
ਬਰਨਾਲਾ, 10 ਮਾਰਚ : ਲੰਘੀ ਰਾਤ ਭਦੌੜ ਤਿੰਨ ਕੋਨੀ ’ਤੇ ਦੋ ਗੁੱਟਾਂ ਦੀ ਹੋਈ ਆਪਸੀ ਤਕਰਾਰ ’ਤੇ ਗੋਲ਼ੀ ਚੱਲਣ ਦੇ ਮਾਮਲੇ ’ਚ ਭਦੌੜ ਪੁਲਿਸ ਨੇ ਸੱਤ ਜਾਣਿਆਂ ਨੂੰ ਗਿਰਫ਼ਤਾਰ ਕਰ ਕੇ ਲਾਇਸੈਂਸ ਰਿਵਾਲਵਰ ਤੇ ਕਾਰ ਨੂੰ ਬਰਾਮਦ ਕੀਤਾ ਹੈ। ਜ਼ਿਲ੍ਹਾ ਪੁਲਿਸ ਮੁੱਖੀ ਆਈਪੀਐੱਸ ਮੁਹੰਮਦ ਸਰਫ਼ਰਾਜ਼ ਆਲਮ ਨੇ ਦੱਸਿਆ ਕਿ ਭਦੌੜ ਤਿੰਨ ਕੋਨੀ ਤੇ ਇਕ ਫਾਸਟ ਫੂਡ ਦੀ ਦੁਕਾਨ ’ਤੇ ਆਪਸੀ ਤਕਰਾਰ ਤੋਂ ਬਾਅਦ ਕੁਝ ਲੋਕਾਂ ਨੇ ਇਕ ਦੁਕਾਨ ’ਤੇ ਜਾ ਕੇ ਜਿੱਥੇ ਦੋ ਜਾਣਿਆਂ ਨੂੰ ਬੁਰੀ ਤਰ੍ਹਾਂ ਮਾਰ ਕੁੱਟ ਕਰ ਕੇ ਗੰਭੀਰ ਜ਼ਖ਼ਮੀ ਕੀਤਾ, ਉੱਥੇ ਹੀ ਉਨ੍ਹਾਂ ’ਤੇ ਆਪਣੇ ਲਾਇਸੰਸੀ ਰਿਵਾਲਵਰ ਨਾਲ ਗੋਲ਼ੀਆਂ ਚਲਾਈਆਂ। ਇਸ ਘਟਨਾ ’ਤੇ ਤੁਰੰਤ ਐਕਸ਼ਨ ਲੈਂਦਿਆਂ ਭਦੌੜ ਪੁਲਿਸ ਨੇ ਮੋਗਾ ਜ਼ਿਲ੍ਹੇ ਦੇ ਸੱਤ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜ਼ਖ਼ਮੀਆਂ ਨੂੰ ਸਿਵਿਲ ਹਸਪਤਾਲ ਬਰਨਾਲਾ ਵਿਖੇ ਜੇਰੇ ਇਲਾਜ਼ ਭਰਤੀ ਕਰਵਾਇਆ ਗਿਆ ਹੈ। ਐੱਸਐੱਸਪੀ ਬਰਨਾਲਾ ਨੇ ਦੱਸਿਆ ਕਿ ਜ਼ਿਲ੍ਹੇ ’ਚ ਕਿਸੇ ਵੀ ਸ਼ਰਾਰਤੀ ਅਨਸਰ ਜਾਂ ਅਜਿਹੀਆਂ ਹਰਕਤਾਂ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ’ਚ ਸੱਤ ਜਣਿਆਂ ਨੂੰ ਗ੍ਰਿਫ਼ਤਾਰ ਕਰਕੇ ਮਾਨਯੋਗ ਅਦਾਲਤ ’ਚ ਪੇਸ਼ ਕਰਕੇ ਉਨਾਂ ਦਾ ਰਿਮਾਂਡ ਲਿਆ ਜਾਵੇਗਾ। — ਕਾਰ ਤੇ ਰਿਵਾਲਵਰ ਸਣੇ ਸੱਤ ਗ੍ਰਿਫ਼ਤਾਰ ਐੱਸਐੱਚਓ ਥਾਣਾ ਭਦੌੜ ਦੇ ਮੁਖੀ ਇੰਸਪੈਕਟਰ ਹਰਸਿਮਰਨ ਸਿੰਘ ਨੇ ਦੱਸਿਆ ਕਿ ਗੋਲੀ ਚਲਾਉਣ ਤੇ ਮਾਰਕੁੱਟ ਦੇ ਮਾਮਲੇ ’ਚ ਸੱਤ ਵਿਅਕਤੀਆਂ ਨੂੰ ਗਿਰਫ਼ਤਾਰ ਕੀਤਾ ਗਿਆ ਹੈ। ਜਿਨ੍ਹਾਂ ’ਚੋਂ ਗੁਰਪ੍ਰੀਤ ਸਿੰਘ ਪੁੱਤਰ ਬਲਜਿੰਦਰ ਸਿੰਘ ਵਾਸੀ ਬੁਰਦ ਹਮੀਰਾਂ ਜਿਲ੍ਹਾ ਮੋਗਾ, ਰਾਜਵੀਰ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਬੱਧਨੀ ਕਲਾਂ ਜ਼ਿਲ੍ਹਾ ਮੋਗਾ, ਅਵਤਾਰ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਸੈਦੋਕੇ ਜ਼ਿਲ੍ਹਾ ਮੋਗਾ, ਸੁਖਬੀਰ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਸੈਦੋਕੇ ਜ਼ਿਲ੍ਹਾ ਮੋਗਾ, ਸਚਿਨ ਖਾਂ ਪੁੱਤਰ ਜਹੂਰ ਅਲੀ ਵਾਸੀ ਸੈਦੋਕੇ ਜ਼ਿਲ੍ਹਾ ਮੋਗਾ, ਸੁਖਜੀਤ ਸਿੰਘ ਪੁੱਤਰ ਜਗਰੂਪ ਸਿੰਘ ਵਾਸੀ ਸੈਦੋਕੇ ਜ਼ਿਲ੍ਹਾ ਮੋਗਾ ਤੇ ਜਗਸੀਰ ਸਿੰਘ ਸੀਰਾ ਪੁੱਤਰ ਪਰਮਜੀਤ ਸਿੰਘ ਵਾਸੀ ਸੈਦੋਕੇ ਜ਼ਿਲ੍ਹਾ ਮੋਗਾ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਤੋਂ ਇੱਕ ਲਾਇਸੰਸੀ ਰਿਵਾਲਵਰ ਤੇ ਪੀਬੀ 03 ਏਜੈੱਡ 2200 ਨੰਬਰ ਗੱਡੀ ਪੁਲਿਸ ਨੇ ਆਪਣੇ ਕਬਜ਼ੇ ’ਚ ਲੈ ਲਈ ਹੈ। ਇਸ ਮਾਮਲੇ ਦੀ ਡੁੰਘਾਈ ਨਾਲ ਜਾਣਕਾਰੀ ਦਿੰਦਿਆਂ ਇੰਸਪੈਕਟਰ ਹਰਸਿਮਰਨਜੀਤ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਕਰੀਬ 10:30 ਵਜੇ ਰਿਸ਼ੂ ਗਰਗ ਆਪਣੇ ਦੋਸਤਾਂ ਨਾਲ ਤਿੰਨ ਕੋਣੀ ਖਾਣ ਪੀਣ ਗਏ ਸਨ। ਜਿੱਥੇ ਉਸ ਦੀ ਜਗਸੀਰ ਸਿੰਘ ਸੀਰੇ ਨਾਲ ਤਕਰਾਰ ਹੋ ਗਈ। ਇਸੇ ਘਟਨਾ ਨੂੰ ਲੈ ਕੇ ਸੀਰੇ ਨੇ ਆਪਣੇ ਦੋਸਤਾਂ ਨੂੰ ਬੁਲਾ ਕੇ ਰਿਸ਼ੂ ਗਰਗ ਦੇ ਤਾਇਆ ਦਲੀਪ ਚੰਦ ਦੀ ਦੁਕਾਨ ਤੇ ਆਪਣੇ ਸਾਥੀਆਂ ਸਣੇ ਉਸ ਦੇ ਪੁੱਤਰ ਪ੍ਰਿੰਸ ਗਰਗ ਤੇ ਉਸਦੇ ਦੋਸਤ ਹਰਪ੍ਰੀਤ ਸਿੰਘ ਦੀ ਬੁਰੀ ਤਰ੍ਹਾਂ ਮਾਰ ਕੁੱਟ ਕਰਕੇ ਗੋਲੀਆਂ ਚਲਾਈਆਂ ਸਨ। ਇਹ ਘਟਨਾ ਵਾਪਰਦਿਆਂ ਹੀ ਪੁਲਿਸ ਨੇ ਮੌਕੇ ਤੇ ਪੁੱਜ ਕੇ ਜ਼ਖ਼ਮੀ ਪ੍ਰਿੰਸ ਗਰਗ ਤੇ ਹਰਪ੍ਰੀਤ ਸਿੰਘ ਨੂੰ ਸਿਵਿਲ ਹਸਪਤਾਲ ਬਰਨਾਲਾ ’ਚ ਜੇਰੇ ਇਲਾਜ਼ ਦਾਖਲ ਕਰਵਾਇਆ ਸੀ। ਮਾਰਕੁੱਟ ਕਰਨ ਵਾਲਿਆਂ ਨੂੰ ਪੁਲਿਸ ਨੇ ਮੌਕੇ ਤੇ ਹੀ ਦਬੋਚ ਲਿਆ ਸੀ ਤੇ ਕੁਝ ਉਨ੍ਹਾਂ ਵਿੱਚੋਂ ਗੱਡੀ ਤੇ ਭੱਜਣ ਦੀ ਤਾਂਘ ’ਚ ਸਨ। ਭਦੌੜ ਪੁਲਿਸ ਤੇ ਬਰਨਾਲਾ ਪੁਲਿਸ ਨੇ ਉਨ੍ਹਾਂ ਨੂੰ ਵੀ ਦਬੋਚ ਲਿਆ। ਇਸ ਮਾਮਲੇ ਚ ਸੱਤ ਜਣਿਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰਕੇ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ।



