
ਡੇਰਾਬੱਸੀ, 31 ਜੁਲਾਈ : ਅੰਬਾਲਾ-ਚੰਡੀਗੜ੍ਹ ਨੈਸ਼ਨਲ ਹਾਈਵੇ ’ਤੇ ਡੇਰਾਬੱਸੀ ਤੋਂ ਅੱਗੇ ਭੂਸ਼ਣ ਫੈਕਟਰੀ ਦੇ ਕੱਟ ਨੇੜੇ ਬੀਤੀ ਰਾਤ ਦੇ ਹਨੇਰੇ ਵਿਚ ਸੜਕ ’ਤੇ ਇੱਕ ਆਟੋ ਪਲਟ ਗਿਆ। ਹਾਦਸੇ ਵਿਚ ਇੱਕ ਵਿਦਿਆਰਥਣ ਸਮੇਤ ਤਿੰਨ ਲੋਕ ਜ਼ਖ਼ਮੀ ਹੋ ਗਏ, ਜਦੋਂਕਿ ਹਾਦਸੇ ਵਿੱਚ ਆਟੋ ਚਕਨਾਚੂਰ ਹੋ ਗਿਆ। ਸਾਰੇ ਜ਼ਖ਼ਮੀਆਂ ਨੂੰ ਡੇਰਾਬੱਸੀ ਦੇ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਹਾਦਸੇ ਤੋਂ ਬਾਅਦ ਹਾਈਵੇ ’ਤੇ ਕੁਝ ਸਮੇਂ ਲਈ ਆਵਾਜਾਈ ਬੰਦ ਰਹੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਣਕਾਰੀ ਅਨੁਸਾਰ ਇਹ ਹਾਦਸਾ ਬੀਤੀ ਰਾਤ 10 ਵਜੇ ਦੇ ਕਰੀਬ ਵਾਪਰਿਆ। ਅੰਬਾਲਾ ਵੱਲ ਜਾ ਰਹੇ ਆਟੋ ਵਿਚ ਡਰਾਈਵਰ ਵਿਜੇ ਪੁੱਤਰ ਰੂਪ ਚੰਦ ਵਾਸੀ ਪਿੰਡ ਮਿਲਵਾ ਕੁਰੂਕਸ਼ੇਤਰ, ਤੋਂ ਇਲਾਵਾ 16 ਸਾਲਾਂ ਜੀਆ ਪੁੱਤਰੀ ਸੁਭਾਸ਼ ਵਾਸੀ ਦੱਪਰ ਅਤੇ ਵਿਸ਼ਾਲ ਪੁੱਤਰ ਭਾਗ ਰਾਮ ਵਾਸੀ ਵਾਰਡ 12, ਲਾਲੜੂ ਸਵਾਰ ਸਨ। ਅੰਬਾਲਾ-ਚੰਡੀਗੜ੍ਹ ਨੈਸ਼ਨਲ ਹਾਈਵੇ ’ਤੇ ਸਥਿਤ ਭੂਸ਼ਣ ਫੈਕਟਰੀ ਦੇ ਕੱਟ ਨੇੜੇ ਇੱਕ ਰਾਹਗੀਰ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਆਟੋ ਚਾਲਕ ਸੰਤੁਲਨ ਗੁਆ ਬੈਠਾ ਅਤੇ ਪਲਟ ਗਿਆ। ਇਸ ਵਿਚ ਸਵਾਰ ਤਿੰਨੋਂ ਲੋਕ ਜ਼ਖ਼ਮੀ ਹੋ ਗਏ। ਇਸ ਮੌਕੇ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਜਸਵਿੰਦਰ ਸਮੇਤ ਪੁਲਿਸ ਟੀਮ ਨੇ ਤਿੰਨਾਂ ਜ਼ਖ਼ਮੀਆਂ ਨੂੰ ਐਂਬੂਲੈਂਸ ਰਾਹੀਂ ਡੇਰਾਬੱਸੀ ਦੇ ਸਿਵਲ ਹਸਪਤਾਲ ਪਹੁੰਚ ਦਿੱਤਾ ਅਤੇ ਬਾਅਦ ਵਿਚ ਹਾਈਡਰਾ ਦੀ ਮਦਦ ਨਾਲ ਆਟੋ ਨੂੰ ਇੱਕ ਪਾਸੇ ਕਰ ਕੇ ਅੰਬਾਲਾ-ਚੰਡੀਗੜ੍ਹ ਨੈਸ਼ਨਲ ਹਾਈਵੇ ਦੀ ਆਵਾਜਾਈ ਨੂੰ ਬਹਾਲ ਕੀਤਾ ਗਿਆ। ਡੇਰਾਬੱਸੀ ਪੁਲਿਸ ਨੇ ਹਸਪਤਾਲ ’ਚ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।



