਗਣ ਨਾਲ ਤਾਰਾਂ ਅਤੇ ਆਸ-ਪਾਸ ਲੱਗੇ ਬਿਜਲੀ ਦੇ ਖੰਭੇ ਟੁੱਟ ਗਏ ਅਤੇ ਪੂਰੇ ਇਲਾਕੇ ਦੀ ਬਿਜਲੀ ਸਪਲਾਈ ਠੱਪ ਹੋ ਗਈ । ਹਾਲਾਂਕਿ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ । ਇੱਥੇ ਇਹ ਜ਼ਿਕਰਯੋਗ ਕਿ ਸਬਜ਼ੀ ਮੰਡੀ ਵਿੱਚ ਦਿਨ ਦੇ ਸਮੇਂ ਕਾਫ਼ੀ ਭੀੜ ਹੁੰਦੀ ਹੈ । ਜੇਕਰ ਦਿਨ ਦੇ ਸਮੇਂ ਇਹ ਹਾਦਸਾ ਹੁੰਦਾ ਤਾਂ ਬਹੁਤ ਨੁਕਸਾਨ ਹੋ ਸਕਦਾ ਸੀ । ਸਬਜ਼ੀ ਮੰਡੀ ਦੁਕਾਨਦਾਰਾਂ ਵਲੋਂ ਮਿਲੀ ਜਾਣਕਾਰੀ ਦੇ ਅਨੁਸਾਰ ਇਹ ਖਸਤਾਹਾਲ ਇਮਾਰਤ ਪਿਛਲੇ 8-9 ਸਾਲਾਂ ਤੋਂ ਬੰਦ ਪਈ ਸੀ । ਇਹ ਇਮਾਰਤ ਲਗਪਗ 100 ਸਾਲ ਪੁਰਾਣੀ ਹੈ । ਇਸ ਵਿੱਚ ਕਿਸੇ ਸਮੇਂ ਬਾਲੀ ਸਮੋਸੇ ਵਾਲੇ ਦੀ ਦੁਕਾਨ ਹੋਇਆ ਕਰਦੀ ਸੀ । ਜਿਸ ਦੇ ਦੇਹਾਂਤ ਦੇ ਬਾਅਦ ਤੋਂ ਇਹ ਇਮਾਰਤ ਬੰਦ ਪਈ ਸੀ । ਇਹ ਵੀ ਜ਼ਿਕਰਯੋਗ ਹੈ ਕਿ ਮੰਗਲਵਾਰ ਤੋਂ ਕਪੂਰਥਲਾ ਵਿੱਚ ਹੋ ਰਹੀ ਮੂਸਲੇਧਾਰ ਬਾਰਿਸ਼ ਦੇ ਬਾਅਦ ਅੱਜ ਬੁੱਧਵਾਰ ਸਵੇਰੇ-ਸਵੇਰੇ ਲਗਪਗ 2 : 30 ਵਜੇ ਇਹ ਇਮਾਰਤ ਅਚਾਨਕ ਡਿੱਗ ਗਈ । ਜਿਸਦੀ ਆਵਾਜ਼ ਸੁਣ ਕੇ ਇਲਾਕੇ ਦੇ ਲੋਕ ਬਾਹਰ ਆ ਗਏ । ਹਾਲਾਂਕਿ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ, ਪ੍ਰੰਤੂ ਪੂਰੇ ਇਲਾਕੇ ਦੀ ਬਿਜਲੀ ਸਪਲਾਈ ਪੂਰੀ ਤਰ੍ਹਾਂ ਨਾਲ ਠੱਪ ਹੋ ਗਈ ਹੈ । ਉੱਥੇ ਹੀ ਇਮਾਰਤ ਦਾ ਮਲਬਾ ਬਿਜਲੀ ਦੀਆਂ ਤਾਰਾਂ ਉੱਤੇ ਡਿੱਗਣ ਨਾਲ ਆਸ-ਪਾਸ ਲੱਗੇ ਕਈ ਬਿਜਲੀ ਦੇ ਖੰਭੇ ਟੁੱਟ ਗਏ ਹਨ, ਜਿਸਦੀ ਸੂਚਨਾ ਪਾਵਰਕਾਮ ਵਿਭਾਗ ਨੂੰ ਦੇ ਦਿੱਤੀ ਗਈ ਹੈ ।ਘਟਨਾ ਸਥਾਨ ਉੱਤੇ ਇਮਾਰਤ ਦੇ ਮਲਬੇ ਨੂੰ ਹਟਾਉਣ ਦਾ ਕੰਮ ਚੱਲ ਰਿਹਾ ਹੈ ।



