
ਨਡਾਲਾ, 30 ਦਸੰਬਰ : ਬੀਤੇ ਦਿਨੀਂ ਪੰਜਾਬ ਦੇ ਪ੍ਰਸਿੱਧ ਗਾਇਕ ਤੇ ਅਦਾਕਾਰ ਬੱਬੂ ਮਾਨ ਵੱਲੋਂ ਬਲਾਕ ਨਡਾਲਾ ਅਧੀਨ ਪੈਂਦੇ ਪਿੰਡ ਟਾਂਡੀ ਦਾਖਲੀ ਵਿਖੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਲਈ ਰਾਹਤ ਸਮੱਗਰੀ ਵੰਡਣ ਲਈ ਵਿਸ਼ੇਸ਼ ਤੌਰ ‘ਤੇ ਪਹੁੰਚ ਕੀਤੀ ਗਈ। ਇਸ ਦੌਰਾਨ ਹੜ੍ਹ ਪੀੜਤ ਲੋਕਾਂ ਨੂੰ ਗਰਮ ਸੂਟ, ਕੰਬਲ, ਕੋਟ ਤੇ ਬੱਚਿਆਂ ਦੇ ਕੱਪੜੇ ਆਦਿ ਵੰਡੇ ਗਏ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਬਲਾਕ ਨਡਾਲਾ ਪ੍ਰਧਾਨ ਜੋਗਾ ਸਿੰਘ ਅਤੇ ਬਲਾਕ ਬੇਗੋਵਾਲ ਪ੍ਰਧਾਨ ਨਿਰਮਲ ਸਿੰਘ ਮੰਡ ਵੱਲੋਂ ਗਾਇਕ ਬੱਬੂ ਮਾਨ ਨੂੰ ਕਿਸਾਨੀ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਯੂਨੀਅਨ ਦੇ ਆਗੂਆਂ ਨੇ ਸਨਮਾਨ ਸਮਾਰੋਹ ਦੌਰਾਨ ਕਿਹਾ ਕਿ ਬੱਬੂ ਮਾਨ ਨੇ ਆਪਣੀ ਗਾਇਕੀ ਰਾਹੀਂ ਨਾ ਸਿਰਫ਼ ਪੰਜਾਬ ਦਾ ਨਾਮ ਦੇਸ਼-ਵਿਦੇਸ਼ ਵਿਚ ਰੌਸ਼ਨ ਕੀਤਾ ਹੈ, ਸਗੋਂ ਕਿਸਾਨੀ ਅੰਦੋਲਨ ਦੌਰਾਨ ਵੀ ਕਿਸਾਨਾਂ ਦੇ ਹੱਕ ਵਿਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਆਖਿਆ ਕਿ ਬੱਬੂ ਮਾਨ ਹਮੇਸ਼ਾ ਸਮਾਜਿਕ ਅਤੇ ਮਨੁੱਖਤਾ ਦੀ ਭਲਾਈ ਦੇ ਕੰਮਾਂ ਵਿਚ ਅੱਗੇ ਰਹਿੰਦੇ ਹਨ ਅਤੇ ਹੜ੍ਹ ਪੀੜਤਾਂ ਦੀ ਮਦਦ ਲਈ ਉਨ੍ਹਾਂ ਦਾ ਯੋਗਦਾਨ ਸਰਾਹੁਣਯੋਗ ਹੈ। ਇਸ ਮੌਕੇ ਸਾਬਕਾ ਸਰਪੰਚ ਕੁਲਦੀਪ ਸਿੰਘ ਟਾਂਡੀ, ਬਲਾਕ ਨਡਾਲਾ ਪ੍ਰਧਾਨ ਜੋਗਾ ਸਿੰਘ ਇਬਰਾਹੀਮਵਾਲ, ਬਲਾਕ ਬੇਗੋਵਾਲ ਪ੍ਰਧਾਨ ਨਿਰਮਲ ਸਿੰਘ ਮੰਡ, ਨਿਸ਼ਾਨ ਸਿੰਘ ਇਬਰਾਹੀਮਵਾਲ, ਚੇਅਰਮੈਨ ਰਣਜੀਤ ਸਿੰਘ ਬਿੱਲਾ, ਸੇਵਾ ਮੁਕਤ ਡੀਐੱਸਪੀ ਲਖਵਿੰਦਰ ਸਿੰਘ, ਜਸਵਿੰਦਰ ਸਿੰਘ ਕੂਕਾ ਸਮੇਤ ਵੱਡੀ ਗਿਣਤੀ ਵਿਚ ਇਲਾਕੇ ਦੇ ਲੋਕ ਹਾਜ਼ਰ ਸਨ।



