Punjab

ਭਗਵੰਤ ਮਾਨ ਵੱਲੋਂ ਸ਼੍ਰੋਮਣੀ ਕਮੇਟੀ ਸਬੰਧੀ ਅਪਮਾਨਜਨਕ ਟਿੱਪਣੀ ਬੇਹੱਦ ਘਟੀਆ ਹਰਕਤ- ਐਡਵੋਕੇਟ ਧਾਮੀ

ਅੰਮ੍ਰਿਤਸਰ, 9 ਜੂਨ 2025 – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਵੱਲੋਂ ਸ਼੍ਰੋਮਣੀ ਕਮੇਟੀ ਨੂੰ ‘ਸ਼੍ਰੋਮਣੀ ਗੋਲਕ ਪ੍ਰਬੰਧਕ ਕਮੇਟੀ’ ਆਖਣ ‘ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਹੈ ਕਿ ਮੁੱਖ ਮੰਤਰੀ ਦੀ ਇਹ ਟਿੱਪਣੀ ਨਿਰਅਧਾਰ, ਸਿੱਖਾਂ ਦੀਆਂ ਭਾਵਨਾਵਾਂ ਨੂੰ ਸੱਟ ਮਾਰਨ ਵਾਲੀ ਅਤੇ ਸਿੱਖ ਕੌਮ ਦੀ ਸਭ ਤੋਂ ਵੱਡੀ ਧਾਰਮਿਕ ਸੰਸਥਾ ਦੀ ਬੇਅਦਬੀ ਕਰਨ ਵਾਲੀ ਹੈ। ਇਸ ਨੇ ਭਗਵੰਤ ਮਾਨ ਦੀ ਬੌਧਿਕ ਕੰਗਾਲੀ ਦਾ ਸਬੂਤ ਦੇਣ ਦੇ ਨਾਲ ਨਾਲ ਉਸਦੀ ਹਾਉਮੈ ਅਤੇ ਹੌਲੇ ਪੱਧਰ ਦੀ ਪਹੁੰਚ ਨੂੰ ਵੀ ਉਜਾਗਰ ਕੀਤਾ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਅਕਾਲੀ ਲਹਿਰ ਨੇ ਸਦਾ ਸਿੱਖਾਂ ਤੇ ਪੰਜਾਬ ਦੀ ਭਲਾਈ ਲਈ ਲੜਾਈਆਂ ਲੜੀਆਂ। ਅਕਾਲੀ ਯੋਧੀਆਂ ਨੇ ਨਾ ਕੇਵਲ ਦੇਸ਼ ਦੀ ਆਜ਼ਾਦੀ ਲਈ ਆਪਣਾ ਖੂਨ ਵਹਾਇਆ, ਸਗੋਂ ਐਮਰਜੰਸੀ ਵਰਗੇ ਅਧਿਕਾਰ ਖੋਹਣ ਵਾਲੇ ਦੌਰਾਂ ਵਿੱਚ ਵੀ ਸੰਵਿਧਾਨਕ ਅਧਿਕਾਰਾਂ ਦੀ ਰੱਖਿਆ ਲਈ ਅਣਖ ਨਾਲ ਸੰਘਰਸ਼ ਕੀਤਾ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਇਹ ਇਤਿਹਾਸ ਪੜ੍ਹੇ ਕਿ ਅਕਾਲੀ ਤਾਂ ਗੋਲਕਾਂ ਦੀ ਰਖਵਾਲੀ ਲਈ ਆਪਣਾ ਸਭ ਕੁਝ ਕੁਰਬਾਨ ਕਰਦੇ ਆਏ ਹਨ। ਐਡਵੋਕੇਟ ਧਾਮੀ ਨੇ ਕਿਹਾ ਕਿ ਸੱਚ ਤਾਂ ਇਹ ਹੈ ਕਿ ਭਗਵੰਤ ਮਾਨ ਤਾਂ ਖੁਦ ਪੰਜਾਬ ਨੂੰ ਪਰਵਾਸੀਆਂ ਹੱਥੋਂ ਲੁਟਾ ਰਿਹਾ ਹੈ। ਦਿੱਲੀ ਦੀਆਂ ਜੋਕਾਂ ਪੰਜਾਬ ਦੇ ਲੋਕਾਂ ਦੀ ਮਲਕੀਅਤ ਨੂੰ ਭਗਵੰਤ ਮਾਨ ਦੀ ਸਰਪ੍ਰਸਤੀ ਹੇਠ ਚੰਬੜੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਸੰਗਤਾਂ ਸਭ ਸਮਝਦੀਆਂ ਹਨ ਕਿ ਪੰਜਾਬ ਨੂੰ ਕੌਣ ਲੁੱਟ ਰਿਹਾ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨਾ ਸਿਰਫ ਧਾਰਮਿਕ ਪ੍ਰਬੰਧਕ ਸੰਸਥਾ ਹੈ, ਸਗੋਂ ਸਮਾਜਿਕ ਅਤੇ ਸਿੱਖਿਆ ਖੇਤਰ ਵਿੱਚ ਵੀ ਇੱਕ ਆਦਰਸ਼ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਇਹ ਉਹੀ ਸਿੱਖ ਸੰਸਥਾ ਹੈ ਜਿਸ ਨੇ ਮਾਨਵ ਭਲਾਈ ਲਈ ਸਰਕਾਰਾਂ ਤੋਂ ਵਧ ਕੇ ਕਾਰਜ ਕੀਤੇ ਹਨ। ਆਪਣੇ ਸੀਮਤ ਸਾਧਨਾਂ ਨਾਲ ਪੰਜਾਬ ਵਿੱਚ ਲਗਭਗ 100 ਦੇ ਕਰੀਬ ਵਿਦਿਅਕ ਅਦਾਰਿਆਂ ਦੀ ਸਥਾਪਨਾ ਕਰਕੇ ਵਿਦਿਅਕ ਖੇਤਰ ਵਿੱਚ ਇਸ ਖਿੱਤੇ ਅੰਦਰ ਕ੍ਰਾਂਤੀ ਲਿਆਂਦੀ। ਗਰੀਬ ਤੇ ਪਿੱਛੜੇ ਵਰਗ ਦੇ ਵਿਦਿਆਰਥੀਆਂ ਲਈ ਵਿੱਤੀ ਸਹਾਇਤਾ ਦੇ ਨਾਲ ਨਾਲ ਮੈਡੀਕਲ ਤੇ ਇੰਜੀਨੀਅਰਿੰਗ ਕਾਲਜਾਂ ਦੀ ਸਥਾਪਨਾ ਰਾਹੀਂ ਉੱਚ ਸਿੱਖਿਆ ਦਾ ਪ੍ਰਬੰਧ ਕਰਨਾ ਸ਼੍ਰੋਮਣੀ ਕਮੇਟੀ ਦੇ ਸਮਾਜ ਹਿੱਤੂ ਯਤਨਾਂ ਦਾ ਹਿੱਸਾ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਇਹ ਵੀ ਇਤਿਹਾਸ ਦਾ ਹਿੱਸਾ ਹੈ ਕਿ ਇਸੇ ਗੋਲਕ ਤੋਂ ਕੋਵਿਡ ਮਹਾਂਮਾਰੀ ਦੌਰਾਨ ਆਕਸੀਜਨ ਦੇ ਲੰਗਰ ਲਗਾ ਕੇ ਹਜ਼ਾਰਾਂ ਜਿੰਦਗੀਆਂ ਨੂੰ ਬਚਾਇਆ ਗਿਆ, ਅਤੇ ਹਰ ਕਿਸਮ ਦੀ ਕੁਦਰਤੀ ਆਫ਼ਤ ਸਮੇਂ ਸ਼੍ਰੋਮਣੀ ਕਮੇਟੀ ਨੇ ਮਾਨਵ ਭਲਾਈ ਲਈ ਮਿਸਾਲੀ ਸੇਵਾ ਕੀਤੀ। ਕਿਸਾਨੀ ਸੰਘਰਸ਼ ਦੌਰਾਨ ਵੀ ਸਿੱਖ ਸੰਸਥਾ ਨੇ ਜਿੰਮੇਵਾਰ ਤੇ ਮੋਹਰੀ ਭੂਮਿਕਾ ਨਿਭਾਈ, ਜਿਸ ਨਾਲ ਇਹ ਸਾਬਤ ਹੋਇਆ ਕਿ ਸੰਸਥਾ ਹਮੇਸ਼ਾ ਜ਼ਮੀਨ ਨਾਲ ਜੁੜੀ ਆਮ ਲੋਕਾਂ ਦੀ ਆਵਾਜ਼ ਰਹੀ ਹੈ। ਇਸ ਤੋਂ ਇਲਾਵਾ ਸਮਾਜ ਨੂੰ ਮਾਨਵਤਾ, ਨੈਤਿਕਤਾ ਅਤੇ ਧਾਰਮਿਕ ਸਿਧਾਂਤਾਂ ਨਾਲ ਜੋੜਨ ਲਈ ਲਹਿਰਾਂ ਚਲਾਈਆਂ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸਿਆਸੀ ਹੰਕਾਰ ਵਿੱਚ ਆ ਕੇ ਧਾਰਮਿਕ ਸੰਸਥਾਵਾਂ ਨੂੰ ਨਿਸ਼ਾਨਾ ਬਣਾਉਣ ਤੋਂ ਗੁਰੇਜ ਕਰੇ ਅਤੇ ਅਜਿਹੀ ਘਟੀਆ ਬਿਆਨਬਾਜੀ ਕਰਕੇ ਲੋਕਾਂ ਦਾ ਧਿਆਨ ਭਟਕਾਉਣ ਦੀ ਥਾਂ ਪੰਜਾਬ ਦੀ ਨਿਘਰਦੀ ਜਾ ਰਹੀ ਹਾਲਤ ਵੱਲ ਧਿਆਨ ਦੇਵੇ।

Related Articles

Leave a Reply

Your email address will not be published. Required fields are marked *

Back to top button