ਭਾਰਤ-ਬ੍ਰਿਟੇਨ ਵਪਾਰ ਸਮਝੌਤੇ ਨਾਲ ਪੰਜਾਬ ਦੇ ਬਾਸਮਤੀ ਬਰਾਮਦਕਾਰਾਂ ਦੀ ਵਧੀ ਉਮੀਦ
ਭਾਰਤ ਤੋਂ 1.85 ਲੱਖ ਮੀਟ੍ਰਿਕ ਟਨ ਬਾਸਮਤੀ ਹੋ ਰਹੀ ਬਰਾਮਦ

ਜਸਵਿੰਦਰ ਸਿੰਘ ਸੰਧੂ
ਚੰਡੀਗੜ੍ਹ, 28 ਜੁਲਾਈ : ਪੰਜਾਬ ਦੇ ਬਾਸਮਤੀ ਬਰਾਮਦਕਾਰ ਭਾਰਤ-ਬ੍ਰਿਟੇਨ ਵਿਸ਼ਾਲ ਆਰਥਿਕ ਤੇ ਵਪਾਰ ਸਮਝੌਤੇ (ਸੀਈਟੀਏ) ਤੋਂ ਬਹੁਤ ਉਤਸ਼ਾਹਿਤ ਹਨ। ਇਸ ਸਮਝੌਤੇ ਨਾਲ ਬ੍ਰਿਟੇਨ ਨੂੰ ਵਧੇਰੇ ਬਾਸਮਤੀ ਬਰਾਮਦ ਹੋਵੇਗੀ। ਪੰਜਾਬ ਬਾਸਮਤੀ ਦਾ ਸਭ ਤੋਂ ਵੱਡਾ ਉਤਪਾਦਕ ਤੇ ਨਿਰਯਾਤਕ ਹੈ, ਇਸ ਦਾ ਫਾਇਦਾ ਪੰਜਾਬ ਨੂੰ ਮਿਲਣਾ ਲਾਜ਼ਮੀ ਹੈ। ਇਸ ਸਮੇਂ ਭਾਰਤ ਤੋਂ 1.85 ਲੱਖ ਮੀਟ੍ਰਿਕ ਟਨ ਬਾਸਮਤੀ ਬ੍ਰਿਟੇਨ ਨੂੰ ਨਿਰਯਾਤ ਕੀਤਾ ਜਾ ਰਿਹਾ ਹੈ। ਵਪਾਰ ਸਮਝੌਤੇ ਨਾਲ ਇਸ ਦੀ ਮਾਤਰਾ 2.5 ਲੱਖ ਮੀਟ੍ਰਿਕ ਟਨ (ਐੱਮਟੀ) ਪ੍ਰਤੀ ਸਾਲ ਤੱਕ ਪੁੱਜਣ ਦੀ ਉਮੀਦ ਹੈ। ਭਾਰਤੀ ਬਾਸਮਤੀ ਚੌਲ ਮਿਲਰਜ਼ ਤੇ ਨਿਰਯਾਤਕ ਸੰਘ ਦੇ ਮੀਤ ਪ੍ਰਧਾਨ ਰਣਜੀਤ ਸਿੰਘ ਜੋਸਨ ਦਾ ਕਹਿਣਾ ਹੈ ਕਿ ਵਿਸ਼ਾਲ ਆਰਥਿਕ ਤੇ ਵਪਾਰ ਸਮਝੌਤੇ ਨਾਲ ਭਾਰਤ ਤੋਂ ਬਾਸਮਤੀ ਨਿਰਯਾਤ ਤਾਂ ਵਧੇਗਾ ਹੀ, ਨਾਲ ਹੀ ਪੰਜਾਬ ਨੂੰ ਵੀ ਇਸ ਦਾ ਫਾਇਦਾ ਮਿਲੇਗਾ। ਬ੍ਰਿਟੇਨ ਹਰ ਵਰ੍ਹੇ ਲਗਪਗ 3 ਲੱਖ ਮੀਟ੍ਰਿਕ ਟਨ ਬਾਸਮਤੀ ਦੀ ਦਰਾਮਦ ਕਰਦਾ ਹੈ। ਨਿਰਯਾਤਕਾਂ ਨੂੰ ਉਮੀਦ ਹੈ ਕਿ ਇਸ ਸਮਝੌਤੇ ਨਾਲ ਹੋਰ ਯੂਰਪੀ ਦੇਸ਼ਾਂ ’ਚ ਹੋਣ ਵਾਲੇ ਨਿਰਯਾਤ ’ਚ ਵੀ ਵਾਧਾ ਹੋਵੇਗਾ। ਭਾਰਤ ਦੇਸ਼ ’ਚ ਬਾਸਮਤੀ ਚੌਲ ਦਾ ਸਭ ਤੋਂ ਵੱਡਾ ਉਤਪਾਦਕ ਪੰਜਾਬ ਹੈ, ਜਿਸ ਦਾ ਉਤਪਾਦਨ ਹਿੱਸਾ ਲਗਪਗ 40 ਫ਼ੀਸਦੀ ਹੈ। ਪੰਜਾਬ ਤੋਂ ਬਾਅਦ ਹਰਿਆਣਾ ਤੇ ਹੋਰ ਰਾਜ ਵੀ ਬਾਸਮਤੀ ਦਾ ਉਤਪਾਦਨ ਕਰਦੇ ਹਨ। ਨਿਰਯਾਤਕਾਂ ਅਨੁਸਾਰ ਹੁਣ ਤੱਕ ਭਾਰਤੀ ਨਿਰਯਾਤਕ ਟੈਰਿਫ ਤੇ ਗ਼ੈਰ-ਟੈਰਿਫ ਰੁਕਾਵਟਾਂ ਕਾਰਨ ਨੁਕਸਾਨ ’ਚ ਰਹੇ ਹਨ। ਭੂਰੇ ਚੌਲ ‘ਤੇ ਸੀਮਾ ਟੈਕਸ ਹਟਾਉਣ ਨਾਲ ਬ੍ਰਿਟੇਨ ਨੂੰ ਬਾਸਮਤੀ ਚੌਲ ਦੇ ਨਿਰਯਾਤ ’ਚ ਵਾਧਾ ਹੋਣ ਦੀ ਉਮੀਦ ਹੈ। ਅਰਧ-ਮਿਲਡ ਜਾਂ ਪੂਰੀ ਤਰ੍ਹਾਂ ਮਿਲਡ ਚੌਲ ‘ਤੇ ਟੈਕਸ ’ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਇਸ ਸਮੇਂ, ਭੂਰੇ ਚੌਲ ਬ੍ਰਿਟੇਨ-ਭਾਰਤ ਮੁਕਤ ਵਪਾਰ ਸਮਝੌਤੇ ਤਹਿਤ ਟੈਕਸ-ਮੁਕਤ ਹੈ। ਟੈਕਸ-ਮੁਕਤ ਵਿਵਸਥਾ ਭਾਰਤੀ ਖੇਤੀਬਾੜੀ ਤੇ ਫੂਡ ਪ੍ਰੋਸੈਸਿੰਗ ਇਕਾਈਆਂ ਲਈ ਬ੍ਰਿਟੇਨ ਦੇ ਪ੍ਰੀਮੀਅਮ ਬਾਜ਼ਾਰ ਦਾ ਰਸਤਾ ਖੋਲ੍ਹਦਾ ਹੈ, ਕਿਉਂਕਿ ਟੈਕਸ ਜਰਮਨੀ, ਨੀਦਰਲੈਂਡ ਤੇ ਹੋਰ ਯੂਰਪੀ ਸੰਘ ਦੇ ਦੇਸ਼ਾਂ ਦੇ ਨਿਰਯਾਤਕਾਂ ਦੇ ਅਨੁਰੂਪ ਹੁੰਦੇ ਹਨ। ਰਣਜੀਤ ਸਿੰਘ ਜੋਸਨ ਨੇ ਕਿਹਾ ਕਿ ਹੁਣ ਤੱਕ, ਭਾਰਤੀ ਨਿਰਯਾਤਕ ਟੈਰਿਫ ਤੇ ਗ਼ੈਰ-ਟੈਰਿਫ ਰੁਕਾਵਟਾਂ ਕਾਰਨ, ਖ਼ਾਸ ਕਰ ਕੇ ਪਾਕਿਸਤਾਨ ਦੀ ਤੁਲਨਾ ’ਚ ਨੁਕਸਾਨ ਵਿਚ ਸਨ। ਇਸ ਸਮੇਂ ਭਾਰਤ ਲਗਪਗ 55 ਫ਼ੀਸਦੀ ਮਾਰਕੀਟ ਹਿੱਸੇਦਾਰੀ ਨਾਲ ਇਕ ਪ੍ਰਮੁੱਖ ਨਿਰਯਾਤਕ ਹੈ, ਜਦਕਿ ਪਾਕਿਸਤਾਨ ਦੀ 45 ਫ਼ੀਸਦੀ ਹਿੱਸੇਦਾਰੀ ਹੈ। ਹੌਲੀ-ਹੌਲੀ, ਪਿਛਲੇ ਕੁਝ ਸਾਲਾਂ ’ਚ ਭਾਰਤ ਤੋਂ ਬ੍ਰਿਟੇਨ ਨੂੰ ਬਾਸਮਤੀ ਦਾ ਨਿਰਯਾਤ ਵਧਿਆ ਹੈ। 2021-22 ’ਚ ਇਹ 1.29 ਲੱਖ ਮੀਟ੍ਰਿਕ ਟਨ ਸੀ, ਜੋ 2022-23 ’ਚ ਵਧ ਕੇ 1.43 ਲੱਖ ਮੀਟ੍ਰਿਕ ਟਨ ਹੋ ਗਿਆ ਅਤੇ 2023-24 ’ਚ ਭਾਰਤ ਨੇ ਯੂਕੇ ਨੂੰ 1.85 ਲੱਖ ਮੀਟ੍ਰਿਕ ਟਨ ਬਾਸਮਤੀ ਦਾ ਨਿਰਯਾਤ ਕੀਤਾ। ਗੁਆਂਢੀ ਦੇਸ਼ ਪਾਕਿਸਤਾਨ ਬ੍ਰਿਟੇਨ ਨੂੰ ਲਗਪਗ 1.09 ਲੱਖ ਮੀਟ੍ਰਿਕ ਟਨ ਬਾਸਮਤੀ ਨਿਰਯਾਤ ਕਰਦਾ ਹੈ।



