
ਅੰਮ੍ਰਿਤਸਰ, 4 ਅਗਸਤ : ਪਿੰਗਲਵਾੜਾ ਮੁੱਖ ਦਫ਼ਤਰ ਤਹਿਸੀਲਪੁਰਾ ਜੀਟੀ ਰੋਡ ਅੰਮ੍ਰਿਤਸਰ ਵਿਖੇ ਭਗਤ ਪੂਰਨ ਸਿੰਘ ਜੀ ਦੀ 33ਵੀਂ ਬਰਸੀ ਨੂੰ ਸਮਰਪਿਤ ਆਰੰਭ ਕੀਤੇ ਗਏ ਸਮਾਗਮਾਂ ਦੀ ਲੜੀ ਤਹਿਤ ਪਿੰਗਲਵਾੜਾ ਸੋਸਾਇਟੀ ਆਫ਼ ਓਨਟਾਰੀਓ (ਕੈਨੇਡਾ) ਤੇ ਪਿੰਗਲਵਾੜਾ ਅੰਮ੍ਰਿਤਸਰ ਦੇ ਸਾਂਝੇ ਉੱਦਮ ਨਾਲ ਚੱਲਦੇ ਭਗਤ ਪੂਰਨ ਸਿੰਘ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਮਾਨਾਂਵਾਲਾ, ਭਗਤ ਪੂਰਨ ਸਿੰਘ ਸਕੂਲ ਫ਼ਾਰ ਡੈੱਫ਼, ਭਗਤ ਪੂਰਨ ਸਿੰਘ ਇੰਸਟੀਚਿਊਟ ਫ਼ਾਰ ਸਪੈਸ਼ਲ ਨੀਡਜ਼ ਤੇ ਭਗਤ ਪੂਰਨ ਸਿੰਘ ਸਪੈਸ਼ਲ ਸਕੂਲ ਮਾਨਾਂਵਾਲਾ ਦੇ ਸੀਨੀਅਰ ਕਲਾਸਾਂ ’ਚ ਅੱਵਲ ਰਹਿਣ ਵਾਲੇ ਬੱਚਿਆਂ ਦਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਪਿਛਲੇ ਸਾਲ ਭਗਤ ਪੂਰਨ ਸਿੰਘ ਮਾਨਵਤਾ ਸੇਵਾ ਐਵਾਰਡ ਨਾਲ ਨਿਵਾਜੇ ਜਾ ਚੁੱਕੇ ਰਜਿੰਦਰਪਾਲ ਸਿੰਘ (ਰਿਟਾ. ਗਰੁੱਪ ਕੈਪਟਨ) ਮੁੱਖ ਮਹਿਮਾਨ ਵਜੋਂ ਉਚੇਚੇ ਤੌਰ ’ਤੇ ਪਹੁੰਚੇ। ਇਸ ਸਮਾਗਮ ਦਾ ਆਰੰਭ ਗੁਰਬਾਣੀ ਦੇ ਰਸਭਿੰਨੇ ਸ਼ਬਦ ਨਾਲ ਹੋਇਆ। ਪ੍ਰੋਗਰਾਮ ’ਚ ਭਗਤ ਪੂਰਨ ਸਿੰਘ ਜੀ ਦੀ ਸਮਾਜ ਨੂੰ ਸੇਧ ਦੇਣ ਵਾਲੇ ਨਾਟਕ ਪੇਸ਼ ਕੀਤੇ ਗਏ। ਇਸ ਮੌਕੇ ਭਗਤ ਪੂਰਨ ਸਿੰਘ ਡੈੱਫ਼ ਸਕੂਲ ਮਾਨਾਂਵਾਲਾ ਦੇ ਵਿਦਿਆਰਥੀਆਂ ਵੱਲੋਂ ‘ਪੰਜਾਬੀ ਨੌਜਵਾਨਾਂ ਦੇ ਪ੍ਰਵਾਸ ਤੇ ਦੁਖਾਂਤ’ ’ਤੇ ਨਾਟਕ ਪੇਸ਼ ਕੀਤਾ ਗਿਆ। ਇਸ ਉਪਰੰਤ ਮੁੱਖ ਪ੍ਰਬੰਧਕ ਬੀਬੀ ਇੰਦਰਜੀਤ ਕੌਰ ਨੇ ਦੱਸਿਆ ਕਿ ਪਿੰਗਲਵਾੜਾ ਸੰਸਥਾ ਤੇ ਪਿੰਗਲਵਾੜਾ ਸੋਸਾਇਟੀ ਆਫ਼ ਓਨਟਾਰੀਓ ਦੇ ਸਾਂਝੇ ਪ੍ਰੋਜੈਕਟ ਅਧੀਨ ਚਲਾਏ ਜਾ ਰਹੇ ਭਗਤ ਪੂਰਨ ਸਿੰਘ ਆਦਰਸ਼ ਸੀਨੀਅਰ ਸੈਕੰਡਰੀ ਸਕੂਲ, ਭਗਤ ਪੂਰਨ ਸਿੰਘ ਸਕੂਲ ਫ਼ਾਰ ਡੈੱਫ਼, ਭਗਤ ਪੂਰਨ ਸਿੰਘ ਇੰਸਟੀਚਿਊਟ ਆਫ਼ ਸਪੈਸ਼ਲ ਨੀਡਜ਼ ਤੇ ਭਗਤ ਪੂਰਨ ਸਿੰਘ ਸਪੈਸ਼ਲ ਸਕੂਲ ਦੇ ਪ੍ਰਿੰਸੀਪਲਾਂ ਵੱਲੋ ਸਕੂਲਾਂ ਦੀ ਸਾਲਾਨਾ ਰਿਪੋਰਟ ਪੜ੍ਹੀ ਗਈ। ਇਸ ’ਚੋਂ ਭਗਤ ਪੂਰਨ ਸਿੰਘ ਆਦਰਸ਼ ਸੀਨੀ. ਸੈਕੰਡਰੀ ਸਕੂਲ ਵਿਚ 10ਵੀਂ ਜਮਾਤ ਤੇ 12ਵੀਂ ਜਮਾਤ ਦੇ ਵਿਦਿਆਰਥਣਾਂ ਨੇ ਵਧੀਆ ਅੰਕ ਪ੍ਰਾਪਤ ਕੀਤੇ। 10ਵੀਂ ਤੇ 12ਵੀਂ ਜਮਾਤ ’ਚ ਮੈਰਿਟ ਆਏ ਬੱਚਿਆਂ ਨੂੰ ਪਿੰਗਲਵਾੜਾ ਸੰਸਥਾ ਵੱਲੋਂ ਸਾਈਕਲ ਇਨਾਮ ਵਜੋਂ ਦਿੱਤੇ ਗਏ ਤੇ ਇਸ ਸਕੂਲ ਦੇ ਬੱਚਿਆਂ ਨੇ ਖੇਡਾਂ ਜਿਵੇਂ ਕਿ ਖੋ-ਖੋ, ਵਾਲੀਬਾਲ, ਬਾਸਕਟਬਾਲ, ਯੋਗਾ ਤੇ ਐਥਲੈਟਿਕਸ ’ਚ ਜ਼ੋਨ ਪੱਧਰ, ਜ਼ਿਲ੍ਹਾ ਪੱਧਰ ’ਚ ਵੀ ਮੱਲ੍ਹਾਂ ਮਾਰ ਕੇ ਪਿੰਗਲਵਾੜਾ ਸੰਸਥਾ ਤੇ ਆਪਣੇ ਮਾਤਾ-ਪਿਤਾ ਦਾ ਨਾਂ ਰੋਸ਼ਨ ਕੀਤਾ। ਭਗਤ ਪੂਰਨ ਸਿੰਘ ਸਕੂਲ ਫ਼ਾਰ ਡੈੱਫ਼ (ਗੂੰਗੇ-ਬੋਲੇ) ਸਕੂਲ ਦੇ ਬੱਚਿਆਂ ਨੇ 10ਵੀਂ ਜਮਾਤ ’ਚ ਐੱਨਆਈ ਬੋਰਡ ਦੀ ਪ੍ਰੀਖਿਆ ਫ਼ਸਟ ਡਵੀਜ਼ਨ ’ਚ ਪਾਸ ਕੀਤੀ। ਡੈੱਫ਼ ਸਕੂਲ ਦੇ ਅਧਿਆਪਕਾਂ ਤੇ ਕੋਚ ਨੂੰ ਵਧੀਆ ਕਾਰਗੁਜ਼ਾਰੀ ਲਈ 2000 ਇਨਾਮ ਵਜੋਂ ਦਿੱਤੇ ਗਏ। ਡੈੱਫ਼ ਸਕੂਲ ਦੇ ਬੱਚੇ ਸਿੱਖਿਆ ਪ੍ਰਾਪਤ ਕਰ ਕੇ ਵੱਖ-ਵੱਖ ਕਿੱਤਿਆਂ ’ਚ ਕੰਮ ਕਰ ਰਹੇ ਹਨ। ਕਾਨਪੁਰ ’ਚ ਨੈਸ਼ਨਲ ਜੂਡੋ ਮੁਕਾਬਲਾ ਕੀਤਾ ਗਿਆ, ਜਿਸ ’ਚ ਭਗਤ ਪੂਰਨ ਸਿੰਘ ਸਕੂਲ ਫ਼ਾਰ ਡੈੱਫ਼ ਦੇ ਬੱਚਿਆਂ ਨੇ ਸੋਨੇ ਤੇ ਚਾਂਦੀ ਦੇ ਤਮਗੇ ਹਾਸਲ ਕੀਤੇ। ਭਗਤ ਪੂਰਨ ਸਿੰਘ ਇੰਸਟੀਚਿਊਟ ਫ਼ਾਰ ਸਪੈਸ਼ਲ ਨੀਡਜ਼ ’ਚ 2 ਕੋਰਸ ਕਰਵਾਏ ਜਾ ਰਹੇ ਹਨ। ਇਹ ਕੋਰਸ ਕਰ ਕੇ ਕਾਫ਼ੀ ਬੱਚੇ ਸਰਕਾਰੀ ਨੌਕਰੀਆਂ ਵੀ ਕਰ ਰਹੇ ਹਨ।



