
ਝਬਾਲ, 28 ਅਗਸਤ : ਪੰਜਾਬ ਅਤੇ ਹਿਮਾਚਲ ਵਿਚ ਹੋਈ ਬਰਸਾਤ ਨੇ ਜਿੱਥੇ ਆਮ ਲੋਕਾਂ ਦੀਆਂ ਰੋਜ਼ ਮਰਾ ਦੀਆਂ ਜ਼ਰੂਰਤਾਂ ਨੂੰ ਰੋਕ ਕੇ ਰੱਖ ਦਿੱਤਾ ਹੈ। ਉਥੇ ਲਗਾਤਾਰ ਹੋ ਰਹੀ ਬਾਰਿਸ਼ ਨੇ ਲੋਕਾਂ ਦੇ ਕੋਠੇ ਸਿੰਮਣ ਲਗਾ ਦਿੱਤੇ ਹਨ। ਕਈ ਲੋਕਾਂ ਦੇ ਕੋਠੇ ਵੀ ਡਿੱਗਣ ਲੱਗ ਪਏ ਹਨ। ਇਸੇ ਤਹਿਤ ਪਿੰਡ ਖੈਰਦੀਨ ਕੇ ਦੇ ਪ੍ਰਮਜੀਤ ਸਿੰਘ ਪੁੱਤਰ ਸਵਿੰਦਰ ਦੇ ਕੋਠੇ ਦੀ ਛੱਤ ਦੇ ਬਾਲੇ ਟੁੱਟ ਗਏ। ਗਨੀਮਤ ਇਹ ਰਹੀ ਕਿ ਜਦੋਂ ਛੱਤ ਦਾ ਕੁਝ ਹਿੱਸਾ ਡਿੱਗਾ, ਉਸ ਸਮੇਂ ਪਰਿਵਾਰ ਦਾ ਕੋਈ ਵੀ ਜੀਅ ਕਮਰੇ ਵਿਚ ਨਹੀਂ ਸੀ। ਪ੍ਰਮਜੀਤ ਸਿੰਘ ਨੇ ਦੱਸਿਆ ਕਿ ਉਹ ਦਿਹਾੜੀ ਕਰਕੇ ਆਪਣੇ ਪਰਿਵਾਰ ਜਿਸ ਵਿਚ ਉਸ ਦੇ ਤਿੰਨ ਬੱਚੇ ਵੀ ਹਨ, ਇਕ ਕਮਰੇ ਵਿਚ ਰਹਿੰਦਾ ਹੈ। ਉਸਨੇ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਲਈ ਸਿਰ ਲੁਕਾਵਾ ਬਣਾਇਆ ਸੀ। ਜੋ ਇਸ ਮੀਂਹ ਦੇ ਕਾਰਨ ਡਿੱਗ ਪਿਆ।ਜੇਕਰ ਬਾਰਿਸ਼ ਇਸੇ ਤਰ੍ਹਾਂ ਪੈਦੀਂ ਰਹੀ ਤਾਂ ਉਸਨੂੰ ਆਪਣੇ ਬਚਿਆਂ ਸਮੇਤ ਕਿਤੇ ਹੋਰ ਸ਼ਰਨ ਲੈਣੀ ਪੈ ਸਕਦੀ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਜ਼ਿਲ੍ਹਾ ਮੀਤ ਪ੍ਰਧਾਨ ਕਰਨਬੀਰ ਸਿੰਘ ਬੁਰਜ ਨੇ ਕਿਹਾ ਕਿ ਪ੍ਰਸ਼ਾਸਨ ਲੋਕਾਂ ਦੇ ਕੋਠਿਆਂ ਸਬੰਧੀ ਪਿੰਡ ਪਿੰਡ ਜਾ ਕੇ ਹਲਾਤਾਂ ਦਾ ਜਾਇਜ਼ਾ ਲੈ ਕੇ ਉਨ੍ਹਾਂ ਦੀ ਸਹਾਇਤਾ ਕਰਨ।



