
ਲੁਧਿਆਣਾ, 23 ਅਗਸਤ : ਭਿਆਨਕ ਸੜਕ ਹਾਦਸੇ ਤੋਂ ਬਾਅਦ ਨੌਜਵਾਨ ਨੇ ਆਪਣੇ ਚਚੇਰੇ ਭਰਾ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਹਾਲਤ ਜ਼ਿਆਦਾ ਖਰਾਬ ਹੋਣ ਕਾਰਨ ਉਸ ਦੀ ਮੌਤ ਹੋ ਗਈ। ਇਸ ਮਾਮਲੇ ’ਚ ਥਾਣਾ ਦੁੱਗਰੀ ਦੀ ਪੁਲਿਸ ਨੇ ਗੁਰੂ ਨਾਨਕ ਨਗਰ ਧੂਰੀ ਲਾਈਨ ਵਾਸੀ ਸ਼ਾਮ ਸੁੰਦਰ ਦੀ ਸ਼ਿਕਾਇਤ ’ਤੇ ਜੀਕੇ ਵਿਹਾਰ ਧਾਂਦਰਾ ਰੋਡ ਦੇ ਰਹਿਣ ਵਾਲੇ ਕਮਲਦੀਪ ਬੰਬੀ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਥਾਣਾ ਦੁੱਗਰੀ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਾਉਂਦਿਆਂ ਗੁਰੂ ਨਾਨਕ ਨਗਰ ਦੇ ਵਾਸੀ ਸ਼ਾਮ ਸੁੰਦਰ ਨੇ ਦੱਸਿਆ ਕਿ ਉਹ ਆਪਣੇ ਚਚੇਰੇ ਭਰਾ ਵਿਕਾਸ ਸ਼ਰਮਾ ਨਾਲ ਕੋਈ ਘਰੇਲੂ ਕੰਮ ਕਰ ਕੇ ਘਰ ਵਾਪਸ ਆ ਰਿਹਾ ਸੀ। ਸ਼ਾਮ ਸੁੰਦਰ ਦੇ ਮੁਤਾਬਕ ਦੋਵੇਂ ਆਪੋ-ਆਪਣੇ ਵਾਹਨਾਂ ’ਤੇ ਸਵਾਰ ਸਨ। ਸ਼ਿਕਾਇਤਕਰਤਾ ਨੇ ਪੁਲਿਸ ਨੂੰ ਦੱਸਿਆ ਕਿ ਉਹ ਜਿਵੇਂ ਹੀ ਦੁੱਗਰੀ ਦੇ ਬਾਲ ਭਾਰਤੀ ਸਕੂਲ ਦੇ ਲਾਗੇ ਪਹੁੰਚੇ ਤਾਂ ਇੱਕ ਤੇਜ਼ ਰਫਤਾਰ ਕਾਰ ਨੇ ਵਿਕਾਸ ਸ਼ਰਮਾ ਦੇ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਭਿਆਨਕ ਹਾਦਸੇ ਤੋਂ ਬਾਅਦ ਚਾਲਕ ਕਾਰ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਵਿਕਾਸ ਸ਼ਰਮਾ ਗੰਭੀਰ ਰੂਪ ’ਚ ਫੱਟੜ ਸੀ, ਜਿਸ ਨੂੰ ਸ਼ਾਮ ਸੁੰਦਰ ਤੁਰੰਤ ਡੀਐੱਮਸੀ ਹਸਪਤਾਲ ਲੈ ਗਿਆ। ਵਿਕਾਸ ਆਪਣੇ ਭਰਾ ਦੇ ਹੱਥਾਂ ’ਚ ਹੀ ਬੇਸੁੱਧ ਹੋ ਚੁੱਕਾ ਸੀ, ਜਿਵੇਂ ਹੀ ਉਹ ਹਸਪਤਾਲ ਪਹੁੰਚੇ ਤਾਂ ਡਾਕਟਰਾਂ ਨੇ ਵਿਕਾਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਉਧਰੋਂ ਇਸ ਮਾਮਲੇ ’ਚ ਥਾਣਾ ਦੁੱਗਰੀ ਦੀ ਪੁਲਿਸ ਨੇ ਸ਼ਾਮ ਸੁੰਦਰ ਦੀ ਸ਼ਿਕਾਇਤ ਤੇ ਕਾਰ ਚਾਲਕ ਜੀਕੇ ਵਿਹਾਰ ਧਾਂਦਰਾ ਰੋਡ ਵਾਸੀ ਕਮਲਦੀਪ ਬੰਬੀ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਬਲਬੀਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੂੰ ਜਲਦੀ ਹੀ ਗ੍ਰਿਫਤਾਰ ਕੀਤਾ ਜਾਵੇਗਾ।



