ਭ੍ਰਿਸ਼ਟਾਚਾਰ ਵਿਰੋਧੀ ਜਾਗਰੂਕਤਾ ਹਫ਼ਤਾ 27 ਅਕਤੂਬਰ ਤੋਂ 2 ਨਵੰਬਰ 2025 ਤੱਕ
ਵਿਜੀਲੈਂਸ ਬਿਊਰੋ ਵੱਲੋਂ ਵੱਖ-ਵੱਖ ਪ੍ਰੋਗਰਾਮਾਂ ਰਾਹੀਂ ਲੋਕਾਂ ਨੂੰ ਕੀਤਾ ਜਾਵੇਗਾ ਜਾਗਰੂਕ

ਬਾਲ ਕਿਸ਼ਨ
ਫਿਰੋਜ਼ਪੁਰ, 26 ਅਕਤੂਬਰ : ਪੰਜਾਬ ਸਰਕਾਰ ਅਤੇ ਮਾਨਯੋਗ ਮੁੱਖ ਡਾਇਰੈਕਟਰ, ਵਿਜੀਲੈਂਸ ਬਿਊਰੋ ਪੰਜਾਬ, ਸ੍ਰੀ ਪ੍ਰਵੀਨ ਕੁਮਾਰ ਸਿਨਹਾ, ਆਈ.ਪੀ.ਐਸ. ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਿਜੀਲੈਂਸ ਬਿਊਰੋ ਪੰਜਾਬ ਵੱਲੋਂ ਆਬਜਰਵੇਸ਼ਨ ਆਫ ਵਿਜੀਲੈਂਸ ਅਵੇਅਰਨੈੱਸ ਵੀਕ–2025, ਚੌਕਸੀ :- ”ਸਾਡੀ ਸਾਂਝੀ ਜ਼ਿੰਮੇਵਾਰੀ” ਦੇ ਉਦੇਸ਼ ਨੂੰ ਲੈ ਕੇ ਵਿਜੀਲੈਂਸ ਜਾਗਰੂਕਤਾ ਹਫ਼ਤਾ 27 ਅਕਤੂਬਰ ਤੋਂ 2 ਨਵੰਬਰ 2025 ਤੱਕ ਮਨਾਇਆ ਜਾ ਰਿਹਾ ਹੈ। ਇਸ ਦੀ ਪਾਲਣਾ ਵਿੱਚ ਸ਼੍ਰੀ ਮਨਜੀਤ ਸਿੰਘ, ਪੀ.ਪੀ.ਐਸ., ਸੀਨੀਅਰ ਕਪਤਾਨ ਵਿਜੀਲੈਂਸ ਬਿਊਰੋ, ਰੇਂਜ ਫਿਰੋਜ਼ਪੁਰ ਦੀ ਅਗਵਾਈ ਹੇਠ ਇੰਸਪੈਕਟਰ ਅਮਰਿੰਦਰ ਸਿੰਘ, ਦਫਤਰ ਉਪ ਕਪਤਾਨ ਪੁਲਿਸ, ਵਿਜੀਲੈਂਸ ਬਿਊਰੋ ਯੂਨਿਟ ਫਿਰੋਜ਼ਪੁਰ ਵੱਲੋਂ ਭ੍ਰਿਸ਼ਟਾਚਾਰ ਵਿਰੋਧੀ ਜਾਗਰੂਕਤਾ ਹਫ਼ਤੇ ਦੌਰਾਨ ਕਈ ਵੱਖ ਵੱਖ ਜ਼ਿਲ੍ਹਾ ਪੱਧਰੀ ਅਤੇ ਪੇਂਡੂ ਖੇਤਰ ਵਿੱਚ ਸੈਮੀਨਾਰ ਆਯੋਜਿਤ ਕੀਤੇ ਜਾਣਗੇ। ਇਹਨਾਂ ਪ੍ਰੋਗਰਾਮਾਂ ਤਹਿਤ ਜ਼ਿਲ੍ਹੇ ਦੀਆਂ ਅਹਿਮ ਜਨਤਕ ਥਾਵਾਂ ‘ਤੇ ਭ੍ਰਿਸ਼ਟਾਚਾਰ ਵਿਰੋਧੀ ਇਸ਼ਤਿਹਾਰ, ਬੈਨਰ ਲਗਾ ਕੇ ਅਤੇ ਸੋਸ਼ਲ ਮੀਡੀਆ ਰਾਹੀਂ ਵੀ ਆਮ ਜਨਤਾ ਨੂੰ ਭ੍ਰਿਸ਼ਟਾਚਾਰ ਵਿਰੁੱਧ ਸੁਚੇਤ ਕੀਤਾ ਜਾਵੇਗਾ। ਇਸ ਹਫ਼ਤੇ ਦਾ ਮੁੱਖ ਉਦੇਸ਼ ਲੋਕਾਂ ਵਿੱਚ ਇਮਾਨਦਾਰੀ ਅਤੇ ਪਾਰਦਰਸ਼ਤਾ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹੈ ਤਾਂ ਜੋ ਸਮਾਜ ਵਿੱਚ ਭ੍ਰਿਸ਼ਟਾਚਾਰ-ਰਹਿਤ ਵਾਤਾਵਰਣ ਬਣ ਸਕੇ। ਇਸ ਮੌਕੇ ਵਿਜੀਲੈਂਸ ਬਿਊਰੋ ਵੱਲੋਂ ਲੋਕਾਂ ਨੂੰ ਵਿਭਾਗ ਦੇ ਕੰਮ-ਕਾਰ, ਸੰਪਰਕ ਨੰਬਰਾਂ ਅਤੇ ਸ਼ਿਕਾਇਤ ਦਰਜ ਕਰਨ ਦੇ ਤਰੀਕਿਆਂ ਬਾਰੇ ਵੀ ਜਾਣਕਾਰੀ ਪ੍ਰਦਾਨ ਕੀਤੀ ਜਾਵੇਗੀ।



